ਸਿਆਸੀ ਖਬਰਾਂ

ਬੁਰਹਾਨ ਵਾਨੀ ਅਤੇ ਹੋਰ ਕਸ਼ਮੀਰੀਆਂ ਨੂੰ ਮਾਰਕੇ ਭਾਰਤ ਕਸ਼ਮੀਰ ਵਿਚ ਅਮਨ ਕਾਇਮ ਨਹੀਂ ਕਰ ਸਕਦਾ: ਮਾਨ

July 11, 2016 | By

ਫ਼ਤਹਿਗੜ੍ਹ ਸਾਹਿਬ: “ਸਟੇਟ ਦਹਿਸ਼ਤਗਰਦੀ” ਦੀ ਬਦੌਲਤ ਹੀ ਦੂਸਰੀ ਦਹਿਸ਼ਤਗਰਦੀ ਜਨਮ ਲੈਦੀ ਹੈ, ਜਦੋਂ ਹੁਕਮਰਾਨ ਅਤੇ ਹਕੂਮਤਾਂ ਆਪਣੇ ਹੀ ਮੁਲਕ ਨਿਵਾਸੀਆਂ ਦੇ ਗੰਭੀਰ ਮਸਲਿਆਂ ਨੂੰ ਸਹੀ ਪਹੁੰਚ ਅਪਣਾਕੇ ਹੱਲ ਕਰਨ ਦੀ ਬਜਾਇ ਗੋਲੀ-ਬੰਦੂਕ, ਜ਼ਬਰ-ਜੁਲਮ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲੱਗ ਪੈਣ ਤਾਂ ਜਨਤਾ ਨੂੰ ਹਥਿਆਰ ਚੁੱਕਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ?

ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਕਸ਼ਮੀਰ ਵਿਚ ਹਿਜ਼ਬੁਲ ਮੁਜਾਹਦੀਨ ਦੇ ਆਗੂ ਬੁਰਹਾਨ ਵਾਨੀ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦੇਣ ਅਤੇ ਉਥੋਂ ਦੇ ਮੁਸਲਿਮ ਨਿਵਾਸੀਆਂ ਉਤੇ ਹੋ ਰਹੇ ਜਬਰ-ਜ਼ੁਲਮ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਕ ਪਾਸੇ ਹਿੰਦੂ ਵੀਰ ਸੰਗੀਨਾਂ ਦੇ ਸਾਏ ਹੇਠ ਅਮਨਾਥ ਦੀ ਯਾਤਰਾ ਕਰਕੇ ਪੂਜਾ ਕਰ ਰਹੇ ਹਨ ਅਤੇ ਦੂਸਰੇ ਪਾਸੇ ਉਸ ਕੁਦਰਤ ਅਕਾਲ ਪੁਰਖ ਦੀ ਪੈਦਾਇਸ ਕਸ਼ਮੀਰ ਵਿਚ ਵੱਸਣ ਵਾਲੇ ਮੁਸਲਿਮ ਜਾਂ ਸਿੱਖ ਨੌਜ਼ਵਾਨਾਂ ਨੂੰ ਨਿਸ਼ਾਨਾਂ ਬਣਾਕੇ ਅਣਮਨੁੱਖੀ ਗੈਰ-ਧਾਰਮਿਕ ਅਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਕਿਸ ਤਰ੍ਹਾਂ ਦੀ ਪੂਜਾ ਅਤੇ ਯਾਤਰਾ ਹੈ, ਜੋ ਉਥੋਂ ਦੇ ਕਸ਼ਮੀਰੀ ਮੁਸਲਮਾਨਾਂ ਜਾਂ ਸਿੱਖਾਂ ਉਤੇ ਜਬਰ-ਜ਼ੁਲਮ ਕਰਕੇ ਉਹਨਾਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਕੇ ਕੀਤੀ ਜਾ ਰਹੀ ਹੈ?

ਹਿਜ਼ਬੁਲ ਮੁਜਾਹਦੀਨ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਉਸਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਪਹੁੰਚੇ ਹਜ਼ਾਰਾਂ ਕਸ਼ਮੀਰੀ

ਹਿਜ਼ਬੁਲ ਮੁਜਾਹਦੀਨ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਉਸਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਪਹੁੰਚੇ ਹਜ਼ਾਰਾਂ ਕਸ਼ਮੀਰੀ

ਉਹਨਾਂ ਕਿਹਾ ਕਿ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 1836 ਵਿਚ ਜਦੋਂ ਲੇਹ-ਲਦਾਖ ਖ਼ਾਲਸਾ ਰਾਜ ਦਾ ਹਿੱਸਾ ਸੀ, ਤਾਂ ਉਸ ਸਮੇਂ ਖ਼ਾਲਸਾ ਰਾਜ ਦੀਆਂ ਫ਼ੌਜਾਂ ਨੇ ਅਫਗਾਨਿਸਤਾਨ ਦੇ ਕਸ਼ਮੀਰ ਸੂਬੇ ਨੂੰ ਫ਼ਤਹਿ ਕਰਕੇ ਖ਼ਾਲਸਾ ਰਾਜ ਦੀਆਂ ਹੱਦਾਂ ਵਿਚ ਸ਼ਾਮਿਲ ਕੀਤਾ ਸੀ। ਲੇਕਿਨ ਅੱਜ ਅੱਧਾ ਕਸ਼ਮੀਰ ਪਾਕਿਸਤਾਨ ਦੇ ਅਧੀਨ ਹੈ ਅਤੇ ਅੱਧਾ ਕਸ਼ਮੀਰ ਹਿੰਦੂਸਤਾਨੀ ਹੁਕਮਰਾਨਾਂ ਦੇ। ਉਹਨਾਂ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਦੇ ਗਵਰਨਰ ਵੋਹਰਾ ਨੂੰ ਅਨੇਕਾ ਵਾਰ ਕਸ਼ਮੀਰ ਵਿਚ ਹੋਣ ਵਾਲੇ ਘੱਟ ਗਿਣਤੀ ਕੌਮਾਂ ਉਤੇ ਜ਼ੁਲਮ ਦਾ ਵੇਰਵਾ ਦਿੰਦੇ ਹੋਏ ਇਨਸਾਫ਼ ਦੇਣ ਦੀ ਆਵਾਜ਼ ਨੂੰ ਉਠਾ ਚੁੱਕੇ ਹਾਂ, ਪਰ ਗਵਰਨਰ ਜੰਮੂ-ਕਸ਼ਮੀਰ ਵੱਲੋ ਅੱਜ ਤੱਕ ਨਾ ਤਾਂ ਸਿੱਖ ਕਤਲੇਆਮ ਅਤੇ ਨਾ ਹੀ ਹੋ ਰਹੇ ਮੁਸਲਮਾਨਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਕਾਨੂੰਨੀ ਅਮਲ ਕੀਤਾ ਗਿਆ ਹੈ।

ਮਾਨ ਨੇ ਅਮਰਨਾਥ ਯਾਤਰਾ ਸੰਬੰਧੀ ਖਿਆਲ ਪ੍ਰਗਟਾੳਂੁਦੇ ਹੋਏ ਕਿਹਾ ਕਿ ਅਸੀਂ ਕਿਸੇ ਵੀ ਕੌਮ, ਧਰਮ ਦੀ ਪੂਜਾ, ਸਰਧਾ-ਭਾਵਨਾ ਦੇ ਵਿਰੁੱਧ ਨਹੀਂ ਹਾਂ। ਪਰ ਮੁਸਲਿਮ ਕੌਮ, ਕਸ਼ਮੀਰੀ ਨੌਜ਼ਵਾਨਾਂ, ਮਜਾਹਦੀਨਾਂ ਦਾ ਨਿੱਤ ਦਿਹਾੜੇ ਹਿੰਦ ਦੇ ਹੁਕਮਰਾਨਾਂ ਵੱਲੋਂ ਕਤਲੇਆਮ ਕਰਕੇ ਕੀਤੀ ਜਾ ਰਹੀ ਅਮਰਨਾਥ ਯਾਤਰਾ ਦੀ ਭਾਵਨਾ ਨੂੰ ਸਫ਼ਲ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ? ਇਕ ਪਾਸੇ ਮਨੁੱਖਤਾ ਦਾ ਕਤਲੇਆਮ ਹੋ ਰਿਹਾ ਹੋਵੇ, ਦੂਸਰੇ ਪਾਸੇ ਧਾਰਮਿਕ ਯਾਤਰਾ ਤਾਂ ਇਸਦਾ ਫ਼ਲ ਹਿੰਦੂ ਵੀਰਾਂ ਨੂੰ ਕਿਸ ਤਰ੍ਹਾਂ ਮਿਲ ਸਕੇਗਾ?

ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮੰਗ ਕਰਦਾ ਹੈ ਕਿ ਕਸ਼ਮੀਰ ਵਿਚ ਮੁਸਲਿਮ ਨੌਜ਼ਵਾਨਾਂ ਦੇ ਕੀਤੇ ਜਾ ਰਹੇ ਅਣਮਨੁੱਖੀ ਕਤਲੇਆਮ ਦੇ ਅਮਲ ਨੂੰ ਫੌਰੀ ਬੰਦ ਕਰਕੇ, ਕਸ਼ਮੀਰ ਵਿਚ ਹੁਣ ਤੱਕ ਹੋਏ ਕਤਲਾਂ, 2000 ਵਿਚ ਚਿੱਠੀ ਸਿੰਘ ਪੁਰਾ ਵਿਚ 43 ਸਿੱਖਾਂ ਦੇ ਹੋਏ ਕਤਲੇਆਮ ਅਤੇ ਹੋਰ ਜ਼ੁਲਮ ਸੰਬੰਧੀ ਨਿਰਪੱਖਤਾ ਨਾਲ ਤਫ਼ਤੀਸ ਕਰਵਾਕੇ ਮੁਸਲਮਾਨਾਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਯੂ.ਐਨ. ਸਕਿਊਰਟੀ ਕੌਂਸਲ ਵੱਲੋਂ ਸਰਬਸੰਮਤੀ ਨਾਲ ਕਸ਼ਮੀਰ ਦੀ “ਰਾਏਸੁਮਾਰੀ” ਕਰਵਾਉਣ ਦੇ ਪਾਸ ਕੀਤੇ ਗਏ ਮਤੇ ਨੂੰ ਪ੍ਰਵਾਨ ਕਰਕੇ ਕਸ਼ਮੀਰੀਆਂ ਦੀ ਭਾਵਨਾਵਾਂ ਅਨੁਸਾਰ ਕਸ਼ਮੀਰ ਸੂਬੇ ਅਤੇ ਉਥੋਂ ਦੇ ਨਿਵਾਸੀਆਂ ਦੇ ਭਵਿੱਖ ਦਾ ਜੇਕਰ ਇਮਾਨਦਾਰੀ ਨਾਲ ਅਮਲ ਕੀਤਾ ਜਾਵੇ ਤਾਂ ਅਜਿਹਾ ਕਰਨ ਨਾਲ ਕਸ਼ਮੀਰ ਵਿਚ ਸਥਾਈ ਤੌਰ ‘ਤੇ ਅਮਨ-ਚੈਨ ਤੇ ਜਮਹੂਰੀਅਤ ਵੀ ਕਾਇਮ ਹੋ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,