November 10, 2022 | By ਸਿੱਖ ਸਿਆਸਤ ਬਿਊਰੋ
ਬੀਜਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਦੇ ਪੱਖ ਤੋਂ ਚੀਨ ਇਸ ਵੇਲੇ ਭਾਰੀ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਚੀਨ ਦੀ ਫੌਜ ਨੂੰ ਕਿਹਾ ਹੈ ਕਿ ਫੌਜ ਵੱਲੋਂ ਆਪਣਾ ਸਾਰਾ ਧਿਆਨ ਆਪਣੀ ਸਮਰੱਥਾ ਨੂੰ ਵਧਾਉਣ ਅਤੇ ਜੰਗੀ ਤਿਆਰੀ ਕਰਨ ਤੇ ਜੰਗਾਂ ਜਿੱਤਣ ਵੱਲ ਦਿੱਤਾ ਜਾਵੇ।
ਸ਼ੀ ਜਿਨਪਿੰਗ ਨੇ ਕਿਹਾ ਕਿ ਸੰਸਾਰ ਵਿੱਚ ਇਸ ਵੇਲੇ ਅਜਿਹੀਆਂ ਵੱਡੀਆਂ ਤਬਦੀਲੀਆਂ ਵਾਪਰ ਰਹੀਆਂ ਹਨ ਜਿਹੜੀਆਂ ਕਿ ਬੀਤੇ ਸੌ ਸਾਲ ਵਿਚ ਕਦੇ ਵੀ ਨਹੀਂ ਵਾਪਰੀਆਂ। ਉਸ ਨੇ ਜ਼ੋਰ ਦਿੱਤਾ ਕਿ ਚੀਨ ਸਾਹਮਣੇ ਇਸ ਵੇਲੇ ਰਾਸ਼ਟਰੀ ਸੁਰੱਖਿਆ ਪੱਖੋਂ ਵੱਡੀਆਂ ਚੁਣੌਤੀਆਂ ਦਰਪੇਸ਼ ਹਨ ਅਤੇ ਚੀਨ ਦੀ ਫੌਜ ਨੂੰ ਤਿਆਰ ਰਹਿਣ ਦੀ ਲੋੜ ਹੈ।
ਲਗਾਤਾਰ ਤੀਸਰੀ ਵਾਰ ਚੀਨ ਦੇ ਤਿੰਨ ਪ੍ਰਮੁੱਖ ਅਹੁਦਿਆਂ- ਚੀਨ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ, ਚੀਨ ਦੇ ਕੇਂਦਰੀ ਫੌਜੀ ਕਮਿਸ਼ਨ ਦੇ ਮੁਖੀ ਅਤੇ ਚੀਨੀ ਰਾਸ਼ਟਰਪਤੀ ਦੇ ਅਹੁਦੇ ਦੀ ਕਮਾਨ ਸੰਭਾਲਣ ਵਾਲੇ ਸ਼ੀ ਜਿਨਪਿੰਗ ਨੇ 9 ਨਵੰਬਰ 2022 ਨੂੰ ਚੀਨ ਦੇ ਕੇਂਦਰੀ ਫੌਜੀ ਕਮਿਸ਼ਨ ਦੇ ਕਮਾਂਡ ਕੇਂਦਰ ਦਾ ਦੌਰਾ ਕੀਤਾ ਤੇ ਇਸੇ ਦੌਰਾਨ ਹੀ ਉਸ ਵੱਲੋਂ ਉਕਤ ਬਿਆਨ ਦਿੱਤਾ ਗਿਆ ਹੈ।