ਖਾਸ ਖਬਰਾਂ

ਕਿਉਂ ਭਾਲ ਰਹੇ ਨੇ ਲੋਕ ਵਟਸਐਪ ਦੇ ਬਦਲ? ਕਿਹੜੇ ਵਿਕਲਪ ਵੱਧ ਚਰਚਾ ਵਿੱਚ ਹਨ?

January 13, 2021 | By

ਚੰਡੀਗੜ੍ਹ: ਇਹਨੀਂ ਦਿਨੀਂ ਅਰਸ਼ੀ ਸੁਨੇਹਿਅਾਂ ਦੀ ਸਭ ਤੋਂ ਮਕਬੂਲ ਜੁਗਤ ਵਟਸਐਪ ਬਾਰੇ ਲੋਕ ਸ਼ੱਕੀ ਹੋ ਰਹੇ ਹਨ ਅਤੇ ਇਸ ਦੇ ਬਦਲ ਭਾਲ ਰਹੇ ਹਨ। ਵਟਸਐਪ ਅਰਸ਼ੀ ਸੁਨੇਹਿਅਾਂ ਦੀਅਾਂ ਜੁਗਤਾਂ ਵਿੱਚੋਂ ਸਭ ਤੋਂ ਮਕਬੂਲ ਰਹੀ ਹੈ। ਵਟਸਐਪ ਨੂੰ ਕੁਝ ਸਾਲ ਪਹਿਲਾਂ ਫੇਸਬੁੱਕ ਨੇੇ 19 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ। ਭਾਵੇਂ ਕਿ ਇਸ ਦੇ ਹੋਰ ਵਿਕਲਪ, ਜਿਵੇਂ ਕਿ ਵਾਈਬਰ ਤੇ ਟੈਲੀਗਰਾਮ ਆਦਿ ਮੌਜੂਦ ਸਨ, ਪਰ ਫਿਰ ਵੀ ਇਹ ਅਰਸ਼ੀ ਸੁਨੇਹਿਅਾਂ ਦੀ ਸਭ ਤੋਂ ਵੱਧ ਮਕਬੂਲ ਜੁਗਤ ਹੈ।

ਕਿਉਂ ਭਾਲ ਰਹੇ ਨੇ ਲੋਕ ਵਟਸਐਪ ਦਾ ਬਦਲ?

ਵਟਸਐਪ ਨੇ ਬੀਤੇ ਦਿਨੀਂ ਨਿੱਜਤਾ ਨੀਤੀ (ਪ੍ਰਾਈਵੇਸੀ ਪਾਲਿਸੀ) ਵਿੱਚ ਤਬਦੀਲੀ ਕੀਤੀ ਹੈ। ਜਿਸ ਤਹਿਤ ਵਟਸਐਪ ਬਿਜਨਸ ਵਾਲੇ ਖਾਤਿਅਾਂ ਨਾਲ ਵਟਸਐਪ ਵਰਤੋਂਕਾਰਾਂ ਵੱਲੋਂ ਕੀਤੀ ਕੁਝ ਸਰਗਰਮੀ ਦੇ ਵੇਰਵੇ ਫੇਸਬੁੱਕ ਨਾਲ ਸਾਂਝੇ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਵਰਤੋਂਕਾਰਾਂ ਵਿੱਚ ਇਹ ਤੌਖਲਾ ਪੈਦਾ ਹੋ ਗਿਆ ਹੈ ਕਿ ਵਟਸਐਪ ਉਹਨਾਂ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਕਰ ਸਕਦਾ ਹੈ। ਭਾਵੇਂ ਕਿ ਵਟਸਐਪ ਨੇ ਵੱਡੇ-ਵੱਡੇ ਅਖਬਾਰਾਂ ਵਿੱਚ ਪੂਰੇ-ਪੂਰੇ ਸਫੇ ਦੇ ਇਸ਼ਤਿਹਾਰ ਦੇ ਕੇ ਇਹ ਸਫਾਈ ਦਿੱਤੀ ਹੈ ਕਿ ਵਟਸਐਪ ਵਰਤੋਂਕਾਰਾਂ ਦੇ ਨਿੱਜੀ ਸੁਨੇਹਿਅਾਂ, ਗੱਲਬਾਤ ਜਾਂ ਜਾਣਕਾਰੀ ਵਟਸਐਪ ਵੱਲੋਂ ਨਹੀਂ ਪੜ੍ਹੀ ਜਾਂ ਸੁਣੀ ਜਾਂਦੀ ਅਤੇ ਨਾ ਹੀ ਇਹ ਫੇਸਬੁੱਕ ਨਾਲ ਸਾਂਝੀ ਕੀਤੀ ਜਾਂਦੀ ਹੈ ਅਤੇ ਸਿਰਫ ਵਟਸਐਪ ਬਿਜਨਸ ਵਾਲੇ ਖਾਤਿਅਾਂ ਨਾਲ ਵਟਸਐਪ ਵਰਤੋਂਕਾਰਾਂ ਵੱਲੋਂ ਕੀਤੀ ਕੁਝ ਸਰਗਰਮੀ ਦੇ ਵੇਰਵੇ ਫੇਸਬੁੱਕ ਨਾਲ ਸਾਂਝੇ ਕੀਤੇ ਜਾਣੇ ਹਨ ਪਰ ਫਿਰ ਵੀ ਵਰਤੋਂਕਾਰਾਂ ਵੱਲੋਂ ਵਟਸਐਪ ਪ੍ਰਤੀ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸੇ ਕਾਰਨ ਲੱਖਾਂ-ਕਰੋੜਾਂ ਵਰਤੋਂਕਾਰ ਵਟਸਐਪ ਦੇ ਬਦਲ ਭਾਲ ਰਹੇ ਹਨ।


ਵਟਸਐਪ ਦੇ ਵਿਕਲਪ ਜੋ ਇਸ ਵੇਲੇ ਚਰਚਾ ਵਿੱਚ ਹਨ:

ਵਟਸਐਪ ਦੇ ਬਹਤ ਸਾਰੇ ਵਿਕਲਪ ਮੌਜੂਦ ਹਨ ਪਰ ਜੋ ਵਿਕਲਪ ਇਸ ਵੇਲੇ ਵਧੇਰੇ ਚਰਚਾ ਵਿੱਚ ਹਨ ਉਹ ਹਨ ਟੈਲੀਗਰਾਮ ਅਤੇ ਸਿਗਨਲ।

ਟੈਲੀਗਰਾਮ ਰਾਹੀਂ ਲਿਖਤੀ ਸੁਨੇਹੇ, ਤਸਵੀਰਾਂ, ਵੀਡੀਓ, ਦਸਤਾਵੇਜ਼ ਆਦਿ ਭੇਜੇ ਜਾ ਸਕਦੇ ਹਨ ਅਤੇ ਬੋਲ ਕੇ ਗੱਲਬਾਤ ਵੀ ਕੀਤੀ ਜਾ ਸਕਦੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਟੈਲੀਗਰਾਮ ਵਟਸਐਪ ਤੋਂ ਵਧੀਕ ਸੁਰੱਖਿਅਤ ਹੈ। ਟੈਲੀਗਰਾਮ ਉੱਤੇ ਟੋਲੇ (ਗੁਰੱਪ) ਅਤੇ ਲੜੀ (ਚੈਨਲ) ਬਣਾਉਣ ਦੀ ਸਹੂਲਤ ਹੈ ਜੋ ਕਿ ਵਟਸਐਪ ਵਿਚਲੀ ਟੋਲੇ ਅਤੇ ਸੂਚੀਅਾਂ (ਬ੍ਰਾਡਕਾਸਟਿੰਗ ਲਿਸਟਾਂ) ਦੀ ਸਹੂਲਤ ਤੋਂ ਵਧੇਰੇ ਕਾਰਗਰ ਹੈ।

ਸਿਗਨਲ ਵਟਸਐਪ ਦਾ ਉਹ ਦੂਜਾ ਵਿਕਲਪ ਹੈ ਜੋ ਇਸ ਵੇਲੇ ਚਰਚਾ ਵਿੱਚ ਹੈ। ਇਸ ਜੁਗਤ ਰਾਹੀਂ ਵੀ ਸੁਨੇਹੇ, ਤਸਵੀਰਾਂ, ਵੀਡੀਓ, ਦਸਤਾਵੇਜ਼ ਆਦਿ ਭੇਜੇ ਜਾ ਸਕਦੇ ਹਨ ਅਤੇ ਬੋਲ ਕੇ ਗੱਲਬਾਤ ਵੀ ਕੀਤੀ ਜਾ ਸਕਦੀ ਹੈ। ਇਸ ਜੁਗਤ ਨੂੰ ਨਿੱਜਤਾ ਦੇ ਮਾਮਲੇ ਵਿੱਚ ਵਧੇਰੇ ਕਾਰਗਰ ਮੰਨਿਆ ਜਾ ਰਿਹਾ ਹੈ। ਸਿਗਨਲ ਉੱਤੇ ਵੀ ਟੋਲੇ (ਗੁਰੱਪ) ਬਣਾਏ ਜਾ ਸਕਦੇ ਹਨ।

13 ਜਨਵਰੀ 2021 ਨੂੰ ਟੈਲੀਗਰਾਮ ਨੇ ਐਲਾਨ ਕੀਤਾ ਕਿ ਪਿਛਲੇ 72 ਘੰਟਿਅਾਂ ਦੌਰਾਨ ਟੈਲੀਗਰਾਮ ਨਾਲ ਜੁੜਨ ਵਾਲੇ ਵਰਤੋਂਕਾਰਾਂ ਦੀ ਗਿਣਤੀ 25 ਮਿਲੀਅਨ (ਢਾਈ ਕਰੋੜ) ਹੈ ਅਤੇ ਇਸ ਜੁਗਤ ਨੂੰ ਵਰਤਣ ਵਾਲੇ ਕੁੱਲ ਵਰਤੋਂਕਾਰਾਂ ਦੀ ਗਿਣਤੀ 500 ਮਿਲੀਅਨ (ਪੰਜਾਹ ਕਰੋੜ) ਦਾ ਅੰਕੜਾ ਪਾਰ ਕਰ ਗਈ ਹੈ। ਇਸੇ ਤਰ੍ਹਾਂ ਸਿਗਨਲ ਐਪ ਦੇ ਵਰਤੋਂਕਾਰਾਂ ਦੀ ਗਿਣਤੀ ਵਿੱਚ ਵੀ ਅਚਾਨਕ ਭਾਰੀ ਵਾਧਾ ਹੋ ਰਿਹਾ ਹੈ।

ਜਦੋਂ ਕਿ ਲੋਕ ਟੈਲੀਗਰਾਮ ਅਤੇ ਸਿਗਰਨ ਜੁਗਤ ਦੀ ਵਰਤੋਂ ਕਰਨੀ ਸ਼ੁਰੂ ਕਰ ਰਹੇ ਹਨ ਇਸ ਬਾਰੇ ਹਾਲੀ ਬਹੁਤੇ ਵੇਰਵੇ ਨਹੀਂ ਮਿਲ ਰਹੇ ਕਿ ਇਹਨਾਂ ਵਿੱਚੋਂ ਕਿੰਨੇ ਲੋਕ ਵਟਸਐਪ ਦੀ ਵਰਤੋਂ ਕਰਨੀ ਬਿਲਕੁਲ ਬੰਦ ਕਰ ਰਹੇ ਹਨ। ਲੱਗਦਾ ਹੈ ਕਿ ਹਾਲ ਦੀ ਘੜੀ ਬਹੁਤੇ ਲੋਕ ਵਿਕਲਪਾਂ ਵੱਧ ਵਧ ਰਹੇ ਹਨ ਪਰ ਵਟਸਐਪ ਦੀ ਵਰਤੋਂ ਵੀ ਬੰਦ ਨਹੀਂ ਕਰ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,