ਆਮ ਖਬਰਾਂ » ਸਿੱਖ ਖਬਰਾਂ

ਔਰਤ ਵੱਲੋਂ ਪ੍ਰਾਰਥਨਾ ਕਰਨ ਤੋਂ ਬਾਅਦ ਪੂਜਾਰੀਆਂ ਨੇ ਧੋਤਾ ਮੰਦਿਰ; ਕਿਹਾ ਮੰਦਿਰ ਦੀ ਪਵਿੱਤਰਤਾ ਹੋਈ ਸੀ ਭੰਗ

December 1, 2015 | By

ਮੁੰਬਈ: ਮਹਾਰਾਸ਼ਟਰਾ ਦੇ ਅਹਿਮਦਨਗਰ ਜਿਲ੍ਹੇ ਦੇ ਸ਼ਿੰਗਨਾਪੁਰ ਕਸਬੇ ਵਿੱਚ ਸਥਿਤ ਸ਼ਨੀਦੇਵ ਮੰਦਿਰ ਵਿੱਚ ਸਥਾਪਿਤ ਇੱਕ ਮੂਰਤੀ ਨੂੰ ਇੱਕ ਔਰਤ ਵੱਲੋਂ ਪੂਜਣ ਤੋਂ ਬਾਅਦ ਉਸ ਮੂਰਤੀ ਨੂੰ ਮੰਦਿਰ ਦੇ ਪੂਜਾਰੀਆਂ ਵੱਲੋਂ ਦੁੱਧ ਨਾਲ ਧੋਤਾ ਗਿਆ। ਪੂਜਾਰੀਆਂ ਅਨੁਸਾਰ ਔਰਤ ਵੱਲੋਂ ਮੂਰਤੀ ਦੇ ਨਜਦੀਕ ਜਾ ਕੇ ਪ੍ਰਾਰਥਨਾ ਕਰਨ ਨਾਲ ਮੂਰਤੀ ਅਪਵਿੱਤਰ ਹੋ ਗਈ ਸੀ ਜਿਸ ਨੂੰ ਪਵਿੱਤਰ ਕਰਨ ਲਈ ਦੁੱਧ ਨਾਲ ਧੋਤਾ ਗਿਆ ਹੈ।

ਸ਼ਨੀ ਦੀ ਮੂਰਤੀ ਨੂੰ ਧੌਂਦੇ ਹੋਏ ਮੰਦਿਰ ਦੇ ਪੂਜਾਰੀ

ਸ਼ਨੀ ਦੀ ਮੂਰਤੀ ਨੂੰ ਧੌਂਦੇ ਹੋਏ ਮੰਦਿਰ ਦੇ ਪੂਜਾਰੀ

ਇਸ ਘਟਨਾ ਤੋਂ ਬਾਅਦ ਭਾਰਤ ਵਿੱਚ ਔਰਤ ਦੀ ਆਜਾਦੀ ਅਤੇ ਬਰਾਬਰਤਾ ਉੱਤੇ ਇੱਕ ਵਾਰ ਫੇਰ ਸਵਾਲ ਖੜਾ ਹੋਇਆ ਹੈ।ਭਾਰਤ ਵਿੱਚ ਇਸ ਤੋਂ ਇਲਾਵਾ ਵੀ ਕਈ ਜਗ੍ਹਾ ਅਜਿਹੀਆਂ ਹਨ ਜਿੱਥੇ ਔਰਤ ਅਤੇ ਦਲਿਤ ਲੋਕਾਂ ਨੂੰ ਜਾਣ ਦੀ ਆਗਿਆ ਨਹੀਂ ਹੈ।

ਮੰਦਿਰ ਦੀ ਰਵਾਇਤ ਅਨੁਸਾਰ ਔਰਤ ਦਾ ਪੰਜ ਫੁੱਟ ਦੀ ਸ਼ਨੀ ਦੀ ਕਾਲੇ ਰੰਗ ਦੇ ਪੱਥਰ ਦੀ ਮੂਰਤੀ ਕੋਲ ਜਾਣਾ ਮਨਾ ਹੈ।ਇਹ ਰਵਾਇਤ ਪੁਰਾਣੇ ਸਮਿਆਂ ਤੋਂ ਚਲੀ ਆ ਰਹੀ ਸੀ ਪਰ ਬੀਤੇ ਦਿਨੀਂ ਇੱਕ ਅਣਜਾਣ ਔਰਤ ਵੱਲੋਂ ਰੋਕਾਂ ਨੂੰ ਟੱਪ ਕੇ ਮੂਰਤੀ ਦੇ ਕੋਲ ਜਾ ਕੇ ਪ੍ਰਾਰਥਨਾ ਕੀਤੀ ਗਈ ਸੀ।

ਮੰਦਿਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਾਈਰਾਮ ਬਾਨਕਰ ਨੇ ਕਿਹਾ ਕਿ “ਪੁਰਾਤਨ ਰਵਾਇਤ ਅਨੁਸਾਰ ਔਰਤਾਂ ਇੱਕ ਮਿੱਥੀ ਹੋਈ ਦੂਰੀ ਤੋਂ ਹੀ ਸ਼ਨੀ ਦੇਵ ਦੀ ਪੂਜਾ ਕਰ ਸਕਦੀਆਂ ਹਨ, ਉਨ੍ਹਾਂ ਨੂੰ ਉਸ ਥੜੇ ਤੇ ਚੜ੍ਹਨ ਦੀ ਇਜਾਜ਼ਤ ਨਹੀਂ ਹੈ ਜਿੱਥੇ ਸ਼ਨੀ ਦੇਵ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ”। ਬਾਅਦ ਵਿੱਚ ਸਾਈਰਾਮ ਵੱਲੋਂ ਇਸ ਘਟਨਾ ਦੀ ਜਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ।

ਇਸ ਘਟਨਾ ਤੋਂ ਬਾਅਦ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਮੰਦਿਰ ਕਮੇਟੀ ਦੇ ਖਿਲਾਫ ਅਤੇ ਉਸ ਔਰਤ ਦੀ ਹਮਾਇਤ ਵਿੱਚ ਖੜੀਆਂ ਹੋ ਗਈਆਂ ਹਨ।ਕਾਂਗਰਸ ਦੀ ਐਮ.ਐਲ.ਏ ਪਰਾਨੀਤੀ ਸ਼ਿੰਦੇ ਨੇ ਕਿਹਾ ਕਿ ਔਰਤ ਨੂੰ ਜੋ ਉਹ ਚਾਹਵੇ ਕਰਨ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਇਸ ਮਸਲੇ ਨੂੰ ਸੰਸਦ ਵਿੱਚ ਚੁੱਕਣ ਦੀ ਵੀ ਗੱਲ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: