January 14, 2020 | By ਸਿੱਖ ਸਿਆਸਤ ਬਿਊਰੋ
ਯੂ.ਕੇ.- ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ,ਓਡਬੀ, ਲੈਸਟਰ ਦੀ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਤੋਂ ਸੰਗਤਾਂ ਲਈ ਪ੍ਰਸਾਰਿਤ ਹੁੰਦੇ ‘ਹੁਕਮਨਾਮੇ’ ਤੇ ਪੀ. ਟੀ. ਸੀ. ਚੈਨਲ ਵੱਲੋਂ ਨਿੱਜੀ ਮਲਕੀਅਤ ਦੇ ਕੀਤੇ ਦਾਅਵੇ ਦਾ ਸਖਤ ਨੋਟਿਸ ਲਿਆ ਗਿਆ ਹੈ।
ਬਾਦਲ ਪਰਿਵਾਰ ਦਾ ਨਿੱਜੀ ਚੈਨਲ ਗੁਰਬਾਣੀ ਦੇ ਹੁਕਮਨਾਮੇ ਤੇ ਨਿੱਜੀ ਹੱਕ ਜਤਾਉਣ ਦੀ ਗੁਸਤਾਖੀ ਨਾ ਕਰੇ ਤੇ ਆਪਣੀ ਔਕਾਤ ਵਿੱਚ ਰਹੇ। ਸਿੱਖ ਪ੍ਰੰਪਰਾਵਾਂ ਦਾ ਘਾਣ ਕਰਨ ਤੋਂ ਬਾਅਦ ਹੁਣ ਬਾਦਲ ਪਰਵਾਰ ਗੁਰਬਾਣੀ ਅਤੇ ਪੰਥ ਦੀਆਂ ਸੰਸਥਾਵਾਂ ਦਾ ਵਪਾਰ ਕਰਨਾ ਤੁਰੰਤ ਬੰਦ ਕਰੇ।
ਸ਼੍ਰੋਮਣੀ ਕਮੇਟੀ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਗੁਰਬਾਣੀ ਦੇ ਹੱਕ ਨਿਜੀ ਕੰਪਨੀਆਂ ਨੂੰ ਵੇਚੇ ਅਤੇ ਉਹੀ ਕੰਪਨੀਆਂ ਗੁਰਬਾਣੀ ਤੇ ਆਪਣਾ ਕਬਜਾ ਦੱਸ ਕੇ ਗੁਰਬਾਣੀ ਸਿੱਖਾਂ ਨੂੰ ਵੇਚ ਕੇ ਪੈਸੇ ਵੱਟਣ। ਵਿਦੇਸ਼ਾਂ ਵਿੱਚ ਵਸਦੀ ਸਿੱਖ ਸੰਗਤ ਨੇ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਕਰਾਉਣ ਵਾਲੇ ਇਹਨਾਂ ਕੌਮ-ਘਾਤਕਾਂ ਦਾ ਬਾਈਕਾਟ ਕੀਤਾ ਹੋਇਆ ਹੈ ਹੁਣ ਅਕਾਲ ਤਖਤ ਸਾਹਿਬ ਨੂੰ ਬੇਨਤੀ ਹੈ ਕਿ ਆਪਣੀ ਸਰਬ-ਉੱਚ ਤਾਕਤ ਨੂੰ ਵਰਤਕੇ ਗੁਰਬਾਣੀ ਨੂੰ ਨਿੱਜੀ ਜਗੀਰ ਦੱਸਣ ਵਾਲਿਆਂ ਨੂੰ ਤਲਬ ਕੀਤਾ ਜਾਵੇ ਤੇ ਸਖਤ ਤੋਂ ਸਖਤ ਤਨਖਾਹ ਲਾ ਕੇ ਮਿਸਾਲ ਕਾਇਮ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਗੁਸਤਾਖੀ ਕਰਨ ਦੀ ਦੁਬਾਰਾ ਜੁਰਅੱਤ ਨਾ ਕਰ ਸਕੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੋਂ ਹੀ ਪੀਟੀਸੀ ਦਾ ਕਰਾਰ ਖਤਮ ਕਰਕੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਕਾਰਜ ਆਪਣੇ ਹੱਥ ਲੈ ਲਵੇ ਅਤੇ ਆਪਣਾ ਟਰਾਂਸਮੀਟਰ ਲਗਾਕੇ ਦੁਨੀਆਂ ਭਰ ਵਿੱਚ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰੇ। ਸਿੱਖਾਂ ਦੇ ਚੱਲ ਰਹੇ ਹਰ ਚੈਨਲ ਅਤੇ ਹਰ ਸਿੱਖ ਨੂੰ ਗੁਰਬਾਣੀ ਪ੍ਰਸਾਰਿਤ ਕਰਨ ਦੇ ਖੁੱਲੇ ਹੱਕ ਹੋਣ ਜੋ ਵੀ ਫਰੀ ਸੇਵਾ ਕਰ ਰਹੇ ਹਨ।ਪੀਟੀਸੀ ਚੈਨਲ ਨੂੰ ਤਾੜਨਾ ਕਰਦੇ ਹਾਂ ਕਿ ਦੋ ਘੰਟੇ ਗੁਰਬਾਣੀ ਦੇ ਪ੍ਰਸਾਰਣ ਤੋਂ ਤੁਰੰਤ ਬਾਅਦ ਹੀ ਸਾਰਾ ਦਿਨ ਜੋ ਗੰਦ ਕਮਿਊਨਟੀ ਨੂੰ ਦਿਖਾਉਂਦੇ ਹਨ ਉਸ ਨੂੰ ਬੰਦ ਕਰਨ ਨਹੀਂ ਤਾਂ ਅੱਕ ਕੇ ਵਿਦੇਸ਼ਾਂ ਦੀਆਂ ਸੰਗਤਾਂ ਚੈਨਲ ਦਾ ਬਾਈਕਾਟ ਕਰਨਗੀਆਂ।
ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਰਾਏ, ਹਰਭਜਨ ਸਿੰਘ,ਅਵਤਾਰ ਸਿੰਘ ਕਲੇਰ, ਅਮਰਜੀਤ ਸਿੰਘ ਛੋਕਰ, ਕੁਲਦੀਪ ਸਿੰਘ ਕੂਨਰ, ਜਰਨੈਲ ਸਿੰਘ ਧਾਮੀ, ਮਨਦੀਪ ਸਿੰਘ (ਸਟੇਜ ਸੈਕਟਰੀ), ਗੁਰਜੀਤ ਸਿੰਘ ਸਮਰਾ (ਜਨਰਲ ਸੈਕਟਰੀ ਗੁਰਦੁਆਰਾ ਸਾਹਿਬ) ਆਦਿ ਮੋਜੂਦ ਸਨ।
Related Topics: Gobind Singh Longowal, PTC News, PTC Punjabi Channel, SGPC, Sikhs In UK, Sri Darbar Sahib Amritsar