November 20, 2016 | By ਸਿੱਖ ਸਿਆਸਤ ਬਿਊਰੋ
ਬਰਨਾਲਾ: ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਬਰਨਾਲਾ ਜ਼ਿਲ੍ਹੇ ਦੀ 10ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਦੇ ਭ੍ਰਿਸ਼ਟ ਤੇ ਮਾਫ਼ੀਆਤੰਤਰ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ। ਬਲਕਿ ਇਹ ਸਰਕਾਰ ਸੂਬੇ ਦੇ ਹਿੱਤਾਂ ਦੀ ਰਾਖ਼ੀ ਕਰਨ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ, ਜਿਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਚਲਦਾ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਦੋ-ਤਿਹਾਈ ਬਹੁਮਤ ਮਿਲਣ ’ਤੇ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਨਵਾਂ ਬਿੱਲ ਲੈ ਕੇ ਆਉਣਗੇ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਖੇਤੀ ਸੈਕਟਰ ਲਈ ਪਹਿਲਾਂ ਚੱਲ ਰਹੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਜਾਰੀ ਰਹੇਗੀ ਅਤੇ ਗ਼ਰੀਬਾਂ ਦੀ ਮੁਫ਼ਤ ਆਟਾ-ਦਾਲ ਸਕੀਮ ’ਚ ਚਾਹ-ਚੀਨੀ ਵੀ ਜੋੜੀ ਜਾਵੇਗੀ। ਉਨ੍ਹਾਂ ਬਾਦਲ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਸ ਸਰਕਾਰ ਨੇ ਚੰਗਾ ਪ੍ਰਸ਼ਾਸਨ ਦੇਣ ਦੀ ਥਾਂ ਆਪਣੇ ਕਾਰਜਕਾਲ ਦਾ ਪੂਰਾ ਦਹਾਕਾ ਰੇਤਾ, ਬਜਰੀ, ਟਰਾਂਸਪੋਰਟ, ਕੇਬਲ ਮਾਫ਼ੀਏ ਰਾਹੀਂ ਲੁੱਟ ਹੀ ਮਚਾਈ ਰੱਖੀ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦੇ ਕੇ ਸੂਬੇ ਦੇ ਜਵਾਨੀ ਨੂੰ ਤਬਾਹੀ ਵੱਲ ਧੱਕਿਆ। ਉਨ੍ਹਾਂ ਦੋਸ਼ ਲਾਇਆ ਕਿ 1966 ਵਿੱਚ ਅਕਾਲੀ ਦਲ ਨੇ ਆਪਣੇ ਸੌੜੇ ਧਾਰਮਿਕ ਤੇ ਸਿਆਸੀ ਹਿੱਤਾਂ ਦੇ ਚੱਲਦਿਆਂ ਸੂਬੇ ਨੂੰ ਤੋੜ ਕੇ ਛੋਟਾ ਕੀਤਾ, ਜਿਸ ਕਰਕੇ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਬਾਹਰ ਰਹੇ ਇਲਾਕੇ ਅਤੇ ਰਾਜਧਾਨੀ ਦੀਆਂ ਸਮੱਸਿਆਵਾਂ ਅੱਜ ਤੱਕ ਹੱਲ ਨਹੀਂ ਹੋਈਆਂ। ਉਨ੍ਹਾਂ ਐਸ.ਵਾਈ.ਐਲ. ਸਬੰਧੀ ਅਕਾਲੀ ਸਰਕਾਰ ਦੇ ਵਿਧਾਨ ਸਭਾ ਮਤੇ ਨੂੰ ਫ਼ਜ਼ੂਲ ਦੱਸਿਆ ਅਤੇ ਕਿਹਾ ਕਿ ਪੂਰਨ ਬਹੁਮਤ ਨਾਲ ਕਾਂਗਰਸ ਸਰਕਾਰ ਆਉਣ ’ਤੇ ਇਸ ਸਬੰਧੀ ਮੁੜ ਬਿੱਲ ਲਿਆਂਦਾ ਜਾਵੇਗਾ। ਇਸ ਮੁੱਦੇ ਦਾ ਹੱਲ ਰਾਇਪੇਰੀਅਨ ਕਾਨੂੰਨ ਅਨੁਸਾਰ ਹੀ ਕੀਤੇ ਜਾਣ ਦੀ ਵਕਾਲਤ ਕੀਤੀ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਅਕਸਰ ਕੈਪਟਨ ’ਤੇ ਐਸਵਾਈਐਲ ਨਹਿਰ ਦੀ ਖ਼ੁਦਾਈ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਚਾਂਦੀ ਦੀ ਕਹੀ ਤੇ ਤਸਲਾ ਭੇਟ ਕਰਨ ਦੇ ਲਾਏ ਜਾਂਦੇ ਦੋਸ਼ਾਂ ਨੂੰ ਰੱਦ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਚਾਂਦੀ ਦਾ ਤਸਲਾ ਤੇ ਕਹੀ ਸਿਰਫ਼ ਦਰਬਾਰ ਸਾਹਿਬ ਵਿਖੇ 1984 ਤੋਂ ਬਾਅਦ ਆਰੰਭ ਹੋਈ ਕਾਰ ਸੇਵਾ ਸਮੇਂ ਹੀ ਭੇਟ ਕੀਤੇ ਸਨ। ਹੋਰ ਕਿਤੇ ਜਾਂ ਕਦੇ ਵੀ ਨਹੀਂ ਦਿੱਤੇ।
ਪਾਣੀਆਂ ਦੇ ਮਸਲੇ ‘ਤੇ ਹੋਰ ਜਾਣਕਾਰੀ ਲਈ ਦੇਖੋ ਵੀਡੀਓ:
Related Topics: Captain Amrinder Singh Government, Law and Order in Punjab, mafia in punjab, Parkash Singh Badal, Punjab Politics, Punjab Polls 2017, Punjab River Wate, Punjab River Water Issue, Punjab Water, SYL