ਸਿਆਸੀ ਖਬਰਾਂ

ਪਾਰਟੀ ‘ਚੋਂ ਕੱਢਣ ਦੀ ਸਿਫਾਰਸ਼ ਕਰਨ ਵਾਲਿਆਂ ਨੂੰ ਹੀ ‘ਜੱਜ’ ਲਾ ਦਿੱਤਾ ਗਿਆ; ਪੇਸ਼ ਨਹੀਂ ਹੋਵਾਂਗਾ:ਛੋਟੇਪੁਰ

August 28, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਉਹ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਵੱਲੋਂ ਬਣਾਈ ਦੋ ਮੈਂਬਰੀ ਜਾਂਚ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਸਿਫਾਰਸ਼ ਕਰਨ ਵਾਲਿਆਂ ਨੂੰ ਹੀ ਜਾਂਚ ਕਮੇਟੀ ਦਾ ‘ਜੱਜ’ ਲਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੀਏਸੀ ਨੇ ਕੱਲ੍ਹ ਦਿੱਲੀ ਵਿੱਚ ਮੀਟਿੰਗ ਕਰਕੇ ਛੋਟੇਪੁਰ ਨੂੰ ਪੈਸੇ ਲੈਣ ਦੇ ਮਾਮਲੇ ਦੀ ਜਾਂਚ ਮੁਕੰਮਲ ਹੋਣ ਤੱਕ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਲੈ ਕੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਪੰਜਾਬ ਇਕਾਈ ਦੇ ਪ੍ਰਸ਼ਾਸਕੀ ਤੇ ਸ਼ਿਕਾਇਤ ਸੈੱਲ ਦੇ ਮੁਖੀ ਜਸਬੀਰ ਸਿੰਘ ਬੀਰ ’ਤੇ ਆਧਾਰਿਤ ਦੋ ਮੈਂਬਰੀ ਜਾਂਚ ਕਮੇਟੀ ਬਣਾਈ ਸੀ।

chhotepur-demands-cbi-probe

ਸੁੱਚਾ ਸਿੰਘ ਛੋਟੇਪੁਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

ਛੋਟੇਪੁਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੰਜਾਬ ਦੇ ਜਿਹੜੇ 21 ਆਗੂਆਂ ਨੇ ਉਸ ਨੂੰ ਪਾਰਟੀ ਵਿੱਚੋਂ ਕੱਢਣ ਲਈ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਸੀ, ਪੀਏਸੀ ਨੇ ਉਨ੍ਹਾਂ ਵਿੱਚੋਂ ਹੀ ਇਕ ਮੈਂਬਰ ਜਸਬੀਰ ਸਿੰਘ ਬੀਰ ਨੂੰ ਜਾਂਚ ਕਮੇਟੀ ਦਾ ਮੈਂਬਰ ਬਣਾ ਕੇ ਉਨ੍ਹਾਂ ਨਾਲ ਇਕ ਹੋਰ ਮਜ਼ਾਕ ਕੀਤਾ ਹੈ। ਛੋਟੇਪੁਰ ਨੇ ਕਿਹਾ ਕਿ ਜਿਹੜਾ ਆਗੂ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਸਿਫਾਰਸ਼ ਕਰ ਚੁੱਕਾ ਹੈ, ਉਸ ਕੋਲੋਂ ਇਨਸਾਫ ਲਈ ਕੀ ਆਸ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਪਾਰਟੀ ਪੰਜਾਬ ਦੇ ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ ਅਤੇ ਪਾਰਟੀ ‘ਚੋਂ ਕੱਢੇ ਸੰਸਦ ਮੈਂਬਰਾਂ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ’ਤੇ ਆਧਾਰਿਤ ਕਮੇਟੀ ਬਣਾਵੇਗੀ ਤਾਂ ਉਹ ਉਸ ਅੱਗੇ ਜ਼ਰੂਰ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਮੈਂਬਰਾਂ ’ਤੇ ਆਧਾਰਿਤ ਕਮੇਟੀ ਬਣਾ ਕੇ ਉਨ੍ਹਾਂ ਸਮੇਤ ਪੰਜਾਬ ਇਕਾਈ ਦੇ ਇੰਚਾਰਜ ਸੰਜੈ ਸਿੰਘ ਅਤੇ ਪਾਰਟੀ ਦੇ ਜਥੇਬੰਦਕ ਸੰਗਠਨ ਦੇ ਮੁਖੀ ਦੁਰਗੇਸ਼ ਪਾਠਕ ਦੀ ਵੀ ਜਾਂਚ ਕਰਵਾਈ ਜਾਵੇ।

ਦੱਸਣਯੋਗ ਹੈ ਕਿ ਕੰਵਰ ਸੰਧੂ ਨੇ ਛੋਟੇਪੁਰ ਵਿਰੁੱਧ ਕੇਜਰੀਵਾਲ ਨੂੰ ਲਿਖੀ ਚਿੱਠੀ ਉੱਪਰ ਦਸਤਖਤ ਨਹੀਂ ਕੀਤੇ ਸਨ ਅਤੇ ਪਾਰਟੀ ’ਚੋਂ ਮੁਅੱਤਲ ਹਰਿੰਦਰ ਸਿੰਘ ਖਾਲਸਾ ਤੇ ਡਾ. ਗਾਂਧੀ ਪਹਿਲਾਂ ਹੀ ‘ਆਪ’ ਵਿਰੁੱਧ ਮੋਰਚਾ ਖੋਲ੍ਹੀ ਬੈਠੇ ਹਨ।

ਜ਼ਿਕਰਯੋਗ ਹੈ ਕਿ ਮਈ 2015 ਵਿੱਚ ਜਿਹੜੇ ਆਗੂਆਂ ਨੇ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦਾ ਮਤਾ ਪਾਸ ਕੀਤਾ ਸੀ, ਛੋਟੇਪੁਰ ਨੇ ਅੱਜ ਉਨ੍ਹਾਂ ਉੱਪਰ ਹੀ ਵਿਸ਼ਵਾਸ ਪ੍ਰਗਟਾ ਕੇ ਜਾਂਚ ਕਮੇਟੀ ਦਾ ਮੈਂਬਰ ਬਣਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਛੋਟੇਪੁਰ ਨੇ ਪਾਰਟੀ ਨੂੰ ਉਸ ਦੇ ਕੀਤੇ ਸਟਿੰਗ ਦੀਆਂ ਵੀਡੀਓ ਜੱਗ ਜ਼ਾਹਿਰ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਇਸ ਤੋਂ ਬਾਅਦ ਉਹ ਕਈ ਆਗੂਆਂ ਨੂੰ ਬੇਨਕਾਬ ਕਰਨਗੇ।

ਇਸ ਮੌਕੇ ਉਨ੍ਹਾਂ ਪਾਰਟੀ ਦੇ ਸੰਸਦ ਮੈਂਬਰ ਅਤੇ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ ਵੱਲੋਂ ਖੁਦ ਮੁੱਖ ਮੰਤਰੀ ਬਣਨ ਲਈ ਕੀਤੇ ਜਾ ਰਹੇ ਗੁਪਤ ਯਤਨਾਂ ਅਤੇ ਨਵਜੋਤ ਸਿੱਧੂ ਦੇ ਪਾਰਟੀ ਵਿੱਚ ਸ਼ਾਮਲ ਹੋਣ ਅੱਗੇ ਅੜਿੱਕੇ ਲਾਉਣ ਦੀ ਖੇਡੀ ਖੇਡ ਦੇ ਕਈ ਤੱਥ ਸਾਹਮਣੇ ਲਿਆਉਂਦਿਆਂ ਕਿਹਾ ਕਿ ਉਸ ਨੇ ਉਨ੍ਹਾਂ ਨਾਲ ਵੱਡਾ ਵਿਸ਼ਵਾਸਘਾਤ ਕੀਤਾ ਹੈ ਜਦਕਿ ਉਨ੍ਹਾਂ ਇਸ ਨੂੰ ਕਈ ਵਾਰ ਨਸ਼ੇ ਦੇ ਮਾਮਲਿਆਂ ਵਿੱਚੋਂ ਵੀ ਬਚਾਇਆ ਹੈ। ਛੋਟੇਪੁਰ ਨੇ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਸਕੱਤਰ ਤੇ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਡਾਕਟਰ ਗਾਂਧੀ ਦਾ ਧੰਨਵਾਦ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,