March 9, 2011 | By ਸਿੱਖ ਸਿਆਸਤ ਬਿਊਰੋ
ਪੰਜਾਬ ਸਰਕਾਰ ਪੰਜਾਬ ਵਿਚ 1984-97 ਦੌਰਾਨ ਸਿਖਾਂ ਦੇ ਹੋਏ ਕਤਲੇਆਮ ਦੀ ਜਾਂਚ ਲਈ ਨਿਆਇਕ ਕਮਿਸ਼ਨ ਕਾਇਮ ਕਰੇ: ਸਿਖਸ ਫਾਰ ਜਸਟਿਸ
ਕੈਲੀਫੋਰਨੀਆ (8 ਮਾਰਚ 2011): ਨਵੰਬਰ 1984 ਦੀ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਅਤੇ ਦੋਸ਼ੀਆਂ ਖਿਲਾਫ ਭਾਰਤ ਵਿਚ ਤੇ ਕੌਮਾਂਤਰੀ ਕਾਨੂੰਨ ਤਹਿਤ ਬਾਹਰਲੇ ਦੇਸ਼ਾਂ ਵਿਚ ਕਾਨੂੰਨੀ ਲੜਾਈ ਲੜ ਰਹੀ ਜਥੇਬੰਦੀ ਦੇ ਪੰਜਾਬ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਇਸ ਦੀ ਭਾਈਵਾਲੀ ਭਾਜਪਾ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਜਥੇਬੰਦੀ ਦੀ ਤਾਲਮੇਲ ਕਮੇਟੀ ਵੱਲੋਂ ਬੀਤੇ ਦਿਨ ਅੰਗਰੇਜ਼ੀ ਅਤੇ ਪੰਜਾਬੀ ਵਿਚ ਇਕੋ ਸਮੇਂ ਜਾਰੀ ਕੀਤੇ ਗਏ ਇਕ ਅਹਿਮ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਵਿਸਾਰਣ ਤੇ ਇਸ ਸੰਜੀਦਾ ਮੁੱਦੇ ਉੱਤੇ ਸਿਆਸੀ ਰੋਟੀਆਂ ਸੇਕਣ ਜਿਹੇ ਗੈਰ-ਜ਼ਿੰਮੇਵਾਰ ਵਿਹਾਰ ਕਰਕੇ ਅਲੋਚਨਾ ਦਾ ਨਿਸ਼ਾਨਾ ਬਣਾਇਆ।
ਬਿਆਨ ਵਿਚ ਕਿਹਾ ਗਿਆ ਹੈ ਕਿ “ਜਿੱਥੇ ਇਕ ਪਾਸੇ 6 ਮਾਰਚ ਨੂੰ ਸਮੁੱਚਾ ਸਿਖ ਜਗਤ ਹੋਂਦ ਚਿੱਲੜ ਤੇ ਪਟੌਦੀ ਵਿਚ ਸਿਖਾਂ ਦੇ ਹੋਏ ਵਹਿਸ਼ੀਆਨਾ ਕਤਲੇਆਮ ਨੂੰ ਯਾਦ ਕਰਕੇ ਰੋ ਰਿਹਾ ਸੀ ਉੱਥੇ ਦੂਜੇ ਪਾਸੇ ਉਸੇ ਦਿਨ ਬਾਦਲ ਪਿਓ ਪੁੱਤ ਭਾਜਪਾ ਦੇ ਨਾਲ ਮਿਲਕੇ ਫਿਲਮੀ ਸਿਤਾਰਿਆਂ ਦੇ ਸੰਗ ਜਸ਼ਨ ਮਨਾ ਰਹੇ ਸੀ”।
ਨਵੰਬਰ 1984 ਵਿਚ ਬੇਰਹਿਮੀ ਨਾਲ ਕਤਲ ਕੀਤੇ ਗਏ ਸਿਖਾਂ ਦੀ ਯਾਦ ਵਿਚ ਹੋਂਦ ਚਿੱਲੜ ਵਿਚ ਹੋਏ ਭੋਗ ਸਮਾਰੋਹ ਵਿਚ ਸ਼ਾਮਿਲ ਨਾ ਹੋਣ ’ਤੇ ਸਿਖਸ ਫਾਰ ਜਸਟਿਸ ਨੇ ਸ੍ਰੋਮਣੀ ਅਕਾਲੀ ਦਲ (ਬਾਦਲ) -ਭਾਜਪਾ ਦੀ ਖਿਚਾਈ ਕੀਤੀ ਤੇ ਕਿਹਾ ਕਿ ਉਨ੍ਹਾਂ ਨੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਇਸ ਤੋਂ ਪਹਿਲਾਂ ਦੋਵੇਂ ਬਾਦਲ ਪਿਓ ਪੁੱਤ ਹੋਂਦ ਚਿੱਲੜ ਕਾਂਡ ਦੀ ਯਾਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ 4 ਮਾਰਚ ਨੂੰ ਹੋਏ ਭੋਗ ਸਮਾਗਮ ਵਿਚ ਵੀ ਸ਼ਾਮਿਲ ਨਹੀਂ ਸੀ ਹੋਏ।
ਸਿਖਸ ਫਾਰ ਜਸਟਿਸ ਦੀ ਕੋਆਰਡੀਨੇਸ਼ਨ ਕਮੇਟੀ ਅਵਤਾਰ ਸਿੰਘ ਪੰਨੂ, ਡਾ. ਬਖਸ਼ੀਸ਼ ਸਿੰਘ ਸੰਧੂ, ਬਰਜਿੰਦਰ ਸਿੰਘ ਬਰਾੜ, ਚਰਨਜੀਤ ਸਿੰਘ ਹਰਨਾਮਪੁਰੀ, ਮਾਸਟਰ ਮੁਹਿੰਦਰ ਸਿੰਘ, ਪ੍ਰੀਤਮ ਸਿੰਘ ਗਿਲਜੀਆਂ ਤੇ ਦਿਲਬਰ ਸਿੰਘ ਸੇਖੋਂ ਨੇ ਕਿਹਾ ਕਿ ਵੋਟਾਂ ਖਾਤਿਰ ਸਿਖ ਨਸਲਕੁਸ਼ੀ ਦੇ ਪੀੜਤਾਂ ਦੇ ਲਹੂ ਨਾਲ ਖੇਡਣ ਦਾ ਸ੍ਰੋਮਣੀ ਅਕਾਲੀ ਦਲ (ਬਾਦਲ ਪਿਓ ਪੁੱਤ ) ਦਾ ਪੁਰਾਣਾ ਤੇ ਲੰਮਾ ਇਤਿਹਾਸ ਰਿਹਾ ਹੈ। ਸ੍ਰੋਮਣੀ ਅਕਾਲੀ ਦਲ (ਬਾਦਲ) ਨੇ ਪੰਜਾਬ ਵਿਚ ਸਿਖਾਂ ਦੇ ਕਤਲੇਆਮ ਦਾ ਇਨਸਾਫ ਦਿਵਾਉਣ ਦਾ ਨਾਅਰਾ ਦੇਕੇ ਦੋ ਵਾਰ ਚੋਣਾਂ ਜਿੱਤੀਆਂ ਪਰ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਇਕ ਵੀ ਕਦਮ ਨਹੀਂ ਚੁਕਿਆ। ਹੁਣ ਜਦੋਂ ਸਿਖਸ ਫਾਰ ਜਸਟਿਸ ਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਨਵੰਬਰ 1984 ਸਿਖ ਨਸਲਕੁਸ਼ੀ ਦੇ ਮੁੱਦੇ ’ਤੇ ਕੌਮਾਂਤਰੀ ਲਹਿਰ ਸਥਾਪਿਤ ਕਰ ਦਿੱਤੀ ਹੈ ਤਾਂ ਸ੍ਰੋਮਣੀ ਅਕਾਲੀ ਦਲ (ਬਾਦਲ) ਨੇ ਭਾਜਪਾ ਦੇ ਨਾਲ ਮਿਲਕੇ ਪਹਿਲਾਂ ਵਾਂਗ ਇਕ ਵਾਰ ਫਿਰ ਪੀੜਤਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਹੈ।
ਸਿਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਨੇ ਸ੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕਠਪੁਤਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਅਗਵਾਈ ਵਾਲੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਹੋਂਦ ਚਿੱਲੜ ਦੇ ਪੀੜਤਾਂ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦੀ ਸ਼ਲਾਘਾ ਕੀਤੀ ਹੈ ਪਰ ਨਾਲ ਸਿਖਸ ਫਾਰ ਜਸਟਿਸ ਨੇ ਸ੍ਰੋਮਣੀ ਅਕਾਲੀ ਦਲ (ਬਾਦਲ) ਤੇ ਐਸ ਜੀ ਪੀ ਸੀ ਦੀ ਅਲੋਚਨਾ ਕੀਤੀ ਹੈ ਕਿ ਉਨ੍ਹਾਂ ਨੇ ਪੰਜਾਬ ਵਿਚ ਰਹਿੰਦੇ ਨਵੰਬਰ 1984 ਦੇ ਪੀੜਤਾਂ ਨੂੰ 2 ਲੱਖ ਰੁਪਏ ਦੀ ਗਰਾਂਟ ਜਾਰੀ ਨਹੀਂ ਕੀਤੀ।
ਜਗਦੀਸ਼ ਟਾਈਟਲਰ ਦੇ ਖਿਲਾਫ ਅਹਿਮ ਗਵਾਹ ਜਸਬੀਰ ਸਿੰਘ ਅਨੁਸਾਰ ਨਵੰਬਰ 1984 ਦੇ ਪੀੜਤਾਂ ਤੇ ਵਿਧਵਾਵਾਂ ਦਾ ਸ਼ੋਸ਼ਣ ਕਰਨ ਦਾ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਲੰਮਾ ਇਤਿਹਾਸ ਰਿਹਾ ਹੈ। ਅਜਨਾਲਾ ਹਲਕੇ ਦੀ 1994 ਦੀ ਉੱਪ ਚੋਣ ਤੋਂ ਸੁਰੂ ਹੋ ਕੇ 1997 ਤੇ ਫਿਰ 2007 ਦੀਆਂ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ (ਬਾਦਲ) ਨੇ ਪੰਜਾਬ ਵਿਚ ਸਿਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਪੀੜਤਾਂ ਤੇ ਵਿਧਵਾਵਾਂ ਦੀ ਵਰਤੋਂ ਕੀਤੀ ਸੀ ਪਰ ਚੋਣਾਂ ਜਿੱਤਣ ਤੋਂ ਬਾਅਦ ਹਮੇਸ਼ਾ ਅਣਗੌਲਿਆ ਕਰ ਦਿੱਤਾ ਗਿਆ। ਜਸਬੀਰ ਸਿੰਘ ਨੇ ਕਿਹਾ ਕਿ ਇਸ ਦੀ ਇਕ ਮਿਸਾਲ ਇਹ ਹੈ ਕਿ ਹਾਲ ਵਿਚ ਹੀ ਸ਼ਹੀਦ ਗੁਰਸ਼ਰਨ ਸਿੰਘ ਰਿਸ਼ੀ , ਜੋ ਕਿ ਨਵੰਬਰ 1984 ਦਾ ਅੱਧ ਸੜਿਆ ਬੈਡ ’ਤੇ ਪਿਆ ਪੀੜਤ ਸੀ ਤੇ ਸੱਜਣ ਕੁਮਾਰ ਦੇ ਖਿਲਾਫ ਅਹਿਮ ਗਵਾਹ ਸੀ, ਬਾਦਲ ਅਤੇ ਸ੍ਰੋਮਣੀ ਕਮੇਟੀ ਤੋਂ ਗਰਾਂਟ, ਜੋ ਉਨ੍ਹਾਂ ਨੇ ਪਿੰਡ ਬਲੌਂਗੀ ਵਿਖੇ ਜਨਤਕ ਤੌਰ ’ਤੇ ਐਲਾਨੀ ਸੀ, ਦੀ ਮੰਗ ਕਰਦਾ ਕਰਦਾ ਚੜਾਈ ਕਰ ਗਿਆ ਸੀ।
ਜਸਬੀਰ ਸਿੰਘ ਨੇ ਗੁੱਸੇ ਨਾਲ ਕਿਹਾ ਕਿ ਇਸੇ ਤਰਾਂ ਮਰਹੂਮ ਸੁਰਿੰਦਰ ਸਿੰਘ, ਜੋ ਕਿ ਕਈ ਗੁਰਦੁਆਰਿਆਂ ਵਿਚ ਗ੍ਰੰਥੀ ਰਹਿ ਚੁਕਾ ਸੀ ਤੇ ਜੋ ਕਿ ਜਗਦੀਸ਼ ਟਾਈਟਲਰ ਖਿਲਾਫ ਅਹਿਮ ਗਵਾਹ ਸੀ, ਨੂੰ ਦਿੱਲੀ ਵਿਚ ਮਿਲ ਰਹੀਆਂ ਧਮਕੀਆਂ ਦੇ ਕਾਰਨ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਪੰਜਾਬ ਵਿਚ ਗ੍ਰੰਥੀ ਵਜੋਂ ਸਥਾਈ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸ੍ਰੋਮਣੀ ਕਮੇਟੀ ਆਪਣਾ ਉਹ ਵਾਅਦਾ ਪੂਰਾ ਕਰਨ ਵਿਚ ਨਾਕਾਮ ਰਹੀ ਤੇ ਉਸ ਨੂੰ ਦਿੱਲੀ ਵਿਚ ਹੀ ਜਗਦੀਸ਼ ਟਾਈਟਲਰ ਦੇ ਰਹਿਮੋ ਕਰਮ ’ਤੇ ਛਡ ਦਿੱਤਾ ਸੀ ਜਿਥੇ ਉਸ ਨੂੰ 13 ਜੁਲਾਈ 2009 ਨੂੰ ਮਾਰ ਦਿੱਤਾ ਗਿਆ ਸੀ।
ਸਿਖਸ ਫਾਰ ਜਸਟਿਸ ਤੇ ਜਸਬੀਰ ਸਿੰਘ ਨੇ ਨਵੰਬਰ 1984 ਦੇ ਪੀੜਤਾਂ ਨੂੰ ਅਪੀਲ ਕੀਤੀ ਕਿ ਵੋਟਾਂ ਖਾਤਿਰ ਪੀੜਤਾਂ ਦੇ ਖੂਨ ਦਾ ਸੌਦਾ ਕਰਨ ਤੇ ਨਵੰਬਰ 1984 ਦੇ ਮੁੱਦੇ ਨੂੰ ਵਰਤਣ ਦੇ ਸ੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਦੇ ਵਰਤਾਰੇ ਤੋਂ ਸੁਚੇਤ ਰਹਿਣ। ਪੀੜਤਾਂ ਨੂੰ ਬੇਨਤੀ ਹੈ ਕਿ ਉਹ ਨਵੰਬਰ 1984 ਸਿਖ ਨਸਲਕੁਸ਼ੀ ਦਾ ਇਨਸਾਫ ਲੈਣ ਲਈ ਸਿਖਸ ਫਾਰ ਜਸਟਿਸ ਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਸਾਥ ਦੇਣ।
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ 1997 ਵਿਚ ਸ੍ਰੋਮਣੀ ਅਕਾਲੀ ਦਲ (ਬਾਦਲ) ਨੇ ਇਸ ਵਾਅਦੇ ਨਾਲ ਚੋਣਾਂ ਜਿੱਤੀਆਂ ਸਨ ਕਿ 1984 ਤੋਂ 1997 ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਕਤਲ ਕੀਤੇ ਗਏ ਬੇਕਸੂਰ ਸਿਖਾਂ ਦੀ ਜਾਂਚ ਲਈ ਨਿਆਇਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ ਤੇ ਕਤਲ ਕਰਨ ਵਾਲੇ ਪੁਲਿਸ ਅਧਿਕਾਰੀਆਂ ’ਤੇ ਮੁਕਦੱਮਾ ਚਲਾਇਆ ਜਾਵੇਗਾ। ਬਦਨਾਮ ਪੁਲਿਸ ਅਫਸਰ ਇਜਹਾਰ ਆਲਮ ਤੇ ਸੁਮੇਧ ਸੈਣੀ ਦੀ ਉਦਾਹਰਣ ਦਿੰਦਿਆਂ ਅਟਾਰਨੀ ਪੰਨੂ ਨੇ ਕਿਹਾ ਕਿ ਸਿਖਾਂ ਦੇ ਕਾਤਲਾਂ ’ਤੇ ਮੁਕੱਦਮਾ ਚਲਾਉਣ ਦਾ ਆਪਣਾ ਵਾਅਦਾ ਪੂਰਾ ਕਰਨ ਦੀ ਬਜਾਏ ਸ੍ਰੋਮਣੀ ਅਕਾਲੀ ਦਲ(ਬਾਦਲ) ਨੇ ਦੋ ਵਾਰੀ ਸੱਤਾ ਵਿਚ ਆਕੇ ਸਿਖਾਂ ਦੇ ਕਾਤਲਾਂ ਨੂੰ ਬਚਾਇਆ ਤੇ ਉੱਚ ਅਹੁਦੇ ’ਤੇ ਬਿਠਾਇਆ।
ਹੁਣ ਜਦੋਂ ਸ੍ਰੋਮਣੀ ਅਕਾਲੀ ਦਲ (ਬਾਦਲ) ਹੋਂਦ ਚਿੱਲੜ ਕਤਲਾਂ ਲਈ ਹਰਿਆਣਾ ਸਰਕਾਰ ਤੋਂ ਨਿਆਇਕ ਕਮਿਸ਼ਨ ਦੇ ਗਠਨ ਦੀ ਮੰਗ ਕਰ ਰਿਹਾ ਹੈ ਤਾਂ ਅਟਾਰਨੀ ਪੰਨੂ ਨੇ ਸ੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਨ੍ਹਾਂ ਦੇ 1997 ਤੇ 2007 ਦੇ ਚੋਣ ਵਾਅਦਿਆਂ ਤੋਂ ਚੇਤੇ ਕਰਾਇਆ ਜਦੋਂ ਉਨ੍ਹਾਂ ਨੇ 1984 ਤੋਂ 1997 ਦੌਰਾਨ ਹਜ਼ਾਰਾਂ ਹੀ ਬੇਕਸੂਰ ਸਿਖਾਂ ਨੂੰ ਕਤਲ ਕਰਨ ਵਾਲੇ ਪੁਲਿਸ ਅਫਸਰਾਂ ’ਤੇ ਮੁਕੱਦਮਾ ਚਲਾਉਣ ਤੇ ਇਸ ਦੀ ਜਾਂਚ ਲਈ ਪੰਜਾਬ ਵਿਚ ਇਕ ਨਿਆਇਕ ਕਮਿਸ਼ਨ ਦਾ ਗਠਨ ਕਰਨ ਲਈ ਵਾਅਦਾ ਕੀਤਾ ਸੀ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਨਿਆਇਕ ਕਮਿਸ਼ਨ ਦਾ ਗਠਨ ਕਰਨ ਲਈ ਸ੍ਰੋਮਣੀ ਅਕਾਲੀ ਦਲ (ਬਾਦਲ) ਕੋਲ ਸਾਰੀਆਂ ਤਾਕਤਾਂ ਹਨ ਸਿਰਫ ਇੱਛਾ ਸ਼ਕਤੀ ਦੀ ਘਾਟ ਹੈ।
Related Topics: Badal Dal, Hondh Massacre, Punjab Government, Shiromani Gurdwara Parbandhak Committee (SGPC), Sikhs For Justice (SFJ)