December 4, 2019 | By ਸਿੱਖ ਸਿਆਸਤ ਬਿਊਰੋ
ਨਵੰਬਰ 1984 ਵਿਚ ਪੂਰੇ ਹਿੰਦ ਮਹਾਂਦੀਪ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਬੋਕਾਰੋ ਸਭ ਤੋਂ ਪ੍ਰਭਾਵਤ ਇਲਾਕਿਆਂ ਵਿੱਚੋਂ ਇੱਕ ਸੀ ਜਿੱਥੇ ਸਿੱਖ ਪਰਿਵਾਰਾਂ ਦਾ ਬੇਕਿਰਕੀ ਨਾਲ ਕਤਲੇਆਮ ਕੀਤਾ ਗਿਆ ਸੀ। ਨਵੰਬਰ 1984 ਦੇ ਸ਼ੁਰੂਆਤੀ ਦਿਨਾਂ ਦੌਰਾਨ ਬੋਕਾਰੋ ਵਿਚ ਤਕਰੀਬਨ ਸੌ ਸਿੱਖ ਕਤਲ ਕਰ ਦਿੱਤੇ ਗਏ ਸਨ।
ਬੀਬੀ ਪਰਮਜੀਤ ਕੌਰ ਅਤੇ ਉਹਨਾਂ ਪਰਿਵਾਰ ਵੀ ਉਸ ਸਮੇਂ ਬੋਕਾਰੋ ਵਿਚ ਰਹਿ ਰਹੇ ਸਨ। 1984 ਦੇ ਸਿੱਖ ਕਤਲੇਆਮ ਵਿਚ ਬੀਬੀ ਪਰਮਜੀਤ ਕੌਰ ਦੇ ਪਰਿਵਾਰ ਦੇ ਪੰਜ ਜੀਅ- ਮਾਂ, ਪਿਤਾ, ਦੋ ਭੈਣਾਂ ਅਤੇ ਜੀਜਾ (ਵੱਡੀ ਭੈਣ ਦਾ ਪਤੀ) ਮਾਰੇ ਗਏ ਸਨ। ਬੀਬੀ ਪਰਮਜੀਤ ਕੌਰ ਅਤੇ ਉਸ ਦੀਆਂ ਤਿੰਨ ਭੈਣਾਂ ਅਤੇ ਇਕ ਭੈਣ ਦੀਆਂ ਦੋ ਧੀਆਂ ਕਿਸੇ ਤਰ੍ਹਾਂ ਇਸ ਕਤਲੇਆਮ ਵਿੱਚ ਬਚ ਗਈਆਂ ਸਨ। ਇਸ ਕਤਲੇਆਮ ਵਿਚ ਉਸ ਦੇ ਪਰਿਵਾਰ ਦੇ ਸਾਰੇ ਮਰਦ ਜੀਅ ਮਾਰੇ ਗਏ ਸਨ।
ਬੀਬੀ ਪਰਮਜੀਤ ਕੌਰ ਅਤੇ ਉਸ ਦੀਆਂ ਭੈਣਾਂ ਨਸਲਕੁਸ਼ੀ ਤੋਂ ਬਾਅਦ ਬੋਕਾਰੋ ਤੋਂ ਪੱਕੇ ਤੌਰ ਤੇ ਉਜੜ ਗਈਆਂ ਸਨ। ਉਹ ਹੁਣ ਜਮਸ਼ੇਦਪੁਰ ਵਿਚ ਰਹਿੰਦੇ ਹਨ।
ਸਿੱਖ ਸਿਆਸਤ ਨਾਲ ਇਹ ਗੱਲਬਾਤ ਵਿਚ ਬੀਬੀ ਪਰਮਜੀਤ ਕੌਰ ਨੇ ਨਸਲਕੁਸ਼ੀ ਦੀਆਂ ਦਰਦਨਾਕ ਯਾਦਾਂ ਨੂੰ ਯਾਦ ਕੀਤਾ। ਉਹਨਾਂ ਨੂੰ ਯਾਦ ਆਇਆ ਕਿ ਕਿਵੇਂ ਉਸ ਦੀ ਮਾਂ, ਪਿਤਾ ਅਤੇ ਭਰਾਵਾਂ ਨੇ ਉਹਨਾਂ (ਉਸਦੀ ਅਤੇ ਉਸਦੀਆਂ ਭੈਣਾਂ ਦੀ) ਇੱਜ਼ਤ ਦੀ ਰਾਖੀ ਲਈ ਆਪਣੀਆਂ ਜਾਨਾਂ ਦਿੱਤੀਆਂ ਸਨ। ਇਹ ਯਾਦ ਕਰਦਿਆਂ ਬੀਬੀ ਪਰਮਜੀਤ ਕੌਰ ਤੋਂ ਹੰਝੂ ਨਾਂ ਰੋਕੇ ਜਾ ਸਕੇ ਕਿ ਕਿਵੇਂ ਉਹਨਾਂ ਦਾ ਛੋਟਾ ਭਰਾ, ਜੋ ਨਨ-ਚਾਕੂ ਬਹੁਤ ਵਧੀਆਂ ਚਲਾਉਂਦਾ ਸੀ, ਆਪਣੇ ਪਰਿਵਾਰ ਦੀ ਰਾਖੀ ਲਈ ਆਪਣੇ ਆਖਰੀ ਸਾਹ ਤੱਕ ਲੜਦਾ ਰਿਹਾ ਅਤੇ ਸ਼ਾਮ ਤੱਕ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਪਰ ਜ਼ਿੰਦਾ ਉਦੋਂ ਤੱਕ ਉਸਦੇ ਸ਼ਾਹ ਚੱਲਦੇ ਸਨ ਅਤੇ ਕਿਵੇਂ ਉਹ ਅਤੇ ਉਸਦੀਆਂ ਭੈਣਾਂ ਆਪਣੇ ਜਾ ਰਹੇ ਵੀਰ ਦੇ ਮੂੰਹ ਵਿਚ ਪਾਣੀ ਨਹੀਂ ਸਨ ਪਾ ਸਕੀਆਂ। ਪੁੱਛਣ ਉੱਤੇ ਬੀਬੀ ਪਰਮਜੀਤ ਕੌਰ ਨੇ ਕਿਹਾ ਕਿ ਹਮਲਾ ਕਰਨ ਵਾਲ਼ਿਆਂ ਵਿੱਚੋਂ ਕੁਝ ਉਹਨਾਂ ਦੇ ਪਰਿਵਾਰ ਦੇ ਜਾਣਕਾਰ ਸਨ। ਉਸਦੀ ਭੈਣ ਨੇ ਪੁਲਿਸ ਕੋਲ ਕੁਝ ਕਾਤਲਾਂ ਦੀ ਸ਼ਨਾਖਤ ਕੀਤੀ ਸੀ ਪਰ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ।
ਉਹਨਾਂ ਕਿਹਾ ਕਿ ਨਸਲਕੁਸ਼ੀ ਦਾ ਇਹ ਭਿਆਨਕ ਕਾਂਡ ਉਹਨਾਂ ਦੀਆ ਯਾਦਾਂ ਵਿੱਚ ਉੱਕਰਿਆ ਹੋਇਆ ਹੈ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ 1984 ਦੀ ਸਿੱਖ ਨਸਲਕੁਸ਼ੀ ਨੂੰ ਯਾਦ ਰੱਖਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਖ਼ੂਨੀ ਸਾਕਿਆਂ ਨੂੰ ਰੋਕਿਆ ਜਾ ਸਕੇ।
Related Topics: 1984 Sikh Genocide, Bibi Paramjit Kaur (Bokaro Sikh Genocide Surviver), Human Rights, Indian Politics, Indian State, November 1984, Sikh Genocide Survivors