February 21, 2024 | By ਸਿੱਖ ਸਿਆਸਤ ਬਿਊਰੋ
ਪਟਿਆਲਾ (ਸਿੱਖ ਸਿਆਸਤ ਖਬਰਾਂ): ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਖਨੌਰੀ ਵਿਖੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ 21 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ।
ਇਸ ਜਖਮੀ ਨੌਜਵਾਨ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨਿਆ ਗਿਆ।
ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਨੌਜਵਾਨ ਦੇ ਗਿੱਚੀ ਵਿੱਚ ਗੋਲੀ ਲੱਗੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਘਟਨਾ ਦੇ ਚਸ਼ਮਦੀਦਾਂ ਨੇ ਸਿੱਖ ਸਿਆਸਤ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਨੌਜਵਾਨ ਪੁਲਿਸ ਅਤੇ ਫੌਜੀ ਦਸਤਿਆਂ ਵੱਲੋਂ ਬਣਾਏ ਗਏ ਨਾਕੇ ਤੋਂ ਕਰੀਬ 100 ਮੀਟਰ ਦੀ ਦੂਰੀ ਉੱਤੇ ਸੀ ਜਿੱਥੇ ਕਿ ਕਿਸਾਨ ਯੂਨੀਅਨਾਂ ਵੱਲੋਂ ਆਪਣੇ ਤੌਰ ਉੱਤੇ ਰੱਸਾ ਲਗਾਇਆ ਹੋਇਆ ਸੀ ਤਾਂ ਕਿ ਕੋਈ ਇਸ ਤੋਂ ਅੱਗੇ ਨਾ ਜਾਵੇ।
ਇਕ ਚਸ਼ਮਦੀਦ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਪੁਲਿਸ ਨਾਕੇ ਵੱਲੋਂ ਸਾਦੀ ਵਰਦੀ ਵਿੱਚ ਕੁਝ ਲੋਕਾਂ ਵੱਲੋਂ ਨੌਜਵਾਨਾਂ ਨੂੰ ਭੜਕਾਉਣ ਲਈ ਗੰਦੇ ਇਸ਼ਾਰੇ ਕੀਤੇ ਜਾ ਰਹੇ ਸਨ ਅਤੇ ਨਾਅਰੇ ਲਗਾਏ ਜਾ ਰਹੇ ਸਨ। ਜਦੋਂ ਨੌਜਵਾਨ ਇਨਾ ਹਰਕਤਾਂ ਦੇ ਪ੍ਰਤੀਕਰਮ ਵਿੱਚ ਅੱਗੇ ਵਧਣ ਦਾ ਯਤਨ ਕਰਦੇ ਸਨ ਤਾਂ ਉਹ ਸਾਦਾਵਰਦੂ ਲੋਕ ਪਿੱਛੇ ਹੋ ਜਾਂਦੇ ਸਨ ਅਤੇ ਪੁਲਿਸ ਵੱਲੋਂ ਨੌਜਵਾਨਾਂ ਉੱਤੇ ਗੋਲਾਬਾਰੀ ਕੀਤੀ ਜਾਂਦੀ ਸੀ।
ਪ੍ਰਤੱਖਦਰਸ਼ੀਆਂ ਅਨੁਸਾਰ ਇਸ ਮੌਕੇ ਤਿੰਨ ਨੌਜਵਾਨਾਂ ਦੇ ਗੋਲੀਆਂ ਲੱਗੀਆਂ ਜਿਨਾਂ ਵਿੱਚੋਂ ਦੋ ਨੌਜਵਾਨਾਂ ਦੇ ਪੱਟ ਅਤੇ ਗੋਡੇ ਉੱਪਰ ਗੋਲੀ ਲੱਗੀ ਜਦ ਕਿ ਤੀਸਰੇ ਨੌਜਵਾਨ ਦੀ ਪੁਲਿਸ ਨਾਕੇ ਵੱਲ ਪਿੱਠ ਹੋਣ ਕਰਕੇ ਗਿੱਚੀ ਵਿੱਚ ਗੋਲੀ ਲੱਗੀ, ਜੋ ਕਿ ਸ਼ਹੀਦ ਹੋ ਗਿਆ।
ਸ਼ਹੀਦ ਹੋਏ ਨੌਜਵਾਨ ਦਾ ਨਾਮ ਸ਼ੁਭਕਰਨ ਸਿੰਘ ਹੈ ਅਤੇ ਉਸ ਦੀ ਉਮਰ 21 ਸਾਲ ਸੀ। ਪ੍ਰਤੱਖਦਰਸ਼ੀਆਂ ਅਨੁਸਾਰ ਜਿਸ ਵੇਲੇ ਪੁਲਿਸ ਵੱਲੋਂ ਗੋਲੀ ਚਲਾਈ ਗਈ ਉਸ ਵੇਲੇ ਕੋਈ ਵੀ ਟਰੈਕਟਰ ਜਾਂ ਨੌਜਵਾਨ ਪੁਲਿਸ ਨਾਕੇ ਦੇ ਨੇੜੇ ਨਹੀਂ ਸੀ ਸਿਰਫ ਇੱਕ ਪਾਣੀ ਵਾਲਾ ਕੈਂਟਰ ਪੁਲਿਸ ਨਾਕੇ ਤੋਂ ਕਰੀਬ 70 ਕੁ ਮੀਟਰ ਦੂਰ ਖੜਾ ਸੀ। ਜਿਸ ਮੌਕੇ ਸ਼ੁਭਕਰਨ ਸਿੰਘ ਦੇ ਗੋਲੀ ਵੱਜੀ ਉਸ ਵੇਲੇ ਉਸ ਦੇ ਹੱਥ ਵਿੱਚ ਅੱਥਰੂ ਗੈਸ ਦੇ ਗੋਲਿਆਂ ਤੋਂ ਬਚਣ ਲਈ ਗਿੱਲੀ ਬੋਰੀ ਫੜੀ ਹੋਈ ਸੀ।
Related Topics: Farmer Protest 2.0, Firing in Khanauri border, Shambhu Border