ਸਿੱਖ ਖਬਰਾਂ

ਪੰਜਾਬ ਪੁਲਿਸ ਵੱਲੋਂ ਬੱਬਰ ਖਾਲਸਾ ਦਾ ਖਾੜਕੂ ਰਤਨਦੀਪ ਸਿੰਘ ਗ੍ਰਿਫਤਾਰ ਕਰਨ ਦਾ ਦਾਅਵਾ, ਅਦਾਲਤ ਨੇ ਦਿੱਤਾ ਦਸ ਦਿਨਾਂ ਦਾ ਰਿਮਾਂਡ

September 18, 2014 | By

Arrestਅੰਮ੍ਰਿਤਸਰ( 18 ਸਤੰਬਰ 2014): ਪੰਜਾਬ ਪੁਲਿਸ ਵਿਸ਼ੇਸ਼ ਅਪਰੇਸ਼ਨ ਸੈੱਲ ਨੇ ਖਾਲਿਸਤਾਨ ਜਿੰਦਾਬਾਦ ਫੋਰਸ (ਨੀਟਾ ਗਰੁੱਪ) ਨਾਲ ਸਬੰਧਿਤ ਰਹੇ ਅਤੇ ਹੁਣ ਬੱਬਰ ਖ਼ਾਲਸਾ ਦੇ ਚੋਟੀ ਦੇ ਖਾੜਕੂਆਂ ‘ਚ ਸ਼ੁਮਾਰ ਖਾੜਕੂ ਰਤਨਦੀਪ ਸਿੰਘ ਵਾਸੀ ਸਫੈਦੋ ਹਰਿਆਣਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ।

ਪੁਲਿਸ ਅਨੁਸਾਰ ਰਤਨਦੀਪ ਸਿੰਘ ਪੰਦਰਾਂ ਸਾਲ ਪਹਿਲ਼ਾਂ ਰੁਪੋਸ਼ ਹੋ ਗਿਆ ਸੀ ਅਤੇ ਉਸਦੇ ਸਿਰ ‘ਤੇ ਪੁਲਿਸ ਵੱਲੋਂ 10 ਲੱਖ ਦਾ ਇਨਾਮ ਰੱਖਿਆ ਹੋਇਆ ਸੀ।

ਅਜੀਤ ਅਖਬਾਰ ਵਿੱਚ ਨਸ਼ਰ ਖ਼ਬਰ ਮੁਤਾਬਿਕ ਪੁਲਿਸ ਨੇ ਅੱਜ ਉਸਨੂੰ ਅਦਾਲਤ ‘ਚ ਪੇਸ਼ ਕਰਕੇ ਪੁੱਛ ਗਿੱਛ ਕਰਨ ਲਈ 10 ਦਿਨ ਦਾ ਪੁਲਿਸ ਰਿਮਾਂਡ ਲਏ ਲਿਆ ਹੈ।

ਪੁਲਿਸ ਦੇ ਵਿਸ਼ੇਸ ਸੈੱਲ ਨੇ ਉਸ ਨੂੰ ਇਥੇ ਸ੍ਰੀਮਤੀ ਰਾਧਿਕਾ ਪੁਰੀ ਜੁਡੀਸ਼ੀਅਲ ਮੈਜਿਸਟ੍ਰੇਟ ਪਹਿਲਾ ਦਰਜਾ ਦੀ ਅਦਾਲਤ ‘ਚ ਪੇਸ਼ ਕਰਦਿਆਂ ਦੱਸਿਆ ਕਿ ਉਕਤ ਖਾੜਕੂ ਦੇ ਪਾਕਿਸਤਾਨ ‘ਚ ਬੈਠੇ ਖਾੜਕੂਆਂ ਮਹਿਲ ਸਿੰਘ ਬੱਬਰ ਤੇ ਵਧਾਵਾ ਸਿੰਘ ਬੱਬਰ ਨਾਲ ਸਬੰਧ ਹਨ, ਜਿਨ੍ਹਾਂ ਦੀ ਮਦਦ ਨਾਲ ਇਸ ਵੱਲੋਂ ਪਾਕਿਸਤਾਨ ਤੋਂ ਦਰਿਆਈ ਰਸਤੇ ਰਮਦਾਸ ਸੈਕਟਰ ਰਾਹੀਂ ਵੱਡੀ ਮਾਤਰਾ ‘ਚ ਅਸਲਾ ਤੇ ਗੋਲਾ ਬਾਰੂਦ ਦਾਖ਼ਲ ਕਰਵਾਇਆ ਸੀ, ਜਿਸ ਦਾ ਵੱਡਾ ਹਿੱਸਾ ਉਸ ਨੇ ਅਜੇ ਵੀ ਵੱਖ-ਵੱਖ ਥਾਵਾਂ ‘ਤੇ ਛੁਪਾ ਕੇ ਰੱਖਿਆ ਹੈ, ਜਿਸ ਦੀ ਬਰਾਮਦਗੀ ਤੇ ਹੋਰ ਵਿਸਥਾਰਤ ਪੁੱਛ ਗਿੱਛ ਲਈ 15 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਜਾਵੇ।

ਪੁਲਿਸ ਮੁਤਾਬਕ ਪੰਜਾਬ ਪੁਲਿਸ ਦੇ ਵਿਸ਼ੇਸ਼ ਸੈੱਲ ਵੱਲੋਂ 15 ਜੂਨ 2010 ਨੂੰ ਅੰਮ੍ਰਿਤਸਰ ‘ਚ ਦਰਜ ਗੈਰ ਕਾਨੂੰਨੀ ਸਰਗਰਮੀਆਂ ਤੇ ਐਕਸਪਲੋਜ਼ਿਵ ਐਕਟ ਆਦਿ ਦੇ ਮਾਮਲੇ ‘ਚ ਲੋੜੀਂਦਾ ਸੀ, ਜਿਸ ‘ਚ  ਸੁਖਦੇਵ ਸਿੰਘ ਸੁੱਖਾ ਨਾਮਕ ਖਾੜਕੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਤੋਂ ਭਾਰੀ ਮਾਤਰਾ ‘ਚ ਅਸਲਾ ਤੇ ਗੋਲਾ ਬਾਰੂਦ ਬਰਾਮਦ ਹੋਇਆ ਸੀ।

ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਪੁੱਛ ਗਿੱਛ ‘ਚ ਇਹ ਗੱਲ ਸਾਹਮਣੇ ਆਈ ਕਿ ਅੰਮ੍ਰਿਤਸਰ ‘ਚ ਉਕਤ ਖਾੜਕੂ ਵੱਲੋਂ ਇੱਕ ਕਾਰ ਵਿੱਚ ਬਾਰੂਦ ਰੱਖਕੇ ਬੰਬ ਧਮਾਕਾ ਕਰਨ ਲਈ ਖੜੀ ਕੀਤੀ ਗਈ ਸੀ, ਜੋ ਕਿ ਬੰਬ ਚੱਲਣ ਤੋਂ ਪਹਿਲਾਂ ਹੀ ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲਏ ਲਿਆ ਸੀ॥ ਇਸ ਦੇ ਬਾਕੀ ਸਾਥੀਆਂ ਦੇ ਫੜੇ ਜਾਣ ਉਪਰੰਤ ਉਕਤ ਖਾੜਕੂ ਰੂਪੋਸ਼ ਹੋ ਗਿਆ ਸੀ।

ਪੁਲਿਸ ਮੁਤਾਬਕ ਖਾੜਕੂ ਸਰਗਰਮੀਆਂ ਦੀ ਪੂਰਤੀ ਲਈ ਉਕਤ ਅਸਲੇ ਦਾ ਵੱਡਾ ਹਿੱਸਾ ਇਸ ਨੇ ਆਪਣੇ ਕੋਲ ਰੱਖ ਲਿਆ। ਜਦਕਿ ਬਾਕੀ ਪਾਲ ਸਿੰਘ, ਮੱਖਣ ਸਿੰਘ, ਨਰੈਣ ਸਿੰਘ ਚੌੜਾ, ਸੁਖਦੇਵ ਸਿੰਘ ਸੁੱਖਾ ਦੇ ਹਵਾਲੇ ਕੀਤਾ ਸੀ। ਪੁਲਿਸ ਇਸ ਉਕਤ ਖਾੜਕੂ ਨੂੰ ਪੁੱਛ ਗਿੱਛ ਕਰਨ ਲਈ ਯੂ. ਪੀ., ਚੇਨਈ, ਨਿਪਾਲ ਆਦਿ ਥਾਵਾਂ ‘ਤੇ ਵੀ ਲਿਜਾ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,