March 21, 2018 | By ਸਿੱਖ ਸਿਆਸਤ ਬਿਊਰੋ
* ਲੇਖਕ: ਹਰਪ੍ਰੀਤ ਸਿੰਘ
ਭਾਈ ਗੁਰਬਕਸ਼ ਸਿੰਘ ਦੀ ਮੌਤ ਨੂੰ ਮੌਤ ਕਹਿਣੈ ਕਿ ਸ਼ਹੀਦੀ, ਸਾਡੀ ਕੌਮ ਹੁਣ ਉਸ ਪ੍ਰਸ਼ਨ ਵੱਲ ਉਲਾਰ ਹੋ ਜਾਵੇਗੀ। ਉਹ ਪ੍ਰਸ਼ਨ ਫਿਰ ਇੱਕ ਅਗਿਆਨ ਹਨ੍ਹੇਰੇ ‘ਚ ਦਫਨ ਹੋ ਜਾਵੇਗਾ ਕਿ ਇਹ ਮੌਤ ਜਾਂ ਸ਼ਹੀਦੀ ਕਿਹੜੇ ਕਾਰਣਾਂ ਕਰਕੇ ਹੋਈ ਹੈ। ਭਾਈ ਗੁਰਬਕਸ਼ ਸਿੰਘ ਦੇ ਮਰਨ ਵਰਤ ਦੀ, ਸਮੇਤ ਮੇਰੇ, ਲੱਖਾਂ ਲੋਕਾਂ ਨੇ ਹਿਮਾਇਤ ਵੀ ਤੇ ਕੀਤੀ ਅਤੇ ਕੌਲਘਾਤ ਕਰਨ ਤੇ ਵਿਰੋਧਤਾ ਵੀ। ਪਰ ਕਦੀ ਵੀ ਕਿਸੇ ਨੇ ਇਸ ਗੱਲ ਤੇ ਕੋਈ ਕਿੰਤੂ ਨੀ ਕੀਤਾ ਕਿ ਜਿਹੜੇ ਕਾਰਨਾਂ ਕਰਕੇ ਇਹ ਮੁਹਿੰਮ ਵਿੱਢੀ ਗਈ ਸੀ ਉਹ ਕਿਸੇ ਵੀ ਪੱਖੋਂ ਗ਼ਲਤ ਸੀ।
ਕੱਲ੍ਹ ਜਦ ਗੁਰਬਕਸ਼ ਸਿੰਘ ਨੇ ਇੱਕ ਪੋਸਟਰ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਖਾਤਿਰ ਤੀਸਰੇ “ਮਰਹਲੇ” ਦੀ ਸ਼ੁਰੂਆਤ ਕਰਨ ਵਾਲ਼ਾ ਪੋਸਟਰ ਸਮਾਜਿਕ ਮਾਧਿਅਮ ਰਾਹੀਂ ਸਾਂਝਾ ਕੀਤਾ ਤਾਂ ਚਿੱਤ ‘ਚ ਆਇਆ ਕਿ “ਜੁਝਾਰ ਦਾ ਭਾਪਾ” ਇੱਕ ਨਵਾਂ “ਖੇਖਣ” ਸ਼ੁਰੂ ਕਰਨ ਜਾ ਰਿਹਾ ਏ। ਪਰ ਅੱਜ ਜਦੋਂ ਕਿਸੇ ਅਜੀਜ਼ ਮਿੱਤਰ ਨੇ ਇਹ ਖਬਰ ਸਾਂਝੀ ਕੀਤੀ ਕਿ ਸਿੰਘ ਫਤਹਿ ਬੁਲਾ ਗਿਆ ਹੈ ਤਾਂ ਬਿਨਾਂ ਕਿਸੇ ਜਮ੍ਹਾਂ-ਘਟਾਉ ਤੋਂ ਦਿਲ ਦੀ ਇਹ ਹੂਕ ਜ਼ੁਬਾਨ ਤੇ ਪ੍ਰਗਟ ਹੋ ਗਈ ਕਿ ਵਾਕਿਆ ਹੀ ਸਿੰਘ ਆਪਣੀ ਗਵਾਹੀ ਦੇ ਗਿਐ , ਵਾਕਿਆ ਹੀ ਸਿੰਘ ਉਸ ਵੱਡੇ ਕਾਜ ਲਈ ਆਪਣੀ ਸ਼ਾਹਦੀ ਭਰ ਗਿਆ ਏ ਜਿਸ ਲਈ ਪਹਿਲਾਂ ਉਹ ਦੋ ਵਾਰੀ “ਕਿਸੇ ਕਾਰਣ” ਕਰਕੇ ਕਮਜ਼ੋਰੀ ਦਿਖਾ ਗਿਆ ਸੀ।
ਚਾਹੇ ਕਿ ਅਜੇ ਵੀ ਇਸ ਖਬਰ ਤੇ ਯਕੀਨ ਨੀ ਸੀ ਹੋ ਰਿਹਾ ਕਿ ਗੁਰਬਕਸ਼ ਸੂੰਹ ਭਾਈ ਗੁਰਬਕਸ਼ ਸਿੰਘ ਵਾਲ਼ਾ ਜੀਵਨ ਜੀਅ ਕੇ ਮੌਤ ਦੇ ਗਲ਼ੇ ਜਾ ਲੱਗਾ ਏ। ਹੁਣ ਵੀ ਸਮਾਜਿਕ ਮਾਧਿਅਮ ਤੇ ਮੇਰੇ ਵਰਗੇ “ਸਿਆਣੇ ਸੱਜਣ” ਪ੍ਰਸ਼ੰਸਾ-ਦੂਸ਼ਣ ਦੇ ਦੌਰ ਚਲਾਉਣਗੇ , ਸਰਕਾਰੀ ਕਲਮਾਂ ਵੀ ਆਪਣਾ ਰੰਗ ਬਖੇਰਨਗੀਆਂ, ਪਰ ਸਿੱਖ ਪੰਥ ਅੱਗੇ ਇਹ ਜ਼ਿੰਮੇਵਾਰੀ ਵੀ ਆਇਦ ਹੋ ਜਾਵੇਗੀ ਕਿ ਅਸੀਂ ਕਦ ਤੱਕ ਇਨਸਾਫ “ਮੰਗਣ” ਲਈ “ਲੇਲ੍ਹੜੀਆਂ” ਕੱਢਦੇ ਫਿਰਾਂਗੇ? ਕਦ ਇਨਸਾਫ “ਲੈਂਣ” ਲਈ “ਖੜ੍ਹੇ ਹੋਵਾਂਗੇ”?
ਇਹ ਗੱਲ ਤਹਿ ਹੈ ਕਿ ਲੇਲ੍ਹੜੀਆਂ ਕੱਢਣ ਨਾਲ ਭੀਖ ਹੀ ਮਿਲਦੀ ਹੁੰਦੀ ਏ ਤੇ ਇਨਸਾਫ ਕੋਈ ਭੀਖ ਨੀ ਜੋ ਮੰਗੀ ਜਾ ਸਕਦੀ ਹੈ, ਇਨਸਾਫ ਤਾਂ ਇੱਕ ਬੇਸ਼ਕੀਮਤੀ ਰਤਨ ਏ ਜੋ ਹਾਸਲ ਕੀਤਾ ਜਾ ਸਕਦਾ ਏ ਮੰਗੇ ਤੇ ਕੋਈ ਨਹੀਂ ਦੇਵੇਗਾ। ਹਾਸਿਲ ਕੋਈ ਬੰਦਾ ਕਿਸੇ ਚੀਜ਼ ਨੂੰ ਤਾਂ ਹੀ ਕਰ ਸਕਦਾ ਏ ਉਸਦੇ ਕਾਬਲ ਹੋਵੇ ਤਾਂ।
ਸਿੱਖੋ! ਆਉ ਭਾਈ ਗੁਰਬਕਸ਼ ਸਿੰਘ ਦੀ ਸ਼ਹਾਦਤ ਨੂੰ ਬਹਿਸ ਕਰਕੇ ਨਾ ਰੋਲੀਏ ਸਗੋਂ ਇੱਕ ਦੂਜੇ ਦਾ ਹੱਥ ਫੜ ਕੇ, ਖੜ੍ਹੇ ਹੋ ਕੇ ਇਨਸਾਫ ਲੈਂਣ ਲਈ ਕਮਰਕੱਸੇ ਕਰੀਏ। ਦੁਸ਼ਮਣ ਸ਼ਕਤੀਸ਼ਾਲੀ ਸਿਰਫ ਤੇ ਸਿਰਫ ਤਾਂ ਲੱਗ ਰਿਹਾ ਏ ਕਿਉਂਕਿ ਅਸੀਂ ਆਪਣੀ ਤਾਕਤ ਆਪਸ ਚ ਲੜ ਕੇ ਜ਼ਾਇਆ ਕਰ ਰਹੇ ਹਾਂ।
ਇੱਕ ਗੱਲ ਤਹਿ ਹੈ ਕਿ ਉਸ ਨਿਜ਼ਾਮ ਦੇ ਭੰਡਾਰ ਚ ਸਿੱਖਾਂ ਲਈ ਸਿਰਫ ਤੇ ਸਿਰਫ ਉਮਰ ਕੈਦਾਂ ਜਾਂ ਫਾਂਸੀਆਂ ਹੀ ਨੇ, ਸਿੱਖਾਂ ਦੇ ਕਾਤਲਾਂ ਲਈ ਇਨਾਮਾਂ ਵਜੋਂ ਵੱਡੇ ਵੱਡੇ ਅਹੁਦੇ। ਇਹ ਗੱਲ ਸਾਨੂੰ ਸਭ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਆਜ਼ਾਦੀ ਸਾਡੇ ਸਾਰੇ ਦੁੱਖਾਂ ਦਾ ਇੱਕੋ-ਇੱਕ ਇਲਾਜ ਹੈ।
ਇੱਕ ਗੱਲ ਹੋਰ ਕਹਾਂਗਾ ਕਿ ਇਸ ਸ਼ਹਾਦਤ ਨੂੰ ਨਿੱਜੀ ਪਰਿਵਾਰ ਸੀਮਤ ਨਾ ਰੱਖ ਕੇ ਪੰਥਕ ਪਰਿਵਾਰ ਨੂੰ ਸਮਰਪਤ ਕਰ ਦੇਣਾ ਚਾਹੀਦਾ ਹੈ। ਆਪਸ ਚ ਖਹਿਬੜਨ ਨਾਲੋਂ ਦੁਸ਼ਮਣ ਵੱਲ ਸੇਧਿਤ ਹੋ ਕੇ ਸੰਘਰਸ਼ ਕਰਨਾ ਹੀ ਭਾਈ ਗੁਰਬਖਸ਼ ਸਿੰਘ ਨੂੰ ਸੱਚੀ ਅਤੇ ਸਹੀ ਸ਼ਰਧਾਂਜਲੀ ਹੋਵੇਗੀ।
ਉਮਰ ਕੈਦੀ ਬੰਦੀ ਸਿੰਘਾਂ ਦੇ ਮਾਮਲੇ ‘ਤੇ ਖਾਸ-ਗੱਲਬਾਤ ਜਰੂਰ ਸੁਣੋ:
Related Topics: Gurbaksh Singh Khalsa, Indian Politics, Indian Satae, Punjab Politics, Sikh Political Prisoners