July 30, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਪੰਜਾਬੀ ਕਲਚਰਲ ਕੌਂਸਲ ਨੇ ਬਰਤਾਨੀਆਂ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜ ਸੇਵਾਵਾਂ, ਪੰਜਾਬੀ ਮਾਂ-ਬੋਲੀ ਅਤੇ ਗੱਤਕੇ ਨੂੰ ਪ੍ਰਫੁੱਲਤ ਕਰਨ ਬਦਲੇ ਉਨਾਂ ਨੂੰ ‘ਪੰਜਾਬ ਗੌਰਵ ਐਵਾਰਡ’ ਨਾਲ ਸਨਮਾਨਿਤ ਕੀਤਾ।
ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਸਹਿਯੋਗ ਨਾਲ ਪੰਜਾਬੀ ਕਲਚਰਲ ਕੌਂਸਲ ਵੱਲੋਂ ਇੱਥੇ ਰਾਜੀਵ ਗਾਂਧੀ ਆਈ.ਟੀ. ਪਾਰਕ ਵਿਖੇ ਕਰਵਾਏ ਆਪਣੇ ਸਲਾਨਾ ਸਮਾਗਮ ਮੌਕੇ ਸ. ਢੇਸੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨਾਂ ਦੀ ਇਹ ਜਿੱਤ ਸਲੋਹ ਦੇ ਸਮੂਹ ਵਰਗਾਂ ਅਤੇ ਵੱਖ-ਵੱਖ ਕੌਮਾਂ ਦੇ ਵੱਡੇ ਸਹਿਯੋਗ ਸਦਕਾ ਸੰਭਵ ਹੋਈ ਹੈ ਅਤੇ ਉਹ ਹਾਊਸ ਆਫ਼ ਕਾਮਨਜ਼ ਵਿੱਚ ਹਰ ਵਰਗ ਦੀ ਆਵਾਜ਼ ਬਣਕੇ ਲੋਕਾਂ ਦੀਆਂ ਮੁਸ਼ਕਿਲਾਂ ਉਠਾਉਂਦੇ ਰਹਿਣਗੇ।
ਉਨਾਂ ਬਰਤਾਨੀਆਂ ਵਿਖੇ ਵਿਿਦਆਰਥੀਆਂ ਨੂੰ ਦਰਪੇਸ਼ ਪ੍ਰਵਾਸ ਸਮੱਸਿਆਵਾਂ ਅਤੇ ਪ੍ਰਵਾਸੀਆਂ ਨਾਲ ਸਬੰਧਿਤ ਮੁੱਦੇ ਸੰਸਦ ‘ਚ ਉਠਾਉਣ ਦੀ ਦਾ ਭਰੋਸਾ ਦਿੱਤਾ। ਉਨਾਂ ਪੰਜਾਬੀ ਕਲਚਰਲ ਕੌਂਸਲ ਦੇ ਕਾਰਜਾਂ ਦੀ ਸਹਾਰਨਾ ਕਰਦਿਆਂ ਕਿਹਾ ਕਿ ਉਹ ਮਾਂ-ਬੋਲੀ ਸਮੇਤ ਗੱਤਕੇ ਦੀ ਪ੍ਰਫੁੱਲਤਾ ਲਈ ਲਗਾਤਾਰ ਯਤਨ ਜਾਰੀ ਰੱਖਣਗੇ।
ਇਸ ਮੌਕੇ ਕੌਂਸਲ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਨੇ ਪੰਜਾਬੀ ਕਲਚਰਲ ਕੌਂਸਲ ਵੱਲੋਂ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਕੀਤੇ ਯਤਨਾਂ ਅਤੇ ਸਮਾਜਿਕ ਖੇਤਰ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਉਨਾਂ ਕਿਹਾ ਸ. ਢੇਸੀ ਵਰਗੇ ਮਿਹਨਤੀ ਤੇ ਕਾਬਲ ਨੌਜਵਾਨ ਦਾ ਬਰਤਾਨਵੀ ਸੰਸਦ ਮੈਂਬਰ ਬਣਨ ਨਾਲ ਵਿਦੇਸ਼ਾਂ ਵਿੱਚ ਸਿੱਖਾਂ ਦੀ ਛਵੀ ਉਜਾਗਰ ਹੋਵੇਗੀ ਅਤੇ ਇਸ ਦਾ ਅਸਰ ਸਮੁੱਚੇ ਯੂਰਪ ਵਿਚ ਪਵੇਗਾ।
ਗੱਤਕਾ ਪ੍ਰੋਮੋਟਰ ਸ. ਗਰੇਵਾਲ ਨੇ ਕਿਹਾ ਕਿ ਸ. ਢੇਸੀ ਨੇ ਯੂ.ਕੇ. ਵਿੱਚ ਵਿਰਾਸਤੀ ਖੇਡ ਗੱਤਕਾ ਦੀ ਪ੍ਰਫੁੱਲਤਾ ਲਈ ਵੱਡਾ ਯੋਗਦਾਨ ਪਾਇਆ ਹੈ। ਆਪਣੇ ਸੰਬੋਧਨ ਵਿੱਚ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਉਪ-ਕੁਲਪਤੀ ਡਾ. ਆਰ.ਕੇ. ਕੋਹਲੀ ਨੇ ਨੌਜਵਾਨ ਸੰਸਦ ਮੈਂਬਰ ਦੇ ਸਮਾਜਿਕ ਕਾਰਜਾਂ ਅਤੇ ਲੋਕ ਹਿੱਤਾਂ ਲਈ ਕੀਤੇ ਉਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ. ਢੇਸੀ ਚਲੰਤ ਮਾਮਲਿਆਂ ਅਤੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸ. ਢੇਸੀ ਉਚ ਵਿੱਦਿਆ ਲਈ ਯੂ.ਕੇ. ਜਾ ਰਹੇ ਵਿਿਦਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਸੰਸਦ ਵਿਚ ਉਠਾਉਂਦੇ ਰਹਿਣਗੇ।
Related Topics: Punjabi Cultural Counsel, Tanmanjit Singh Dhesi