June 27, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਮੀਡੀਏ ਤੋਂ ਮਿਲੀ ਜਾਣਕਾਰੀ ਅਨੂਸਾਰ ਇਟਲੀ ਸਰਕਾਰ ਵੱਲੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਕਕਾਰ ਵਜੋਂ ਖਾਸ ਤਰ੍ਹਾਂ ਦੀ ਕਿਰਪਾਨ ਧਾਰਨ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਅੱਜ ਇਸ ਸਬੰਧ ਵਿਚ ਸਿੱਖ ਆਗੂ ਸੁਖਦੇਵ ਸਿੰਘ ਕੰਗ ਅਤੇ ਕੁਝ ਹੋਰ ਇਟਲੀ ਵਸਨੀਕਾਂ ਨੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਇਟਲੀ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਕਿਰਪਾਨਾਂ ਦੇ ਨਮੂਨੇ ਭੇਟ ਕੀਤੇ ਹਨ।
ਇਟਲੀ ਵਾਸੀ ਸੁਖਦੇਵ ਸਿੰਘ ਕੰਗ, ਜੋ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਆਪਣੇ ਕਕਾਰ ਵਜੋਂ ਕਿਰਪਾਨ ਪਹਿਨਣ ਦੀ ਸਮੱਸਿਆ ਪੇਸ਼ ਆ ਰਹੀ ਸੀ। ਸਿੱਖ ਭਾਈਚਾਰੇ ਵੱਲੋਂ ਇਟਲੀ ਸਰਕਾਰ, ਉਥੋਂ ਦੀ ਪੁਲੀਸ ਅਤੇ ਸੁਰੱਖਿਆ ਵਿਭਾਗ ਨੂੰ ਇਸ ਸਬੰਧੀ ਜਾਣੂੰ ਕਰਾਇਆ ਗਿਆ ਸੀ। ਲੰਮੀ ਜੱਦੋ ਜਹਿਦ ਮਗਰੋਂ ਇਟਲੀ ਦੇ ਰੱਖਿਆ ਵਿਭਾਗ ਨੇ ਨਵੀਂ ਕਿਰਪਾਨ ਨੂੰ ਧਾਰਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਉਨ੍ਹਾਂ ਦੇ ਦੱਸਣ ਮੁਤਾਬਕ ਇਸ ਕਿਰਪਾਨ ਨੂੰ ਉਥੋਂ ਦੀ ਕਿਰਪਾਨ ਲੀਗਲ ਵਰਲਡ ਵਾਈਡ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਕਿਰਪਾਨ ਵੱਖ ਵੱਖ ਆਕਾਰਾਂ ਵਿੱਚ ਤਿਆਰ ਕੀਤੀ ਗਈ ਹੈ। ਇਹ ਭਾਵੇਂ ਲੋਹੇ ਦੀ ਹੈ, ਪਰ ਨੁਕਸਾਨਦੇਹ ਨਹੀਂ ਹੈ। ਇਸ ਦਾ ਬਲੇਡ ਤਿੱਖਾ ਨਹੀਂ ਹੈ ਅਤੇ ਇਹ ਜਾਨਲੇਵਾ ਵੀ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਵਾਨਗੀ ਮਗਰੋਂ ਇਸ ਕਿਰਪਾਨ ਨੂੰ ਗੁਰਦੁਆਰਿਆਂ ਵਿੱਚ ਸਿੱਖਾਂ ਨੂੰ ਵੰਡਿਆ ਗਿਆ ਹੈ। ਛੋਟੇ ਅਕਾਰ ਦੀ ਕਿਰਪਾਨ ਬੱਚੇ ਸਕੂਲ ਵਿਚ ਵੀ ਪਹਿਨ ਸਕਦੇ ਹਨ। ਇਸੇ ਤਰ੍ਹਾਂ ਗੁਰਦੁਆਰੇ ਜਾਣ ਸਮੇਂ ਕੁਝ ਵੱਡੇ ਅਕਾਰ ਦੀ ਕਿਰਪਾਨ ਤਿਆਰ ਕੀਤੀ ਗਈ ਹੈ। ਇਸ ਨੂੰ ਪਹਿਨਣ ਵਾਲੇ ਨੂੰ ਇਕ ਪ੍ਰਵਾਨਗੀ ਕਾਰਡ ਵੀ ਦਿੱਤਾ ਗਿਆ ਹੈ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਸਬੰਧੀ ਅਗਲਾ ਫੈਸਲਾ ਕਰਨਗੇ।
Related Topics: Giani Gurbachan Singh, italy, Kirpan, Kirpan Issue, Sikh Kirpan, Sikhs in Italy