ਸਿਆਸੀ ਖਬਰਾਂ

‘ਪਕੋਕਾ’ ਵਰਗੇ ਤਾਨਾਸ਼ਾਹੀ ਕਾਨੂੰਨ ਦਾ ਵਿਧਾਨ ਸਭਾ ‘ਚ ਵਿਰੋਧ ਕਰਾਂਗੇ: ਸੁਖਪਾਲ ਖਹਿਰਾ

November 4, 2017 | By

ਚੰਡੀਗੜ੍ਹ: ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ (4 ਨਵੰਬਰ, 2017) ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਪਕੋਕਾ ਨਾ ਲਾਗੂ ਕਰਨ ਦੀ ਤਾੜਣਾ ਕੀਤੀ ਕਿਉਂਕਿ ਸੂਬੇ ਦੀ ਪੁਲਿਸ ਅਤੇ ਸਿਆਸੀ ਲੋਕ ਇਸ ਦੀ ਦੁਰਵਰਤੋਂ ਆਪਣੇ ਵਿਰੋਧੀਆਂ ਕੋਲੋਂ ਬਦਲਾ ਲੈਣ ਲਈ ਕਰਨਗੇ।

ਖਹਿਰਾ ਨੇ ਕਿਹਾ ਕਿ ਪੰਜਾਬ ਨੂੰ ਹਿਲਾ ਕੇ ਰੱਖ ਦੇਣ ਵਾਲੇ ਸਿਆਸੀ ਕਤਲਾਂ ਦੀ ਲੜੀ ਤੋਂ ਪਿਛਲੀ ਬਾਦਲ-ਭਾਜਪਾ ਅਤੇ ਮੌਜੂਦਾ ਕੈਪਟਨ ਸਰਕਾਰ ਦੀ ਕਮਜ਼ੋਰ ਇੱਛਾ ਸ਼ਕਤੀ ਦਾ ਖੁਲਾਸਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਆਪਣੀਆਂ ਨਾਕਾਮੀ ਦੀ ਜ਼ਿੰਮੇਦਾਰੀ ਕਦੇ ਐਨ.ਆਈ.ਏ ਉੱਪਰ ਸੁੱਟਣ ਦੀ ਕੋਸ਼ਿਸ਼ ਕਰਦੇ ਹਨ ਅਤੇ ਹੁਣ ਤਾਨਾਸ਼ਾਹੀ ਪਕੋਕਾ ਐਕਟ ਲਾਗੂ ਕਰਨ ਦੇ ਰਾਸਤੇ ਉੱਪਰ ਚੱਲ ਪਏ ਹਨ। ਖਹਿਰਾ ਨੇ ਕਿਹਾ ਕਿ ਯਾਦ ਰਹੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਦੇ ਨਾਮ ਉੱਤੇ ਪਹਿਲਾਂ ਵੀ ਅਜਿਹੇ ਕਈ ਐਕਟ ਬਣਾਏ ਗਏ ਜਿਹਨਾਂ ਦੀ ਰੱਜ ਕੇ ਦੁਰਵਰਤੋਂ ਕਰਕੇ ਪੁਲਿਸ ਅਤੇ ਸੱਤਾਧਾਰੀ ਗਠਜੋੜ ਨੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ। ਖਹਿਰਾ ਨੇ ਕਿਹਾ ਕਿ ਟਾਡਾ ਇੱਕ ਅਜਿਹਾ ਐਕਟ ਸੀ, ਇਸ ਨੇ ਆਮ ਨਾਗਰਿਕਾਂ ਦਾ ਜ਼ਿਆਦਾ ਨੁਕਸਾਨ ਕੀਤਾ।

ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ (ਫਾਈਲ ਫੋਟੋ)

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ (ਫਾਈਲ ਫੋਟੋ)

ਖਹਿਰਾ ਨੇ ਕਿਹਾ ਕਿ ਆਮ ਇਨਸਾਨ ਪਹਿਲਾਂ ਹੀ ਐਸ.ਸੀ.ਐਸ.ਟੀ ਐਕਟ, ਦਹੇਜ ਐਕਟ ਅਤੇ ਐਨ.ਡੀ.ਪੀ.ਐਸ ਐਕਟ ਦੀ ਦੁਰਵਰਤੋਂ ਦਾ ਸ਼ਿਕਾਰ ਹੋ ਰਹੇ ਹਨ। ਭਾਂਵੇ ਕਿ ਉਕਤ ਐਕਟ ਪੀੜਤਾਂ ਨੂੰ ਨਿਆਂ ਯਕੀਨੀ ਬਣਾਉਣ ਦੇ ਚੰਗੇ ਉਦੇਸ਼ ਨਾਲ ਬਣਾਏ ਗਏ ਸਨ ਪਰੰਤੂ ਇਹ ਸਾਹਮਣੇ ਆਇਆ ਹੈ ਕਿ ਵਿਰੋਧੀਆਂ ਕੋਲੋਂ ਬਦਲਾ ਲੈਣ ਜਾਂ ਪੈਸੇ ਉਗਰਾਹੁਣ ਦੇ ਨਜ਼ਰੀਏ ਨਾਲ ਇਹਨਾਂ ਦੀ ਜ਼ਿਆਦਾਤਰ ਦੁਰਵਰਤੋਂ ਕੀਤੀ ਗਈ। ਉਦਾਹਰਣ ਦੇ ਤੌਰ ਉੱਤੇ ਸਰਕਾਰ ਵੱਲੋਂ ਐਨ.ਡੀ.ਪੀ.ਐਸ ਐਕਟ ਦੇ ਰਾਹੀ ਮੈਨੂੰ ਨਿਸ਼ਾਨਾ ਬਣਾ ਕੇ ਸਨਸਨੀਖੇਜ਼ ਖਬਰ ਬਣਾ ਕੇ ਮੇਰੇ ਅਕਸ ਨੂੰ ਖਰਾਬ ਅਤੇ ਮੇਰੇ ਵਕਾਰ ਨੂੰ ਢਾਹ ਲਗਾਈ ਜਾ ਰਹੀ ਹੈ। ਜੇਕਰ ਐਨ.ਡੀ.ਪੀ.ਐਸ. ਐਕਟ ਦੀ ਦੁਰਵਰਤੋਂ ਇੱਕ ਵਿਰੋਧੀ ਧਿਰ ਦੇ ਆਗੂ ਖਿਲਾਫ ਕੀਤੀ ਜਾ ਸਕਦੀ ਹੈ ਤਾਂ ਆਮ ਸਧਾਰਨ ਨਾਗਰਿਕ ਦੇ ਤਰਸਯੋਗ ਹਲਾਤਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਖਹਿਰਾ ਨੇ ਕਿਹਾ ਕਿ ਤਾਨਾਸ਼ਾਹੀ ਪਕੋਕਾ ਐਕਟ ਲਗਾਉਣ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਇੱਕ ਪੱਕਾ ਗ੍ਰਹਿ ਮੰਤਰੀ ਨਿਯੁਕਤ ਕਰਨਾ ਚਾਹੀਦਾ ਹੈ ਅਤੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਜੁੰਡਲੀ ਦੇ ਚੁੰਗਲ ਤੋਂ ਪੰਜਾਬ ਪੁਲਿਸ ਨੂੰ ਅਜਾਦ ਕਰਵਾਉਣ ਦੇ ਨਿਰਦੇਸ਼ ਦੇਣੇ ਚਾਹੀਦੇ ਹਨ। ਖਹਿਰਾ ਨੇ ਕਿਹਾ ਕਿ ਇੱਕ ਪੱਕਾ ਗ੍ਰਹਿ ਮੰਤਰੀ ਸਮੇਂ ਦੀ ਮੰਗ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਿਆਦਾਤਰ ਸਮਾਂ ਪਹਾੜਾਂ ਵਿੱਚ ਛੁੱਟੀਆਂ ਮਨਾਉਂਦੇ ਹਨ, ਦਿੱਲੀ, ਮੁੰਬਈ ਅਤੇ ਵਿਦੇਸ਼ਾਂ ਵਿੱਚ ਘੁੰਮਦੇ ਰਹਿੰਦੇ ਹਨ।

ਸਬੰਧਤ ਖ਼ਬਰ:

ਪੰਜਾਬ ਦੇ ਨੌਜਵਾਨਾਂ ‘ਤੇ ਜ਼ੁਲਮ ਕਰਨ ਲਈ ‘ਪਕੋਕਾ’ ਨੂੰ ਸਾਧਨ ਬਣਾਇਆ ਜਾ ਰਿਹਾ ਹੈ: ਮਾਨ …

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਕੱਲ ਸੱਤ ਮਹੀਨੇ ਬਾਅਦ ਆਪਣੇ ਜੱਦੀ ਸ਼ਹਿਰ ਪਟਿਆਲਾ ਵਿਖੇ ਫੇਰੀ ਪਾਉਣਾ ਉਹਨਾਂ ਦੇ ਇਸ ਇਲਜ਼ਾਮ ਨੂੰ ਪੁਖਤਾ ਕਰਦਾ ਹੈ। ਉਹਨਾਂ ਕਿਹਾ ਕਿ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਪੁਲਿਸ ਸੱਤਾਧਾਰੀ ਪਾਰਟੀ ਦੇ ਇੱਕ ਵਿੰਗ ਵਜੋਂ ਹੀ ਕੰਮ ਕਰਦੀ ਆ ਰਹੀ ਹੈ, ਚਾਹੇ ਬਾਦਲ ਦਲ-ਭਾਜਪਾ ਹੋਵੇ ਜਾਂ ਫਿਰ ਹੁਣ ਕਾਂਗਰਸ। ਸਿਆਸਤਦਾਨ ਆਪਣੇ ਵਿਰੋਧੀਆਂ ਨੂੰ ਡਰਾਉਣ ਦਬਾਉਣ ਲਈ ਪੁਲਿਸ ਦੀ ਦੁਰਵਰਤੋਂ ਨਿੱਜੀ ਫੌਜ ਵਾਂਗ ਕਰ ਰਹੇ ਹਨ। ਖਹਿਰਾ ਨੇ ਦੱਸਿਆ ਕਿ ਪੰਜਾਬ ਦੇ ਲਗਭਗ 4000 ਪੀੜਤ ਲੋਕਾਂ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਕਮੀਸ਼ਨ ਦਾ ਦਰਵਾਜ਼ਾ ਖਟਖਟਾਇਆ ਹੈ ਜੋ ਕਿ ਪਿਛਲੇ 10 ਸਾਲ ਦੌਰਾਨ ਸਿਆਸੀ ਬਦਲਾਖੋਰੀ ਦੇ ਹੋਏ ਮਾਮਲਿਆਂ ਦੀ ਜਾਂਚ ਵਾਸਤੇ ਬਣਾਇਆ ਗਿਆ ਹੈ। ਇੰਨੀ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਦਾ ਗਿੱਲ ਕਮੀਸ਼ਨ ਕੋਲ ਪਹੁੰਚਣਾ ਸਿਰਫ ਇਹ ਹੀ ਸਾਬਿਤ ਕਰਦਾ ਹੈ ਕਿ ਪੁਲਿਸ ਸਿਆਸੀ ਬਦਲਾਖੋਰੀ ਤਹਿਤ ਗਲਤ ਅਤੇ ਪੱਖਪਾਤੀ ਢੰਗ ਨਾਲ ਕੰਮ ਕਰ ਰਹੀ ਹੈ ਜੋ ਕਿ ਹੁਣ ਵੀ ਨਿਰੰਤਰ ਜਾਰੀ ਹੈ।

ਖਹਿਰਾ ਨੇ ਕਿਹਾ ਕਿ ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਹਨਾਂ ਦੀ ਪਾਰਟੀ ਅਜਿਹੇ ਕਿਸੇ ਵੀ ਤਾਨਾਸ਼ਾਹੀ ਕਾਨੂੰਨ ਦਾ ਡੱਟ ਕੇ ਵਿਰੋਧ ਕਰੇਗੀ।

ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Will Oppose Draconian PCOCA Tooth & Nail In The Ensuing Session Of Punjab Vidhan Sabha: Sukhpal Singh Khaira …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,