January 31, 2016 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ (30 ਜਨਵਰੀ, 2016): ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਵਾਈਟ ਹਾਉਸ ਦੀ ਵੈਬਸਾਈਟ ‘ਤੇ ਪਾਈ ਆਨ ਲਾਈਨ ਪਟੀਸ਼ਨ ‘ਤੇ ਵਾਈਟ ਹਾਊਸ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਵਾਈਟ ਹਾਊਸ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਦੇ ਜਵਾਬ ਵਿਚ ਕਿਹਾ ਕਿ ਅਮਰੀਕਾ ਸਾਰਿਆਂ ਲਈ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਭਰ ਦੀਆਂ ਸਰਕਾਰਾਂ ਨਾਲ ਤਾਲਮੇਲ ਕਰਨ ਪ੍ਰਤੀ ਵਚਨਬੱਧ ਹੈ, ਪਰ ਵਾਈਟ ਹਾਊਸ ਨੇ 1995 ਵਿਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਦੋਸ਼ੀ ਠਹਿਰਾਏ ਭਾਈ ਹਵਾਰਾ ਦੀ ਸ਼ਮੂਲੀਅਤ ਵਾਲੀ ਪਟੀਸ਼ਨ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ।
ਵਾਈਟ ਹਾਊਸ ਦੀ ਵੈੱਬਸਾਈਟ ‘ਤੇ ਇਕ ਲੱਖ ਤੋਂ ਵੱਧ ਦਸਤਖਤਾਂ ਵਾਲੀ ਪਟੀਸ਼ਨ ਵਿਚ ਭਾਈ ਹਵਾਰਾ ਦੀ ਰਿਹਾਈ ਲਈ ਓਬਾਮਾ ਪ੍ਰਸ਼ਾਸਨ ਤੋਂ ਦਖਲ ਦੇਣ ਦੀ ਮੰਗ ਕੀਤੀ ਗਈ ਸੀ।
ਵਾਈਟ ਹਾਊਸ ਨੇ ਕਿਹਾ ਕਿ ਉਹ ਪਟੀਸ਼ਨ ਵਿਚ ਵਿਸ਼ੇਸ਼ ਵਿਦੇਸ਼ੀ ਅਪਰਾਧਿਕ ਨਿਆਂ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕਰ ਸਕਦਾ।
ਪਟੀਸ਼ਨ ਦੇ ਜਵਾਬ ਵਿੱਚ ਵਾਈਟ ਹਾਉਸ ਨੇ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਪਿਛਲੇ ਸਾਲ ਆਪਣੀ ਫੇਰੀ ਦੌਰਾਨ ਭਾਰਤੀ ਲੋਕਾਂ ਨੂੰ ਆਪਣੇ ਸੰਬੋਧਨ ਜਿਸ ਵਿਚ ਉਨ੍ਹਾਂ ਦੋਵੇਂ ਲੋਕਤੰਤਰਾਂ ਦੇ ਇਨ੍ਹਾਂ ਮੂਲ ਸਿਧਾਂਤਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਸੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਧਾਰਮਿਕ ਆਜ਼ਾਦੀ ਦੀ ਭਰਪੂਰ ਸਤਿਕਾਰ ਕਰਦਾ ਹੈ ਅਤੇ ਅਨੇਕਵਾਦ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ।
ਬਰਾਕ ਓਬਾਮਾ ਨੇ ਪਿਛਲੇ ਸਾਲ ਆਪਣੇ ਸੰਬੋਧਨ ਵਿਚ ਕਿਹਾ ਸੀ ਕਿ ਸਾਡੇ ਦੋਵੇਂ ਦੇਸ਼ਾਂ ਭਾਰਤ ਅਤੇ ਅਮਰੀਕਾ ਵਿਚ ਸਾਡੀ ਵਿਭਿੰਨਤਾ ਹੀ ਸਾਡੀ ਤਾਕਤ ਹੈ । ਸਾਨੂੰ ਧਾਰਮਿਕ ਲੀਹਾਂ ਜਾਂ ਕਿਸੇ ਹੋਰ ਲੀਹਾਂ ‘ਤੇ ਵੰਡਣ ਦੇ ਕਿਸੇ ਵੀ ਯਤਨ ਵਿਰੁੱਧ ਚੌਕਸ ਰਹਿਣਾ ਚਾਹੀਦਾ ਹੈ ।
Related Topics: Bhai Jagtar Singh Hawara, White House