ਆਮ ਖਬਰਾਂ » ਸਿਆਸੀ ਖਬਰਾਂ

ਭਾਰਤ ਦੇ 14ਵੇਂ ਰਾਸ਼ਟਰਪਤੀ ਲਈ ਚੋਣ ਅੱਜ

July 17, 2017 | By

ਚੰਡੀਗੜ: ਭਾਰਤ ਦੇ 14ਵੇਂ ਰਾਸ਼ਟਰਪਤੀ ਲਈ ਚੋਣ ਅੱਜ ਹੋਣ ਜਾ ਰਹੀ ਹੈ, ਜਿਸ ਵਿੱਚ ਐਨਡੀਏ ਉਮੀਦਵਾਰ ਰਾਮ ਨਾਥ ਕੋਵਿੰਦ ਦਾ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਦੇ ਨਾਲ ਮੁਕਾਬਲਾ ਹੈ। ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਨਵੀਂ ਦਿੱਲੀ, ਜਿਥੇ ਵੱਖ ਵੱਖ ਸੂਬਿਆਂ ’ਚੋਂ ਬੈਲੇਟ ਬਕਸੇ ਲਿਆਂਦੇ ਜਾਣਗੇ, ਵਿੱਚ ਹੋਵੇਗੀ। ਵੋਟਰ, ਜਿਨ੍ਹਾਂ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਤੇ ਵਿਧਾਨ ਸਭਾਵਾਂ ਦੇ ਮੈਂਬਰ ਸ਼ਾਮਲ ਹਨ।

ਭਾਜਪਾ ਵੱਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਹਾਲੇ ਤਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ ਜਦੋਂ ਕਿ ਇਸ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਅੰਤਿਮ ਮਿਤੀ 18 ਜੁਲਾਈ ਹੈ। ਬਿਹਾਰ ਦੇ ਸਾਬਕਾ ਰਾਜਪਾਲ ਕੋਵਿੰਦ ਅਤੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਵੱਲੋਂ ਸਮਰਥਨ ਹਾਸਲ ਕਰਨ ਲਈ ਸੂਬਿਆਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਹਨ।

ਐਨਡੀਏ ਉਮੀਦਵਾਰ ਰਾਮ ਨਾਥ ਕੋਵਿੰਦ ਕਾਂਗਰਸ ਉਮੀਦਵਾਰ ਮੀਰਾ ਕੁਮਾਰ ਦੀ ਤਸਵੀਰ

ਐਨਡੀਏ ਉਮੀਦਵਾਰ ਰਾਮ ਨਾਥ ਕੋਵਿੰਦ ਕਾਂਗਰਸ ਉਮੀਦਵਾਰ ਮੀਰਾ ਕੁਮਾਰ ਦੀ ਤਸਵੀਰ

ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਸਮਾਪਤ ਹੋਣ ਜਾ ਰਿਹਾ ਹੈ।

ਮੀਡੀਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿ ਕੁੱਲ 4896 ਵੋਟਰ ਹਨ, ਜਿਨ੍ਹਾਂ ਵਿੱਚ 4120 ਵਿਧਾਇਕ ਅਤੇ 776 ਸੰਸਦ ਮੈਂਬਰ ਸ਼ਾਮਲ ਹਨ। ਲੋਕ ਸਭਾ ਦਾ ਸਪੀਕਰ ਵੋਟ ਪਾ ਸਕਦਾ ਹੈ ਪਰ ਹੇਠਲੇ ਸਦਨ ਵਿੱਚ ਨਾਮਜ਼ਦ ਕੀਤੇ ਜਾਂਦੇ ਐਂਗਲੋ-ਇੰਡੀਅਨ ਭਾਈਚਾਰੇ ਦੇ ਦੋ ਮੈਂਬਰ ਵੋਟ ਨਹੀਂ ਪਾ ਸਕਦੇ। ਰਾਜ ਸਭਾ ਵਿੱਚ ਨਾਮਜ਼ਦ ਕੀਤੇ ਜਾਂਦੇ 12 ਮੈਂਬਰ ਵੀ ਵੋਟ ਨਹੀਂ ਪਾ ਸਕਦੇ।

ਮੀਡੀਏ ਵਿੱਚ ਨਸ਼ਰ ਹੋਈ ਖ਼ਬਰ ਅਨੁਸਾਰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਕੋਲ ਸ਼ਿਵ ਸੈਨਾ ਸਮੇਤ 537683 ਵੋਟਾਂ ਹਨ ਅਤੇ ਤਕਰੀਬਨ 12 ਹਜ਼ਾਰ ਵੋਟਾਂ ਘਟਦੀਆਂ ਹਨ ਪਰ ਬੀਜੇਡੀ, ਟੀਆਰਐਸ ਅਤੇ ਵਾਈਐਸਆਰ ਕਾਂਗਰਸ ਵੱਲੋਂ ਸਮਰਥਨ ਦਾ ਭਰੋਸਾ ਅਤੇ ਅੰਨਾ ਡੀਐਮਕੇ ਧੜਿਆਂ ਵੱਲੋਂ ਸਮਰਥਨ ਦਿੱਤੇ ਜਾਣ ਦੀ ਸੰਭਾਵਨਾ ਕਾਰਨ ਐਨਡੀਏ ਉਮੀਦਵਾਰ ਦਾ ਪਲੜਾ ਭਾਰੀ ਲੱਗ ਰਿਹਾ ਹੈ। ਗ਼ੌਰਤਲਬ ਹੈ ਕਿ 2012 ਚੋਣ ਵਿੱਚ ਪ੍ਰਣਬ ਮੁਖਰਜੀ ਨੂੰ 713763 ਵੋਟਾਂ ਮਿਲੀਆਂ ਸਨ।

ਰਾਸ਼ਟਰਪਤੀ ਦੀ ਚੋਣ ਵਿੱਚ ਲੋਕ ਸਭਾ ਦਾ ਸੈਕਟਰੀ ਜਨਰਲ ਰਿਟਰਨਿੰਗ ਅਫ਼ਸਰ ਹੋਵੇਗਾ। ਕੁੱਲ 32 ਪੋਲੰਿਗ ਸਟੇਸ਼ਨ ਬਣਾਏ ਗਏ ਹਨ। ਚੋਣ ਕਮਿਸ਼ਨ ਵੱਲੋਂ 33 ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਸੰਸਦ ਮੈਂਬਰਾਂ ਤੇ ਵਿਧਾਇਕਾਂ, ਜਿਨ੍ਹਾਂ ਵੱਲੋਂ ਅੱਜ ਵੋਟ ਪਾਈ ਜਾਣੀ ਹੈ, ਦੇ ਵੋਟਿੰਗ ਚੈਂਬਰ ਵਿੱਚ ਆਪਣਾ ਨਿੱਜੀ ਪੈੱਨ ਲਿਜਾਣ ਉਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਵੱਲੋਂ ਬੈਲੇਟ ਪੇਪਰ ਉਤੇ ਵਿਸ਼ੇਸ਼ ਢੰਗ ਨਾਲ ਡਿਜ਼ਾਈਨ ਕੀਤੇ ਮਾਰਕਰ ਪੈੱਨ ਨਾਲ ਨਿਸ਼ਾਨੀ ਲਾਈ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,