ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਕਾਂਗਰਸ ਨੇ ਖਡੂਰ ਸਾਹਿਬ ਉੱਪ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ, ਕਿਹਾ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਮਿਲੀ ਸਜ਼ਾ

January 28, 2016 | By

ਚੰਡੀਗੜ੍ (27 ਜਨਵਰੀ, 2016): ਕਾਂਗਰਸ ਪਾਰਟੀ ਪੰਜਾਬ ਨੇ ਰਾਜਸੀ ਦਿਲਚਸਪੀ ਰੱਖਣ ਵਾਲਿਆਂ ਨੂੰ ਹੈਰਾਨ ਕਰਨ ਵਾਲਾ ਐਲਾਨ ਕਰਦਿਆਂ ਸ਼੍ਰੀ ਖਡੂਰ ਸਾਹਿਬ ਦੀ ੳੁੱਪ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਉੱਪ ਚੋਣਾਂ ਨਾ ਲੜ੍ਹਨ ਦੇ ਫੈਸਲੇ ਦਾ ਐਲਾਨ ਅੱਜ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ(ਫਾਈਲ ਫੋਟੋ)

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ(ਫਾਈਲ ਫੋਟੋ)

ਅੱਜ ਇੱਥੇ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਸ: ਰਮਨਜੀਤ ਸਿੰਘ ਸਿੱਕੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਅਤੇ ਸਰਕਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਵਿਧਾਇਕੀ ਤੋਂ ਅਸਤੀਫ਼ਾ ਦਿੱਤਾ ਗਿਆ ਸੀ ਪਰ ਅਜੇ ਤੱਕ ਇਸ ਮਾਮਲੇ ‘ਚ ਮੁੱਖ ਦੋਸ਼ੀ ਪਕੜ ਤੋਂ ਬਾਹਰ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰਨ ਵਾਲਾ ਮਸਲਾ ਜਿਉਂ ਦਾ ਤਿਉਂ ਖੜ੍ਹਾ ਹੈ ਇਸ ਲਈ ਕਾਂਗਰਸ ਵੱਲੋਂ ਜ਼ਿਮਨੀ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੰਦਾ ।

ਪਿਛਲੇ ਦਿਨੀਂ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਬੀਬੀ ਸੋਨੀਆ ਗਾਂਧੀ ਵੱਲੋਂ ਉਪਰੋਕਤ ਚੋਣ ਲਈ ਸਿੱਕੀ ਦੇ ਨਾਂਅ ‘ਤੇ ਮੋਹਰ ਲਗਾ ਦਿੱਤੀ ਗਈ ਸੀ ਅਤੇ ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਉਹ ਅੱਜ-ਭਲਕ ਕਾਗ਼ਜ਼ ਦਾਖਲ ਕਰ ਦੇਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਭਾਵੇਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਖਡੂਰ ਸਾਹਿਬ ਲਈ ਸਿੱਕੀ ਦੇ ਨਾਂਅ ‘ਤੇ ਮੋਹਰ ਲਾ ਦਿੱਤੀ ਸੀ ਪਰ ਅੰਤਿਮ ਫ਼ੈਸਲਾ ਮੇਰੇ ‘ਤੇ ਛੱਡ ਦਿੱਤਾ ਸੀ, ਜਿਸ ਮਗਰੋਂ ਉਨ੍ਹਾਂ ਸਿੱਕੀ ਦੀਆਂ ਭਾਵਨਾਵਾਂ ਬਾਰੇ ਸੀਨੀਅਰ ਲੀਡਰਾਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਧਿਆਨ ‘ਚ ਰੱਖਦਿਆਂ ਫ਼ੈਸਲਾ ਕੀਤਾ ਕਿ ਜਿਸ ਮਸਲੇ ‘ਤੇ ਵਿਧਾਇਕ ਨੇ ਅਸਤੀਫ਼ਾ ਦਿੱਤਾ ਸੀ ਜਦ ਉਹ ਹੱਲ ਹੀ ਨਹੀਂ ਹੋਇਆ ਤਾਂ ਚੋਣ ਲੜਨ ਦਾ ਕੋਈ ਕੋਈ ਮਤਲਬ ਨਹੀਂ ।

ਜ਼ਿਕਰਯੋਗ ਹੈ ਕਿ ਅੱਜ ਜ਼ਿਮਨੀ ਚੋਣ ਲਈ ਕਾਗ਼ਜ਼ ਦਾਖ਼ਲ ਕਰਨ ਦਾ ਅੰਤਿਮ ਦਿਨ ਸੀ ਅਤੇ ਹੁਣ ਤੱਕ ਇਹੀ ਉਮੀਦ ਜਤਾਈ ਜਾ ਰਹੀ ਸੀ ਕਿ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਸ: ਰਮਨਜੀਤ ਸਿੰਘ ਸਿੱਕੀ ਫਿਰ ਤੋਂ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਖਡੂਰ ਸਾਹਿਬ ਜ਼ਿਮਨੀ ਚੋਣ ਨੂੰ 2017 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਵੀ ਸਮਝਿਆ ਜਾ ਰਿਹਾ ਸੀ ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਨਾ ਲੜਨ ਦਾ ਫ਼ੈਸਲਾ ਕਰਨ ‘ਤੇ ਮੁੱਖ ਉਮੀਦਵਾਰ ਬਾਦਲ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਅਤੇ ਸਵਰਾਜ ਪਾਰਟੀ ਵੱਲੋਂ ਸਮਰਥਨ ਪ੍ਰਾਪਤ ਭਾਈ ਬਲਦੀਪ ਸਿੰਘ ਮੈਦਾਨ ਵਿਚ ਹਨ, ਜਦੋਂ ਕਿ 8 ਹੋਰ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ ।

ਕੈਪਟਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਗੋਲੀ ਕਾਂਡ ਪਿੱਛੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਬਾਦਲ ਦਾ ਹੱਥ ਹੈ ਇਸੇ ਲਈ ਸਰਕਾਰ ਨੇ ਬੇਅਦਬੀ ਕਾਂਡ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਕੇ ਇਸ ਮਾਮਲੇ ਨੂੰ ਠੰਢੇ ਬਸਤੇ ‘ਚ ਪਾਉਣ ਦਾ ਕੰਮ ਕੀਤਾ ਹੈ, ਕਿਉਂਕਿ ਸੀ. ਬੀ. ਆਈ. ਜਾਂਚ ਦੀ ਰਿਪੋਰਟ ਆਉਣ ‘ਚ 5-10 ਸਾਲ ਲੱਗ ਜਾਣਗੇ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨੇ ਸੂਬੇ ਦੇ ਹਰ ਸਿੱਖ ਅਤੇ ਹਰ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲਈ ਕਾਂਗਰਸ ਚਹੁੰਦੀ ਹੈ ਕਿ ਇੱਕ ਕਮਿਸ਼ਨ ਬਣਾਕੇ ਦੋਸ਼ੀਆਂ ਨੂੰ ਜਲਦੀ ਸਜ਼ਾ ਦਿੱਤੀ ਜਾਵੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,