September 1, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ : ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਮਗਰੋਂ ‘ਪੂਰਾ ਸੱਚ’ ਅਖ਼ਬਾਰ ਦੇ ਬਾਨੀ ਰਾਮ ਚੰਦਰ ਛਤਰਪਤੀ ਦੇ ਪੁਤਰ ਅੰਸ਼ੁਲ ਛਤਰਪਤੀ ਦੀ ਸੁਰੱਖਿਆ ਵਧਾ ਦਿੱਤੀ ਗਈ। ਡੀਐੱਸਪੀ ਦਲੀਪ ਸਿੰਘ ਨੇ ਅੱਜ ਅੰਸ਼ੁਲ ਛਤਰਪਤੀ ਦੀ ਸੁਰੱਖਿਆ ਦਾ ਜਾਇਜ਼ਾ ਲਿਆ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਖ਼ਿਲਾਫ਼ ਡੇਰੇ ਦੀ ਹੀ ਸਾਧਵੀ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਤੇ ਸਮੂਹ ਅਖ਼ਬਾਰਾਂ ਨੂੰ ਲਿਖੀ ਗਈ ਚਿੱਠੀ ਨੂੰ ‘ਪੂਰਾ ਸੱਚ’ ਅਖ਼ਬਾਰ ਨੇ ਪ੍ਰਮੁਖਤਾ ਨਾਲ ਛਾਪਿਆ ਸੀ, ਜਿਸ ਮਗਰੋਂ ਅਖ਼ਬਾਰ ਦੇ ਬਾਨੀ ਤੇ ਸੰਪਾਦਕ ਰਾਮ ਚੰਦਰ ਛਤਰਪਤੀ ਨੂੰ ਡੇਰੇ ਦੇ ਪ੍ਰੇਮੀਆਂ ਨੇ 19 ਅਕਤੂਬਰ 2002 ਨੂੰ ਗੋਲੀਆਂ ਮਾਰ ਦਿੱਤੀਆਂ ਸਨ ਤੇ 21 ਨਵੰਬਰ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਇਸ ਦੌਰਾਨ ਕਈ ਦਿਨ ਰਾਮ ਚੰਦਰ ਛਤਰਪਤੀ ਹੋਸ਼ ਵਿੱਚ ਰਹੇ ਪਰ ਰਾਜਸੀ ਦਬਾਅ ਕਾਰਨ ਉਨ੍ਹਾਂ ਦੇ ਮੈਜਿਸਟਰੇਟ ਸਾਹਮਣੇ ਬਿਆਨ ਦਰਜ ਨਾ ਹੋ ਸਕੇ, ਜਿਸ ਮਗਰੋਂ ਉਨ੍ਹਾਂ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ, ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੇ ਹੁਕਮ ਦਿੱਤੇ।
ਸੀਬੀਆਈ ਨੇ ਇਸ ਮਾਮਲੇ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਮੁੱਖ ਸਾਜਿਸ਼ਕਰਤਾ ਕਰਾਰ ਦਿੰਦਿਆਂ ਉਸ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ’ਚ ਚਲਾਨ ਪੇਸ਼ ਕੀਤਾ। ਹੁਣ ਡੇਰਾ ਮੁਖੀ ਨੂੰ ਸਾਧਵੀ ਕੇਸ ਵਿੱਚ 20 ਸਾਲ ਦੀ ਕੈਦ ਹੋਣ ਮਗਰੋਂ ਅੰਸ਼ੁਲ ਛਤਰਪਤੀ ਦੀ ਸੁਰੱਖਿਆ ਵਧਾਈ ਹੈ। ਇਸ ਸਬੰਧੀ ਅੱਜ ਡੀਐੱਸਪੀ ਦਲੀਪ ਸਿੰਘ ਨੇ ਅੰਸ਼ੁਲ ਛਤਰਪਤੀ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਅੰਸ਼ਲ ਛਤਰਪਤੀ ਨੇ ਦੱਸਿਆ ਕਿ ਰਣਜੀਤ ਸਿੰਘ ਤੇ ਰਾਮ ਚੰਦਰ ਛਤਰਪਤੀ ਕਤਲ ਕੇਸ ਦੀ ਸੁਣਵਾਈ 16 ਸਤੰਬਰ ਨੂੰ ਹੋਣੀ ਹੈ ਤੇ ਇਹ ਕੇਸ ਵੀ ਨਿਬਡ਼ਨ ਕਿਨਾਰੇ ਹੈ।
Related Topics: Anshul Chhatarpati, Anti-Sikh Deras, BJP, Dera Sauda Sirsa, Haryana Government, Haryana Police, Manohar Lal Khattar, ram rahim rape case