ਸਿਆਸੀ ਖਬਰਾਂ

ਅਸਲ ਨਸ਼ਾ ਤਸਕਰਾਂ ਨੂੰ ਬਚਾਉਣ ਲਈ ਬਾਦਲਕੇ-ਕਾਂਗਰਸੀ ਖਹਿਰਾ ਦੇ ਮੁੱਦੇ ‘ਤੇ ਰੌਲਾ ਪਾ ਰਹੇ ਹਨ:ਖਾਲੜਾ ਮਿਸ਼ਨ

November 20, 2017 | By

ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਬੁਲਾਰੇ ਸਤਵਿੰਦਰ ਸਿੰਘ ਪਲਾਸੌਰ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਜੱਥੇਬੰਧਕ ਸਕੱਤਰ ਨਿਰਵੈਲ ਸਿੰਘ ਹਰੀਕੇ, ਪੰਜਾਬ ਮਨੁੱਖੀ ਅਧਿਕਾਰ ਸਗੰਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ, ਮਨੁੱਖੀ ਅਧਿਕਾਰ ਇੰਨਸਾਫ ਸਘੰਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕੱਲ੍ਹ (19 ਨਵੰਬਰ, 2017) ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਇੰਦਰਾਕਿਆਂ ਅਤੇ ਬਾਦਲਕਿਆਂ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਨਸ਼ਾ ਤਸਕਰ ਵਜੋਂ ਪੇਸ਼ ਕਰਕੇ ਅਸਲ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਅਸਲ ਨਸ਼ਾ ਤਸਕਰ ਇਹਨਾਂ ਪਾਰਟੀਆਂ ਦੇ ਹੀ ਮੋਢੀ ਹਨ।

ਯੂਥ ਅਕਾਲੀ ਦਲ (ਬਾਦਲ) ਦਾ ਆਗੂ ਹਰਮਨਪ੍ਰੀਤ ਸਿੰਘ ਪ੍ਰਿੰਸ ਸੁਖਪਾਲ ਖਹਿਰਾ ਦੇ ਅਸਤੀਫੇ ਦੀ ਮੰਗ ਕਰਦਾ ਹੋਇਆ

ਯੂਥ ਅਕਾਲੀ ਦਲ (ਬਾਦਲ) ਦਾ ਆਗੂ ਹਰਮਨਪ੍ਰੀਤ ਸਿੰਘ ਪ੍ਰਿੰਸ ਸੁਖਪਾਲ ਖਹਿਰਾ ਦੇ ਅਸਤੀਫੇ ਦੀ ਮੰਗ ਕਰਦਾ ਹੋਇਆ (ਫਾਈਲ ਫੋਟੋ)

ਜੱਥੇਬੰਦੀਆਂ ਨੇ ਕਿਹਾ ਕਿ ਪਹਿਲਾ ਵੀ ਬਾਦਲਕਿਆਂ ਨੇ ਇੰਦਰਾਕਿਆਂ (ਕਾਂਗਰਸੀਆਂ) ਨਾਲ ਰੱਲ ਕੇ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਨੂੰ ਬਚਾਇਆ ਸੀ ਅਤੇ ਹੁਣ ਨਸ਼ਿਆਂ ਰਾਹੀਂ ਪੰਜਾਬ ਬਰਬਾਦ ਕਰਨ ਵਾਲੇ ਗੁਨਾਹਗਾਰਾਂ ਨੂੰ ਫੜਨ ਦੀ ਬਜਾਏ ਠੱਗਾਂ ਦੇ ਟੋਲੇ ਨੇ ਗੱਠਜੋੜ ਕਰ ਲਿਆ ਹੈ। ਜੱਥੇਬੰਦੀਆਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਰਾਜਨੀਤੀ ਨਾਲ ਕਿਸੇ ਤਰ੍ਹਾਂ ਵੀ ਸਹਿਮਤ ਨਹੀ ਹਨ ਪਰ ਇਹ ਸੱਚ ਹੈ ਕਿ ਠੱਗਾਂ ਦੀ ਟੋਲੀ ਇਕੋ ਬੋਲੀ ਬੋਲ ਰਹੀ ਹੈ। ਉਹਨਾਂ ਕਿਹਾ ਕਿ ਜ਼ਰੂਰੀ ਨਹੀ ਹੈ ਜਿਸ ਬੰਦੇ ਨੂੰ ਅਦਾਲਤ ਨੇ ਦੋਸ਼ੀ ਨਹੀਂ ਠਹਿਰਾਇਆ ਉਹ ਦੁੱਧ ਧੋਤਾ ਹੈ, ਜਿਸਨੂੰ ਅਦਾਲਤ ਨੇ ਦੋਸ਼ੀ ਮੰਨ ਲਿਆ ਸੱਚ ਮੁੱਚ ਹੀ ਦੋਸ਼ੀ ਹੋਵੇ। ਉਹਨਾਂ ਕਿਹਾ ਕਿ ਕਈ ਵਾਰ ਸੱਚ ਨੂੰ ਫਾਂਸੀ ਚੜ੍ਹਨਾ ਪੈਂਦਾ ਹੈ। ਭਾਈ ਕੇਹਰ ਸਿੰਘ ਦੀ ਫਾਂਸੀ ਜਿਊਂਦੀ ਜਾਗਦੀ ਮਿਸਾਲ ਹੈ।

ਸਬੰਧਤ ਖ਼ਬਰ:

ਸੁਖਪਾਲ ਖਹਿਰਾ ਦੇ ਮਾਮਲੇ ‘ਚ ਸੁਖਬੀਰ ਬਾਦਲ ਬਹੁਤੀ ਖੁਸ਼ੀ ਨਾ ਮਨਾਉਣ, ਉਸ ਨਾਲ ਵੀ ਇਹ ਕੁਝ ਹੋ ਸਕਦੈ: ਮਾਨ …

ਇਹ ਵੀ ਸੱਚ ਹੈ ਕਿ ਰਜੀਵ ਗਾਂਧੀ, ਨਰਿੰਦਰ ਮੋਦੀ, ਪ੍ਰਕਾਸ਼ ਸਿੰਘ ਬਾਦਲ, ਕੇ.ਪੀ.ਐੱਸ.ਗਿੱਲ, ਕੁਲਦੀਪ ਬਰਾੜ ਕਿਸੇ ਵੀ ਅਦਾਲਤ ਵੱਲੋਂ ਦੋਸ਼ੀ ਨਹੀ ਠਹਿਰਾਏ ਗਏ ਪਰ ਉਹਨਾਂ ਬਾਰੇ ਸਿੱਖ ਕੌਮ ਨੂੰ ਪਤਾ ਹੈ। ਉਹਨਾਂ ਕਿਹਾ ਕਿ ਝੂਠੇ ਮੁਕਾਬਲੇ ਬਣਾਉਣ ਵਾਲੇ ਲੋਕ ਜਗਤਾਰ ਸਿੰਘ ਜੌਹਲ ਵਰਗਿਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜ਼ੁਲਮ ਢਾਹ ਰਹੇ ਹਨ। ਉਹਨਾਂ ਕਿਹਾ ਹੈ ਕਿ ਜਦੋਂ ਭਾਰਤ ਸਰਕਾਰ ਵੱਲੋਂ ਵੀਜ਼ਾ ਦੇਣ ਸਮੇਂ ਜੱਗੀ ਦੋਸ਼ੀ ਨਹੀਂ ਸੀ ਤਾਂ ਹਫਤੇ ਬਾਅਦ ਕਿਵੇਂ ਦੋਸ਼ੀ ਬਣ ਗਿਆ। ਉਹਨਾਂ ਕਿਹਾਕਿ ਪਹਿਲਾਂ ਵੀ ਬੇਅਦਬੀ ਕਾਂਡ ਵਿੱਚ ਫੜੇ ਨੌਜਵਾਨਾਂ ਨੂੰ ਆਈ.ਐੱਸ.ਆਈ ਦੇ ਏਜੰਟ ਦੱਸਿਆ ਗਿਆ ਸੀ ਪਰ ਬਾਅਦ ਵਿੱਚ ਉਹ ਨਿਰਦੋਸ਼ ਸਾਬਤ ਹੋਏ। ਉਹਨਾਂ ਕਿਹਾ ਹੈ ਕਿ ਇਹੋ ਪੰਜਾਬ ਪੁਲਿਸ ਜਿਹੜੀ ਹਿੰਦੂ ਆਗੂਆਂ ਦੇ ਕਤਲਾਂ ਵਿੱਚ ਸ਼ਿਵ ਸੈਨਾ ਆਗੂਆਂ ਤੇ ਸ਼ੱਕ ਪ੍ਰਗਟ ਕਰਦੀ ਹੈ, ਕਦੀ ਇਹ ਕਤਲਾਂ ਨੂੰ ਆਪਸੀ ਦੁਸ਼ਮਣੀ ਦਾ ਸਿੱਟਾ ਦੱਸਦੀ ਹੈ।

ਸਬੰਧਤ ਖ਼ਬਰ:

ਜਗਤਾਰ ਸਿੰਘ ਜੱਗੀ ‘ਤੇ ਤਸ਼ੱਦਦ ਦੀਆਂ ਖ਼ਬਰਾਂ ਦੁਖਦਾਇਕ ਹਨ: ਪੰਜਾਬੀ ਗਾਇਕ ਦਿਲਜੀਤ ਦੋਸਾਂਝ …

ਇਹੋ ਪੰਜਾਬ ਪੁਲਿਸ ਸੁਖਪਾਲ ਸਿੰਘ ਖਹਿਰਾ ਨੂੰ ਨਸ਼ੇ ਦੇ ਕੇਸਾਂ ਵਿੱਚੋਂ ਕਲੀਨ ਚਿੱਟ ਦਿੰਦੀ ਹੈ ਅਤੇ ਇਹੋ ਪੁਲਿਸ ਬਾਅਦ ਵਿੱਚ ਰਾਜਨੀਤੀਕ ਦਬਾਅ ਥੱਲ੍ਹੇ ਖਹਿਰਾ ਨੂੰ ਨਸ਼ਾ ਤੱਸਕਰ ਦੱਸਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲੰਮੇ ਸਮੇਂ ਤੋਂ ਜੰਗਲ ਰਾਜ ਚੱਲ ਰਿਹਾ ਹੈ ਜਿਸਦਾ ਸਿੱਟਾ ਹੈ ਕਿ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੂੰ 21 ਨੌਜਵਾਨ ਪੇਸ਼ ਕਰਾਉਂਦਾ ਹੈ। ਪਰ ਅੱਜ ਤੱਕ ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਇਹਨਾਂ ਨੌਜਵਾਨਾਂ ਦੇ ਕਾਤਲਾਂ ਦੇ ਨਾਮ ਨਹੀ ਦੱਸਦਾ। ਆਖਿਰ ਵਿੱਚ ਉਹਨਾਂ ਕਿਹਾ ਕਿ ਜਿੰਨਾ ਚਿਰ ਪੰਜਾਬ ਅੰਦਰ ਕਾਨੂੰਨ ਦਾ ਰਾਜ ਬਹਾਲ ਨਹੀਂ ਹੁੰਦਾ ਪੰਜਾਬ ਸ਼ਾਂਤ ਨਹੀਂ ਹੋ ਸਕਦਾ।

ਸਬੰਧਤ ਖ਼ਬਰ:

ਕਾਂਗਰਸ ਅਤੇ ਬਾਦਲ ਦਲ ਦੇ ਕਾਰਕੁਨਾਂ ਨੇ ਮੋਹਾਲੀ ਹਵਾਈ ਅੱਡੇ ‘ਤੇ ਕੇਜਰੀਵਾਲ ਨੂੰ ਦਿਖਾਏ ਕਾਲੇ ਝੰਡੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,