February 23, 2023 | By ਖੇਤੀਬਾੜੀ ਅਤੇ ਵਾਤਾਵਰਨ ਜਾਗਰੁਕਤਾ ਕੇਂਦਰ
ਪਾਣੀ ਜੀਵਨ ਦਾ ਮੂਲ ਆਧਾਰ ਹੈ। ਗੁਰਬਾਣੀ ਵਿੱਚ ਕਿਹਾ ਗਿਆ ਹੈ,”ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ।।” ਧਰਤੀ ‘ਤੇ ਜੀਵ ਜੰਤੂ, ਪੇੜ-ਪੌਦੇ ਆਦਿ ਸਾਰੀ ਬਨਸਪਤੀ ਹੀ ਪਾਣੀ ‘ਤੇ ਨਿਰਭਰ ਹਨ। ਬਹੁਤ ਸਾਰੇ ਪਦਾਰਥ ਜਿਵੇਂ ਕਪੜਾ, ਮਸ਼ੀਨਰੀ, ਪੇਪਰ, ਇਮਾਰਤਸਾਜ਼ੀ ਆਦਿ ਦੀ ਬਣਾਵਟ ਸਮੇਂ ਵੀ ਪਾਣੀ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਪਰ ਪਾਣੀ ਦੀ ਮਹੱਤਤਾ ਨੂੰ ਜਾਣਦੇ ਹੋਏ ਵੀ ਅਸੀਂ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਕਰ ਰਹੇ ਹਾਂ।
ਪੰਜਾਬ ਦੇ ਜਲੰਧਰ ਜ਼ਿਲੇ ਦੀ ਪਾਣੀ ਦੀ ਸਥਿਤੀ ਵੱਲ ਝਾਤ ਮਾਰੀਏ ਕਿ ਕਿੰਨਾ ਕੁ ਪਾਣੀ ਧਰਤੀ ਹੇਠ ਮੌਜੂਦ ਹੈ ਤੇ ਕਿੰਨਾ ਕੱਢਿਆ ਜਾ ਰਿਹਾ ਹੈ।
ਪਾਣੀ ਕੱਢਣ ਦੀ ਦਰ:
ਜ਼ਿਲ੍ਹੇ ਦੀ ਧਰਤੀ ਹੇਠੋਂ ਪਾਣੀ ਕੱਢਣ ਦੀ ਦਰ 257% ਹੈ। ਜਲੰਧਰ ਜ਼ਿਲ੍ਹੇ ਵਿੱਚ 11 ਬਲਾਕ ਹਨ, ਜਿਹੜੇ ਕਿ ਸਾਰੇ ਹੀ ਗੰਭੀਰ ਹਾਲਤ ਵਿੱਚ ਹਨ ਭਾਵ ਕਿ ਓਥੇ ਧਰਤੀ ਹੇਠਲੇ ਪਾਣੀ ਕੱਢਣ ਦੀ ਦਰ 100% ਤੋਂ ਵੱਧ ਹੈ, ਜੋ ਕਿ ਚਿੰਤਾਜਨਕ ਸਥਿਤੀ ਬਿਆਨ ਕਰਦੇ ਹਨ।
ਜਲੰਧਰ ਜ਼ਿਲੇ ਦੇ ਬਲਾਕਾਂ ਅੰਦਰ ਪਾਣੀ ਕੱਢਣ ਦੀ ਦਰ ਇਸ ਤਰਾਂ ਹੈ:
ਸਾਲ 2017 ਸਾਲ 2020
1.ਆਦਮਪੁਰ : 190% 203%
2. ਭੋਗਪੁਰ : 279% 235%
3. ਰੁੜਕਾਂ ਕਲਾਂ : 211% 261%
4. ਜਲੰਧਰ ਪੂਰਬੀ : 316% 329%
5. ਜਲੰਧਰ ਪੱਛਮੀ : 213% 243%
6. ਲੋਹੀਆਂ : 266% 260%
7. ਨਕੋਦਰ : 277% 296%
8. ਨੂਰਮਹਿਲ : 218% 221%
9. ਫਿਲੌਰ : 206% 269%
10. ਸ਼ਾਹਕੋਟ : 266% 307%
11. ਮਹਿਤਪੁਰ 245%
(ਨਵਾਂ ਬਲਾਕ
2019-20)
ਪਾਣੀ ਦਾ ਕੁੱਲ ਭੰਡਾਰ:
ਧਰਤੀ ਹੇਠਲੇ ਪਾਣੀ ਕੱਢਣ ਦਾ ਕੁੱਲ ਭੰਡਾਰ 244 ਲੱਖ ਏਕੜ ਫੁੱਟ ਹੈ। ਇਸ ਜ਼ਿਲ੍ਹੇ ਦੇ ਤਿੰਨੋਂ ਪੱਤਣਾਂ ਵਿੱਚ ਪਾਣੀ ਮੌਜੂਦ ਹੈ ਜਿਸ ਵਿੱਚ ਪਹਿਲੇ ਪੱਤਣ ਵਿੱਚ 111.25, ਦੂਜਾ ਪੱਤਣ ਵਿੱਚ 43.4 ਅਤੇ ਤੀਜੇ ਪੱਤਣ ਵਿੱਚ 89.3 ਲੱਖ ਏਕੜ ਫੁੱਟ ਹੈ।
ਝੋਨੇ ਅਤੇ ਰੁੱਖਾਂ ਹੇਠ ਰਕਬਾ :
ਇਸ ਜ਼ਿਲੇ ਦਾ ਝੋਨੇ ਹੇਠ ਰਕਬਾ 72% ਹੈ, ਜੋ ਕਿ ਜ਼ਮੀਨੀ ਪਾਣੀ ਘਟਣ ਦਾ ਵੱਡਾ ਕਾਰਨ ਹੈ। ਕੇਂਦਰ ਦੀ ਜਮੀਨ ਹੇਠਲੇ ਪਾਣੀ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ ਖੇਤੀਬਾੜੀ ਹੇਠ ਰਕਬਾ 241000 ਹੈਕਟੇਅਰ ਹੈ ਜੋ ਕੁੱਲ ਰਕਬੇ ਦਾ 91% ਬਣਦਾ ਹੈ। ਸਾਉਣੀ ਦੀ ਮੁੱਖ ਫਸਲ ਝੋਨਾ ਹੈ,ਅੰਕੜਿਆਂ ਮੁਤਾਬਿਕ ਝੋਨੇ ਦੀ ਕਾਸ਼ਤ 85 ਦੇ ਕਰੀਬ ਵਧੀ ਹੈ 1950-51 ਤੋਂ ਬਾਅਦ ਕਣਕ ਦੀ ਕਾਸ਼ਤ ਦੇ ਮੁਕਾਬਲੇ 1.7 ਗੁਣਾ ਵਾਧਾ ਹੋਇਆ ਹੈ। ਝੋਨੇ ਦੀ ਕਾਸ਼ਤ ਦਾ ਔਸਤ ਝਾੜ 806 ਕਿਲੋਗ੍ਰਾਮ/ਹੈਕਟੇਅਰ ਤੋਂ ਵਧ ਕੇ 3948 ਕਿਲੋ/ਹੈਕਟੇਅਰ ਹੋ ਗਿਆ ਹੈ। ਇਸ ਤਰ੍ਹਾਂ ਧਰਤੀ ਹੇਠਲਾ ਪਾਣੀ ਵੱਧ ਕੱਢਿਆ ਜਾ ਰਿਹਾ ਹੈ।
ਜਲੰਧਰ ਜ਼ਿਲੇ ਦਾ ਰੁੱਖਾਂ ਹੇਠ ਰਕਬਾ 0.38 % ਹੈ ਜੋ ਕਿ ਬਹੁਤ ਘੱਟ ਹੈ।
ਸੰਭਾਵੀ ਹੱਲ ਲਈ ਕੀ ਕੀਤਾ ਜਾ ਸਕਦਾ ਹੈ:
੧. ਜਿਲ੍ਹੇ ਵਿਚ ਝੋਨੇ ਹੇਠ ਰਕਬਾ ਘਟਾਉਣਾ ਚਾਹੀਦਾ ਹੈ ਅਤੇ ਖੇਤੀਬਾੜੀ ਵਿੱਚ ਵਿੰਭਿੰਨਤਾ ਦੇ ਨਾਲ ਆਪਣੀਆਂ ਰਵਾਇਤੀ ਫ਼ਸਲਾਂ ਵੱਲ ਮੁੜਨਾ ਚਾਹੀਦਾ ਹੈ।
੨. ਖੇਤੀ ਲਈ ਜ਼ਮੀਨ ਹੇਠਲੇ ਪਾਣੀ ਦੀ ਜਗ੍ਹਾ ਨਹਿਰੀ ਪਾਣੀ ਤੇ ਨਿਰਭਰਤਾ ਵਧਾਉਣੀ ਚਾਹੀਦੀ ਹੈ।
੩. ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਅਤੇ ਫੁਆਰਾ ਤੇ ਤੁਪਕਾ ਸਿੰਚਾਈ ਵਿਧੀ ਵਰਗੇ ਸੰਚਾਈ ਦੇ ਪ੍ਰਬੰਧ ਅਪਣਾਉਣੇ ਚਾਹੀਦੇ ਹਨ।
੪. ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।
੫. ਜੰਗਲਾਤ ਹੇਠ ਰਕਬਾ ਵਧਾਇਆ ਜਾਣਾ ਚਾਹੀਦਾ ਹੈ। ਇਸ ਵਾਸਤੇ ਨਿੱਜੀ ਅਤੇ ਸਮਾਜਿਕ ਪੱਧਰ ‘ਤੇ ਛੋਟੇ ਜੰਗਲ ਲਗਾਏ ਜਾ ਸਕਦੇ ਹਨ।
Related Topics: Agriculture And Environment Awareness Center, Jalandhar, Punjab Ground Water Crisis