August 13, 2020 | By ਸਿੱਖ ਸਿਆਸਤ ਬਿਊਰੋ
ਨਵਾਂਸ਼ਹਿਰ: ਸੰਯੁਕਤ ਰਾਸ਼ਟਰ ਵਲੋਂ ਮਾਨਤਾ ਪ੍ਰਾਪਤ ਸਵੈ ਨਿਰਣੇ ਦੇ ਅਧਿਕਾਰ ਨੂੰ ਹਾਸਿਲ ਕਰਨ, ਯੂ.ਏ.ਪੀ.ਏ ਵਰਗੇ ਕਾਲੇ ਕਨੂੰਨਾਂ ਦੀ ਦੁਰਵਰਤੋ,ਕਿਸਾਨ ਵਿਰੋਧੀ ਖੇਤੀ ਆਰਡੀਨੈਸਾਂ ਅਤੇ ਸਿੱਖ ਰਾਜਨੀਤਕ ਕੈਦੀਆ ਨੂੰ ਰਿਹਾ ਨਾ ਕਰਨ ਵਿਰੁੱਧ 15 ਅਗਸਤ ਨੂੰ ਪੰਜਾਬ ਭਰ ਵਿੱਚ ਦਲ ਖਾਲਸਾ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੁਨਾਈਟਡ ਅਕਾਲੀ ਦਲ ਵਲੋ ਸਾਝੇ ਤੌਰ ਤੇ ਮੁਜ਼ਾਹਰੇ ਕੀਤੇ ਜਾਣਗੇ। ਇਹ ਜਾਣਕਾਰੀ ਜਿਲਾ ਨਵਾਂਸ਼ਹਿਰ ਦੇ ਮੈਬਰ ਸਾਹਿਬਾਨ ਦੀ ਮੀਟਿੰਗ ਨੂੰ ਸੰਬੋਧਨ ਹੁੰਦੇ ਹੋਏ ਪਾਰਟੀ ਦੇ ਜਥੇਬੰਦਕ ਸਕੱਤਰ ਰਣਵੀਰ ਸਿੰਘ ਨੇ ਦਿੱਤੀ। ਉਹਨਾਂ ਕਿਹਾ ਕਿ 1947 ਵਿੱਚ ਹਿੰਦੂਆਂ ਨੂੰ ਹਿੰਦੁਸਤਾਨ ਅਤੇ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਪਰ ਸਿੱਖ ਇੱਕ ਗੁਲਾਮੀ ਤੋਂ ਬਾਅਦ ਦੂਸਰੀ ਗੁਲਾਮੀ ਵਿੱਚ ਫਸ ਗਏ। ਪਿਛਲੇ ਸੱਤ ਦਹਾਕਿਆਂ ਤੋਂ ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਯੁਆਪਾ ਵਰਗੇ ਕਾਲੇ ਕਨੂੰਨਾਂ ਦੀ ਦੁਰਵਰਤੋ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਭਾਰਤ ਨਾਲ ਰਹਿਣ ਦਾ ਫ਼ੈਸਲਾ ਕਰਨਾ ਸਿੱਖ ਲੀਡਰਸ਼ਿਪ ਦੀ ਇੱਕ ਵੱਡੀ ਭੁੱਲ ਸੀ।
ਉਨ੍ਹਾਂ ਕਿਹਾ ਕਿ ਪਿਛਲੇ 42 ਸਾਲਾਂ ਤੋਂ ਦਲ ਖਾਲਸਾ ਸਵੈ ਨਿਰਣੇ ਦਾ ਅਧਿਕਾਰ ਪ੍ਰਾਪਤ ਕਰਨ ਲਈ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਮੌਜੂਦਾ ਵਿਸ਼ਵ ਦ੍ਰਿਸ਼ਟੀਕੋਣ ਵਿੱਚ ਸਵੈ-ਨਿਰਣੇ ਦੇ ਅਧਿਕਾਰ ਰਾਹੀਂ ਹੀ ਵਿਵਾਦਾਂ ਨੂੰ ਸ਼ਾਂਤਮਈ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਹੈ। ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਭਾਰਤ ਦੀਆਂ ਤਮਾਮ ਸਰਕਾਰਾਂ ਨੇ ਸਿੱਖਾਂ ਨੂੰ ਇਸ ਹੱਕ ਤੋਂ ਵਾਂਝਿਆ ਰੱਖਿਆ ਹੈ।ਹੁਣ ਸਮਾਂ ਹੈ ਕਿ ਸਰਕਾਰ ਇਸ ਖਿੱਤੇ ਵਿੱਚ ਸਦੀਵੀ ਸ਼ਾਤੀ ਅਤੇ ਭਾਈਚਾਰੇ ਲਈ, ਅਜ਼ਾਦੀ ਲਈ ਸੰਘਰਸ਼ਸ਼ੀਲ ਧਿਰਾ ਨਾਲ ਗੱਲਬਾਤ ਦਾ ਰੁੱਖ ਅਪਣਾਏ ਨਾ ਕਿ ਦਮਨਕਾਰੀ ਨੀਤੀ ਦਾ।
ਪਾਰਟੀ ਸਕੱਤਰ ਨੇ ਕਿਹਾ ਕਿ ਦੇਸ਼ ਵਿਦੇਸ਼ ਅੰਦਰ ਵੱਸਦੇ ਸਿੱਖ ਅੱਜ ਵੀ ਆਪਣੇ ਰਾਜ ਨੂੰ ਹਾਸਲ ਕਰਨ ਲਈ ਜੱਦੋ ਜਹਿਦ ਕਰ ਰਹੇ ਹਨ। ਉਹਨਾਂ ਦੱਸਿਆ ਕਿ ਭਾਰਤ ਦੇ ਅਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਹੋਣ ਜਾ ਰਹੇ ਮੁਜਾਹਰੇ ਯੁਆਪਾ ਵਰਗੇ ਕਾਲੇ ਕਨੂੰਨਾਂ ਦੀ ਦੁਰਵਰਤੋ, ਕਿਸਾਨ ਵਿਰੋਧੀ ਖੇਤੀ ਆਰਡੀਨੈਸਾਂ, ਸਿੱਖ ਰਾਜਨੀਤਕ ਕੈਦੀਆ ਨੂੰ ਰਿਹਾ ਨਾ ਕਰਨ ਅਤੇ ਸਵੈਨਿਰਣੇ ਦੇ ਅਧਿਕਾਰ ਤੋ ਮੁਨਕਰ ਹੋਣ ਵਿਰੁੱਧ ਸੰਘਰਸ਼ ਦਾ ਐਲਾਨ ਹਨ।
ਦਲ ਖਾਲਸਾ ਦੇ ਵਰਕਿੰਗ ਕਮੇਟੀ ਮੈਬਰ ਅਤੇ ਜਿਲਾ ਪ੍ਰਧਾਨ ਸਤਨਾਮ ਸਿੰਘ ਭਾਰਾਪੁਰ ਨੇ ਦੱਸਿਆ ਕਿ ਸੀਮਤ ਗਿਣਤੀ ਵਿੱਚ ਪਾਰਟੀ ਕਾਰਕੁੰਨ 15 ਅਗਸਤ ਨੂੰ ਗੁਰਦੁਆਰਾ ਸਿੰਘ ਸਭਾ ਨਵਾਸ਼ਹਿਰ ਵਿਖੇ ਇਕੱਤਰ ਹੋਣ ਤੋ ਬਾਅਦ ਨਾਲ ਲੱਗਦੇ ਚੌਕ ਵਿੱਚ 11 ਤੋਂ 1 ਵਜੇ ਤੱਕ ਪੁਰਅਮਨ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਗੇ। ਉਨਾ ਕਿਹਾ ਕਿ ਆਵਾਜਾਈ ਵਿੱਚ ਬਿਨਾ ਕੋਈ ਵਿਘਨ ਪਾਏ ਕੋਵਿਡ-19 ਤੋ ਬਚਾਅ ਲਈ ਜਾਰੀ ਹਿਦਾਇਤਾਂ ਦਾ ਪਾਲਣ ਕੀਤਾ ਜਾਵੇਗਾ।
ਮੀਟਿੰਗ ਦੋਰਾਨ ਜਰਨੈਲ ਸਿੰਘ, ਹਰਵਿੰਦਰ ਸਿੰਘ ਹਰਮੋਏ, ਮਨਦੀਪ ਸਿੰਘ, ਮਨਜੀਤ ਸਿੰਘ ਅਤੇ ਹੋਰ ਮੈਬਰ ਹਾਜ਼ਰ ਸਨ।
Related Topics: Dal Khalsa, dal khasla kawarpal singh, Punjab Before 1947, Shiromani Akali Dal, Shiromani Akali Dal (Mann), Simranjit Singh Mann, United Akali Dal