July 16, 2024 | By ਸਿੱਖ ਸਿਆਸਤ ਬਿਊਰੋ
ਫਰੈਂਕਫੋਰਟ, ਜਰਮਨੀ: ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿੱਚ ਦਲ ਖਾਲਸਾ ਜਥੇਬੰਦੀ ਦੇ ਸਰਪ੍ਰਸਤ ਤੇ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਅਤੇ ‘ਜੰਗ-ਏ-ਅਜ਼ਾਦੀ’ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦਲ ਖਾਲਸਾ ਜਰਮਨੀ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ।
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਗੁਰਨਿਸ਼ਾਨ ਸਿੰਘ ਪੱਟੀ, ਭਾਈ ਜਤਿੰਦਰ ਸਿੰਘ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਸਰਵਣ ਕਰਵਾਏ। ਦੇਸ ਪੰਜਾਬ ਤੋਂ ਭਾਈ ਮਨਜੀਤ ਸਿੰਘ ਪਠਾਨਕੋਟ ਵਾਲਿਆਂ ਦੇ ਜਥੇ ਨੇ ਰਸ ਭਿੰਨੇ ਕੀਰਤਨ ਤੇ ਗੁਰਬਾਣੀ ਦੀ ਲੋਅ ਵਿੱਚ ਭਾਈ ਗਜਿੰਦਰ ਸਿੰਘ ਜੀ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਵੀਚਾਰ ਸਾਂਝੇ ਕੀਤੇ। ਭਾਈ ਚਮਕੌਰ ਸਿੰਘ ਸਭਰਾ ਅਤੇ ਭਾਈ ਕੁਲਵਿੰਦਰ ਸਿੰਘ ਸਭਰਾ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਵਾਰਾਂ ਰਾਹੀਂ ਸ਼ਰਧਾ ਦੇ ਫੁੱਲ ਅਰਪਣ ਕੀਤੇ ।
ਸਟੇਜ ਦੀ ਸੇਵਾ ਨਿਭਾਉਂਦਿਆਂ ਹੋਇਆਂ ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਭਾਈ ਗਜਿੰਦਰ ਸਿੰਘ ਦੇ ਸ਼ਬਦਾਂ “ਸਭ ਮੇਰੇ ਹਨ ਤੇ ਗਜਿੰਦਰ ਸਿੰਘ ਸਭਨਾ ਦਾ ਹੈ” ਸਾਂਝੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖੇ ਸਮਾਗਮ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਾਮਲ ਹੋਈਆਂ ਸਮੂਹ ਪੰਥਕ ਜਥੇਬੰਦੀਆਂ ਤੇ ਗਿਆਨੀ ਰਘਬੀਰ ਸਿੰਘ ਵੱਲੋਂ ਸ਼ਰਧਾਂਜਲੀ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਜਲਾਵਤਨੀ ਯੋਧੇ ਦਾ ਖ਼ਿਤਾਬ ਦੇਣਾ ਇਤਿਹਾਸਕ ਹੋ ਨਿਬੜਿਆ। ਉਹਨਾ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ, ਭਾਈ ਹਰਦੀਪ ਸਿੰਘ ਨਿੱਜਰ ਤੇ ਭਾਈ ਗਜਿੰਦਰ ਸਿੰਘ ਜੀ ਦੀ ਤਸਵੀਰਾਂ ਲਗਾਉਣ ਦੀ ਗੱਲ ਕਰਨਾ ਹਾਂ ਪੱਖੀ ਕਦਮ ਹੈ। ਉਨ੍ਹਾਂ ਕਿਹਾ ਕਿ ਭਾਈ ਗਜਿੰਦਰ ਸਿੰਘ ਸਰੀਰਕ ਤੌਰ ਤੇ ਵਿੱਛੜ ਗਏ ਹਨ ਪਰ ਉਹਨਾਂ ਦਾ ਜੀਵਨ ਸਿੱਖ ਇਤਿਹਾਸ ਵਿੱਚ ਦਰਜ ਹੋ ਗਿਆ ਹੈ ਤੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਹਮੇਸ਼ਾਂ ਚਮਕਦਾ ਰਹੇਗਾ। ਉਹਨਾਂ ਆਪਣੀ ਕਲਮ ਨਾਲ ਲਿਖੀਆਂ ਜੁਝਾਰੂ ਕਵਿਤਾਵਾਂ ਹਮੇਸ਼ਾਂ ਆਉਣ ਵਾਲੀ ਪੀੜੀ ਲਈ ਪ੍ਰੇਰਣਾ ਦਿੰਦੀਆਂ ਰਹਿਣਗੀਆਂ।
ਇਸ ਮੌਕੇ ਤੇ ਭਾਈ ਗਜਿੰਦਰ ਸਿੰਘ ਤੇ ਪਰਿਵਾਰ ਵੱਲੋਂ ਸੰਘਰਸ਼ ਨੂੰ ਸਾਥ ਦੇਣ ਨੂੰ ਯਾਦ ਕੀਤਾ ਗਿਆ। ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਪੰਹੁਚੀਆਂ ਸੰਗਤਾਂ ਦੇ ਇਕੱਠ ਵਿੱਚ ਬੁਲਾਰਿਆਂ ਨੇ ਭਾਈ ਗਜਿੰਦਰ ਸਿੰਘ ਤੇ ਜੰਗ ਏ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਰਧਾ ਦੇ ਫੁੱਲ ਅਰਪਣ ਕੀਤੇ।
ਬੁਲਾਰਿਆਂ ਵਿੱਚ ਦਲ ਖਾਲਸਾ ਬੈਲਜੀਅਮ ਦੇ ਪ੍ਰਧਾਨ ਭਾਈ ਜਗਮੋਹਨ ਦਿੰਘ ਮੰਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ, ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ, ਫਰੈਂਕਫਰਟ ਦੀ ਵਿਦੇਸ਼ੀ ਕੌਂਸਲ ਦੇ ਮੈਬਰ ਭਾਈ ਨਰਿੰਦਰ ਸਿੰਘ ਘੋਤੜਾ, ਭਾਈ ਬਲਕਾਰ ਸਿੰਘ, ਭਾਈ ਨਿਰਮਲ ਸਿੰਘ ਹੰਸਪਾਲ, ਦਲ ਖਾਲਸਾ ਜਰਮਨੀ ਦੇ ਭਾਈ ਹਰਮੀਤ ਸਿੰਘ ਲੇਹਲ, ਦਲ ਖਾਲਸਾ ਸਵਿਟਜ਼ਰਲੈਂਡ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਭਾਈ ਪ੍ਰਿਤਪਾਲ ਸਿੰਘ ਖਾਲਸਾ ਸ਼ਾਮਲ ਸਨ।
ਬੁਲਾਰਿਆਂ ਨੇ ਭਾਈ ਗਜਿੰਦਰ ਸਿੰਘ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਕਿ ਕਿਵੇਂ ਉਹਨਾ ਨੇ ਆਪਣੀ ਜ਼ਿੰਦਗੀ ਦੇ 73 ਸਾਲਾਂ ਵਿੱਚੋਂ 53 ਸਾਲ ਸੰਘਰਸ਼ ਲੇਖੇ ਲਾਏ ਆਪਣੇ ਆਖ਼ਰੀ ਸਵਾਸਾਂ ਤੱਕ ਅਜ਼ਾਦੀ ਦੇ ਅਕੀਦੇ ਉੱਤੇ ਦ੍ਰਿੜ ਰਹੇ।
ਹੋਰ ਸਬੰਧਤ ਖਬਰਾਂ ਪੜ੍ਹੋ –
Related Topics: Bhai Gajinder Singh, Frankfurt, germany