April 20, 2016 | By ਸਿੱਖ ਸਿਆਸਤ ਬਿਊਰੋ
ਸ੍ਰੀ ਆਨੰਦਪੁਰ ਸਾਹਿਬ: ਤਖ਼ਤ ਕੇਸਗੜ੍ਹ ਸਾਹਿਬ ਦੇ ਨਾਮ ’ਤੇ ਜਾਅਲੀ ਵੈੱਬਸਾਈਟ ਬਣਾ ਕੇ ਸ਼ਰਧਾਲੂਆਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਗਈ। ਵੈੱਬਸਾਈਟ ਜ਼ਰੀਏ ਸ਼ਰਧਾਲੂਆਂ ਨੂੰ ਕਮਰੇ ਮੁਹੱਈਆ ਕਰਵਾਉਣ ਦੀ ਸਹੂਲਤ ਦਿੱਤੀ ਗਈ ਸੀ। ਜਦੋਂ ਸ਼ਰਧਾਲੂਆਂ ਨੇ ਤਖ਼ਤ ਸਾਹਿਬ ਪਹੁੰਚ ਕੇ ਕਮਰੇ ਦੀ ਬੁਕਿੰਗ ਬਾਰੇ ਪੁੱਛਿਆ ਤਾਂ ਪ੍ਰਬੰਧਕ ਹੈਰਾਨ ਰਹਿ ਗਏ।
ਇਸ ਸਬੰਧੀ ਤਖ਼ਤ ਕੇਸਗੜ੍ਹ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿਤੀ ਗਈ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮੈਨੇਜਰ ਰੇਸ਼ਮ ਸਿੰਘ ਨੇ ਦੱਸਿਆ ਕਿ ਕੱਲ੍ਹ ਮੁਰਾਦਾਬਾਦ ਤੋਂ ਕੁਝ ਸ਼ਰਧਾਲੂ ਆਏ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਸਗੜ੍ਹ ਸਾਹਿਬ ਦੀ ਵੈੱਬਸਾਈਟ ’ਤੇ ਕਮਰਿਆਂ ਦੀ ਬੁਕਿੰਗ ਕਰਵਾਈ ਹੈ।
ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੇ ‘ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਕੰਟੈਕਟ’ ਵੈੱਬਸਾਈਟ ਖੋਲੀ ਤਾਂ ਉਥੇ ਦਿੱਤੇ ਮੋਬਾਈਲ ਨੰਬਰ ‘09779125613’ ’ਤੇ ਗੱਲ ਕੀਤੀ। ਕਾਲ ਰਸੀਵ ਕਰਨ ਵਾਲੇ ਨੇ ਦੱਸਿਆ ਕਿ ਏਸੀ ਕਮਰੇ ਦਾ ਕਿਰਾਇਆ 1500 ਰੁਪਏ ਹੈ ਤੇ ਬਿਨਾਂ ਏਸੀ ਵਾਲੇ ਕਮਰੇ ਦਾ ਕਿਰਾਇਆ 500 ਰੁਪਏ ਹੈ।
ਸ਼ਰਧਾਲੂਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਮਰਾ ਬੁੱਕ ਕਰਨ ਲਈ ਕਿਹਾ ਤਾਂ ਉਸ ਨੇ ਅੱਗਿਓਂ ਕਿਹਾ ਕਿ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਦਿਓ। ਸ਼ਰਧਾਲੂਆਂ ਨੇ ਉਸ ਨੂੰ ਕਿਹਾ ਕਿ ਉਹ ਪੈਸੇ ਤਖ਼ਤ ਸਾਹਿਬ ਪਹੁੰਚ ਕੇ ਹੀ ਦੇਣਗੇ। ਮੈਨੇਜਰ ਰੇਸ਼ਮ ਸਿੰਘ ਨੇ ਦੱਸਿਆ ਕਿ ਜਦੋਂ ਸ਼ਰਧਾਲੂਆਂ ਵੱਲੋਂ ਦੱਸੇ ਮੋਬਾਈਲ ਨੰਬਰ ’ਤੇ ਕਾਲ ਕੀਤੀ ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ।
ਉਨ੍ਹਾਂ ਦੱਸਿਆ ਕਿ ਏਸੀ ਕਮਰੇ ਦਾ ਕਿਰਾਇਆ 500 ਰੁਪਏ ਹੈ ਜਦਕਿ ਨਾਨ ਏਸੀ ਕਮਰੇ ਦਾ ਕਿਰਾਇਆ 200 ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਸਥਾਨਕ ਪੁਲੀਸ ਚੌਕੀ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀਆਂ ਨੂੰ ਵੀ ਇਸ ਬਾਰੇ ਦੱਸ ਦਿੱਤਾ ਗਿਆ ਹੈ।
ਚੌਕੀ ਇੰਚਾਰਜ ਗੁਰਮੁੱਖ ਸਿੰਘ ਨੇ ਕਿਹਾ ਕਿ ਇਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ਿਕਾਇਤ ਆਈ ਹੈ। ਮਾਮਲੇ ਦੀ ਪੜਤਾਲ ਜਾਰੀ ਹੈ ਤੇ ਛੇਤੀ ਹੀ ਅਸਲੀਅਤ ਸਾਹਮਣੇ ਲਿਆ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Related Topics: Sri Anadpur Sahib, Takht Sri Keshgarh Sahib