ਸਿਆਸੀ ਖਬਰਾਂ

ਗੁਰੂਸਰ ਜਲਾਲ ਵਿਖੇ 2015 ਵਿੱਚ ਹੋਈ ਬੇਅਦਬੀ ਦੇ ਮਾਮਲੇ ਚ ਡੇਰਾ ਸੌਦਾ ਸਿਰਸਾ ਦੇ 4 ਪੈਰੋਕਾਰ ਗ੍ਰਿਫ਼ਤਾਰ

November 9, 2018 | By

ਚੰਡੀਗੜ੍ਹ: ਪੰਜਾਬ ਪੁਲੀਸ ਦੀ ਖਾਸ ਜਾਂਚ ਟੀਮ (ਸਿੱਟ) ਨੇ ਪਿੰਡ ਗੁਰੂਸਰ ਜਲਾਲ ਵਿਖੇ ਸਾਲ 2015 ਵਿੱਚ ਵਾਪਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਦਿੱਲੀ ਦੇ ਹਵਾਈ ਅੱਡੇ ਤੋਂ ਭਗਤਾ ਭਾਈ ਵਾਸੀ ਤੇ ਡੇਰਾ ਸੌਦਾ ਸਿਰਸਾ ਦੇ ਪੈਰੋਕਾਰ ਜਤਿੰਦਰਬੀਰ ਅਰੋੜਾ ਉਰਫ਼ ਜਿੰਮੀ ਨੂੰ ਗ੍ਰਿਫ਼ਤਾਰ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਖਬਰਾਂ ਹਨ ਕਿ ਪੁਲਿਸ ਨੇ ਤਿੰਨ ਹੋਰ ਡੇਰਾ ਪੈਰੋਕਾਰਾਂ ਨੂੰ ਵੀ ਭਗਤਾ ਤੋਂ ਹਿਰਾਸਤ ’ਚ ਲਿਆ ਹੈ ਜਿਸ ਬਾਰੇ ਪੁਲੀਸ ਅਧਿਕਾਰੀ ਚੁੱਪ ਹਨ। ਪੰਜਾਬੀ ਟ੍ਰਿਿਬਊਨ ਵਿੱਚ ਛਪੀ ਇਕ ਖਬਰ ਮੁਤਾਬਕ ਬੇਅਦਬੀ ਦੇ ਮਾਮਲਿਆਂ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਜਤਿੰਦਰਬੀਰ ਜਿੰਮੀ ਵਿਦੇਸ਼ ਚਲਾ ਗਿਆ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਇਕ ਪੁਰਾਣੀ ਤਸਵੀਰ

ਅਖਬਾਰੀ ਖਬਰਾਂ ਮੁਤਾਬਕ ਦੀਵਾਲੀ ਵਾਲੀ ਰਾਤ ਮਲੇਸ਼ੀਆ ਤੋਂ ਵਾਪਸ ਆ ਰਹੇ ਜਿੰਮੀ ਬਾਰੇ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਹਵਾਈ ਅੱਡਿਆਂ ’ਤੇ ਪਹਿਲਾਂ ਹੀ ‘ਲੁੱਕ ਆਊਟ ਨੋਟਿਸ’ ਦਿੱਤੇ ਹੋਏ ਸਨ। ਜਦੋਂ ਜਿੰਮੀ ਦਿੱਲੀ ਦੇ ਹਵਾਈ ਅੱਡੇ ’ਤੇ ਉਤਰਿਆ ਤਾਂ ਉਸ ਤੋਂ ਕੁਝ ਸਮੇਂ ਬਾਅਦ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਣਾਈ ਗਈ ਖਾਸ ਜਾਂਚ ਟੀਮ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਬਠਿੰਡਾ ਤੋਂ ਪੰਜਾਬੀ ਟ੍ਰਿਿਬਊਨ ਦੇ ਪੱਤਰਕਾਰ ਚਰਨਜੀਤ ਭੁੱਲਰ ਦੀ ਖਬਰ ਮੁਤਾਬਕ ਪੁਲਿਸ ਨੇ ਜਿੰਮੀ ਨੂੰ ਬੀਤੇ ਕੱਲ੍ਹ ਰਾਮਪੁਰਾ ਫੁੂਲ ਦੀ ਅਦਾਲਤ ਵਿਚ ਪੇਸ਼ ਕਰਕੇ ਉਹਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ।

ਬੇਅਦਬੀ ਮਾਮਲਿਆਂ ਤੇ ਕਾਰਵਾਈ ਤੋਂ ਵਿੱਥ ਬਣਾ ਕੇ ਚੱਲ ਰਹੀ ਹੈ ‘ਕੈਪਟਨ ਸਰਕਾਰ’

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਜਾਂਚ ਲੇਖੇ, ਬੇਅਦਬੀ ਮਾਮਲਿਆਂ ਵਿੱਚ ਹੋ ਰਹੀ ਕਾਰਵਾਈ ਤੇ ਗ੍ਰਿਫਤਾਰਤੀਆਂ ਅਤੇ ਅਖਬਾਰੀ ਖਬਰਾਂ ਇਹ ਸਾਫ ਕਰ ਰਹੀਆਂ ਹਨ ਕਿ ਬੇਅਦਬੀ ਦਾ ਇਹ ਭਿਆਨਕ ਤੇ ਘਿਨਾਉਣਾ ਕਾਰਾ ਡੇਰਾ ਸੌਦਾ ਸਿਰਸਾ ਵੱਲੋਂ ਘੜੀ ਗਈ ਸਾਜਿਸ਼ ਤਹਿਤ ਡੇਰੇ ਦੇ ਪੈਰੋਕਾਰਾਂ ਵੱਲੋਂ ਸਰਅੰਜਾਮ ਦਿੱਤਾ ਗਿਆ ਸੀ ਪਰ ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਇਸ ਮਾਮਲੇ ਵਿੱਚ ਹੋ ਰਹੀ ਕਾਰਵਾਈ ਤੋਂ ਇਕ ਤਰ੍ਹਾਂ ਨਾਲ ਵੱਥ ਬਣਾ ਕੇ ਚੱਲ ਰਹੀ ਹੈ। ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੀ ਪੱਤਰਕਾਰ ਮਿਲਣੀ ਕਰਕੇ ਪੰਜਾਬ ਵਿੱਚ ਹਿੰਦੂਤਵੀ ਆਗੂਆਂ ਤੇ ਹੋਏ ਹਮਲਿਆਂ ਦੇ ਮਾਮਲੇ ਹੱਲ ਕਰ ਲੈਣ ਦਾ ਐਲਾਨ ਕੀਤਾ ਸੀ ਉਸ ਦੇ ਮੁਕਾਬਲੇ ਬੇਅਦਬੀ ਮਾਮਲਿਆਂ ਵਿੱਚ ਕਾਰਵਾਈ ਬਾਰੇ ਸਰਕਾਰ ਵੱਲੋਂ ਕੋਈ ਅਖਬਾਰੀ ਸਰਰਗਮੀ ਵੀ ਨਹੀਂ ਵਿਖਾਈ ਜਾ ਰਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,