
August 17, 2023 | By ਸਿੱਖ ਸਿਆਸਤ ਬਿਊਰੋ
ਸਰੀ, ਕਨੇਡਾ: ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਕਨੇਡਾ ਦੀ ਪੁਲਿਸ ਨੇ ਦੋ ਸ਼ੱਕੀ ਦੋਸ਼ੀਆਂ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਸੀ ਤੇ ਅੱਜ ਤੀਜੇ ਸ਼ੱਕੀ ਬਾਰੇ ਜਾਣਕਾਰੀ ਦਿੱਤੀ ਹੈ, ਜੋ 2008 ਮਾਡਲ ਦੀ ਸਿਲਵਰ ਰੰਗ ਦੀ ਟੋਇਟਾ ਕੈਮਰੀ ਵਿੱਚ ਹਮਲਾਵਰਾਂ ਨਾਲ ਮੌਜੂਦ ਸੀ।
ਪੁਲਿਸ ਵੱਲੋਂ ਗੱਡੀ ਦੀ ਤਸਵੀਰ ਜਾਰੀ ਕੀਤੀ ਗਈ ਹੈ ਪਰ ਉਸ ਦਾ ਚਾਲਕ ਤਸਵੀਰ ਵਿੱਚ ਸਾਫ ਦਿਖਾਈ ਨਹੀਂ ਦੇ ਰਿਹਾ।
ਕਨੇਡਾ ਦੀ ਪੁਲਿਸ ਵੱਲੋਂ 16 ਅਗਸਤ 2023 ਨੂੰ ਜਾਰੀ ਕੀਤੀ ਗਈ ਤਸਵੀਰ | ਸਰੋਤ: ਸਿੱਖ ਸਿਆਸਤ
ਪਹਿਲੇ ਦੋ ਸ਼ੱਕੀਆਂ ਬਾਰੇ ਵੀ ਇਹੀ ਦੱਸਿਆ ਗਿਆ ਸੀ ਉਹ ਭਾਰੇ ਸਰੀਰ ਦੇ ਸਨ ਅਤੇ ਮੂੰਹ ਪੂਰੀ ਤਰਾਂ ਢਕੇ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਹੁਲੀਏ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਸੀ।
ਜਾਰੀ ਕੀਤੀ ਗੱਡੀ ਦੀ ਤਸਵੀਰ ਬਾਰੇ ਵੀ ਪੁਲਿਸ ਕੋਲ ਕਾਰ ਦੀ ਨੰਬਰ ਪਲੇਟ ਜਾਂ ਕਾਰ ਬਾਰੇ ਹੋਰ ਕੋਈ ਵੀ ਜਾਣਕਾਰੀ ਨਹੀਂ ਹੈ। ਪੁਲਿਸ ਨੇ ਲੋਕਾਂ ਕੋਲੋਂ ਇਹ ਜਾਣਕਾਰੀ ਮੰਗੀ ਗਈ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਗੱਡੀ ਬਾਰੇ ਜਾਣਕਾਰੀ ਹੋਵੇ, ਉਸ ਦਿਨ ਲੋਕਾਂ ਦੇ ਕੈਮਰੇ ਜਾਂ ਡੈਸ਼-ਕੈਮ ਵਿੱਚ ਆਈ ਹੋਵੇ ਤਾਂ ਉਹ ਪੁਲਿਸ ਨੂੰ ਦੱਸਣ ਤਾਂ ਕਿ ਸ਼ੱਕੀ ਹਮਲਾਵਰਾਂ ਦੀ ਪਛਾਣ ਹੋ ਸਕੇ।
ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਵਾਰਦਾਤ ਤੋਂ ਬਾਅਦ ਇਹ ਗੱਡੀ 68 ਐਵੇਨਿਊ ਰਾਹੀਂ ਭਜਾ ਕੇ ਨਿੱਕਲ ਗਏ ਸਨ।
ਜ਼ਿਕਰਯੋਗ ਹੈ ਕਿ ਗੁਰੁ ਨਾਨਕ ਗੁਰਦੁਆਰਾ ਸਾਹਿਬ, ਸਰੀ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਨੂੰ 19 ਜੂਨ 2023 ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸਿੱਖ ਸਫਾਂ ਵਿਚ ਇਸ ਕਤਲ ਪਿੱਛੇ ਇੰਡੀਅਨ ਸਟੇਟ ਦੀਆਂ ਏਜੀਸੀਆਂ ਦਾ ਹੱਥ ਹੋਣ ਦੀ ਚਰਚਾ ਹੈ।
Related Topics: Bhai Hardeep Singh Nijjar, Sikh Diaspora, Sikh News Canada, Sikhs in Canada