November 20, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੀ ਚਰਨ ਛੋਹ ਵਾਲੀ ਧਰਤ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਮੂਲ ਮੰਤਰ’ ਸਥਾਨ ਉਸਾਰਿਆ ਜਾ ਰਿਹਾ ਹੈ ਜੋ ਨਵੰਬਰ 2019 ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ।
ਸ਼੍ਰੋ.ਗੁ.ਪ੍ਰ.ਕ. ਵਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ 18 ਅਕਤੂਬਰ 2018 ਨੂੰ ਸਿੱਖ ਧਾਰਮਿਕ ਸ਼ਖਸੀਅਤਾਂ ਤੇ ਕਾਰ ਸੇਵਾ ਵਾਲੇ ਸੇਵਾਦਾਰਾਂ ਦੀ ਹਾਜ਼ਰੀ ਵਿਚ ਸ਼ੁਰੂ ਕੀਤੀ ਗਈ ਇਮਾਰਤ ਦੀ ਉਸਾਰੀ ਦੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਨੂੰ ਸੌਂਪੀ ਗਈ ਹੈ ਜੋ ਬਾਬਾ ਲਾਭ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਮਦਦ ਨਾਲ ਇਸ ਸੇਵਾ ਨੂੰ ਤੇਜੀ ਨਾਲ ਕਰਵਾ ਰਹੇ ਹਨ।
ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਇਮਾਰਤ ਆਪਣੀ ਹੀ ਕਿਸਮ ਦਾ ਇੱਕ “ਅਜੂਬਾ” ਹੋਵੇਗੀ ਅਤੇ ਇਥੇ ਆਉਣ ਵਾਲੀਆਂ ਸੰਗਤਾਂ “ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਹਾਸਲ ਕਰ ਸਕਣਗੀਆਂ”।
ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਦੋ ਏਕੜ ਜਮੀਨ ਵਿੱਚ ਤਿਆਰ ਕਰਵਾਏ ਜਾ ਰਹੀ ਇਸ ਇਮਾਰਤ ਦੀਆਂ ਚਾਰ ਮੰਜਲਾਂ ਹੋਣਗੀਆਂ ਅਤੇ ਹਰ ਮੰਜ਼ਿਲ ਦੀ ਉਚਾਈ 13 ਫੁੱਟ ਰੱਖੀ ਜਾ ਰਹੀ ਹੈ ਪਰ ਜਮੀਨੀ ਮੰਜ਼ਿਲ ਦੀ ਉਚਾਈ 13 ਜਮਾਂ 13 ਭਾਵ 26 ਫੁੱਟ ਹੋਵੇਗੀ। ਇਸ ਤੋਂ ਇਲਾਵਾ 13 ਹੀ ਡਾਟਾਂ ਹੋਣਗੀਆਂ। ਇਸ ਇਮਾਰਤ ਦੇ ਵਰਾਂਡਿਆਂ ਵਿਚ 13 ਫੁੱਟ ਚੌੜੀ ਜਗ੍ਹਾ ਬਣਾ ਕੇ ਉਸ ਵਿਚ ਪਾਣੀ ਚਲਾਇਆ ਜਾਵੇਗਾ। ਇਸ ਇਮਾਰਤ ਦੇ ਅੰਦਰ ਵੀ 20 ਫੁੱਟ ਦੇ ਘੇਰੇ ਵਿਚ ਪਾਣੀ ਚੱਲੇਗਾ ਤੇ ਸ਼੍ਰੋ.ਗੁ.ਪ੍ਰ.ਕ. ਦਾ ਇਹ ਕਹਿਣਾ ਹੈ ਕਿ ਇਹ ਸਭ ਸੰਗਤ ਲਈ ਦਿਲਖਿੱਚਵਾਂ ਦ੍ਰਿਸ਼ ਪੇਸ਼ ਕਰੇਗਾ। ਪਾਣੀ ਦਾ ਪ੍ਰਬੰਧ ਵੇਈਂ ਨਦੀ ਵਿੱਚੋਂ ਹੀ ਕੀਤਾ ਜਾਵੇਗਾ ਅਤੇ ਇਹ ਪਾਣੀ ਵਾਪਸ ਵੀ ਵੇਈਂ ਵਿਚ ਪਾਇਆ ਜਾਵੇਗਾ। ਸ਼੍ਰੋ.ਗੁ.ਪ੍ਰ.ਕ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕੁੱਲ 16 ਗਲਿਆਰਿਆਂ ਵਾਲੀ ਇਸ ਇਮਾਰਤ ਦੇ ਵਿਚਕਾਰਲੇ ਘੇਰੇ ਨੂੰ ਬਿਲਕੁਲ ਉਪਰਲੀ ਮੰਜ਼ਿਲ ਤੱਕ ਖਾਲੀ ਰੱਖ ਕੇ ਉੱਪਰ ਤੋਂ ਹੇਠਾਂ ਨੂੰ ਰੌਸ਼ਨੀਆਂ ਨਾਲ ਖਾਸ ਦਿੱਖ ਦਿੱਤੀ ਜਾਵੇਗੀ। ਸੰਗਤ ਦੀ ਸਹੂਲਤ ਲਈ 2 ਪੌੜੀਆਂ ਅਤੇ ਇੱਕ ‘ਲਿਫਟ’ ਲਾਈ ਜਾਵੇਗੀ।
ਗੁਰਦੁਆਰਾ ਸੰਤ ਘਾਟ ਸਾਹਿਬ ਜੀ ਦੀ ਪਰਿਕਰਮਾ ਨੂੰ ਵੀ 25 ਫੁੱਟ ਵਧਾਇਆ ਜਾ ਰਿਹਾ ਹੈ ਤਾਂ ਜੋ ਉਸ ਨੂੰ ਮੂਲ ਮੰਤਰ ਸਥਾਨ ਨਾਲ ਜੋੜਿਆ ਜਾ ਸਕੇ।
ਮੂਲ ਮੰਤਰ ਸਥਾਨ ਦੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਉਣ ਲਈ ਖੁਬਸੂਰਤ ਬਾਗ ਤਿਆਰ ਕੀਤਾ ਜਾਵੇਗਾ ਜਿਸ ਵਿੱਚੋਂ ਯਾਦਗਾਰੀ ਸਥਾਨ ਤੱਕ 13 ਰਸਤੇ ਬਣਾਏ ਜਾਣਗੇ। ਇਸ ਵਿਚ ਇਤਿਹਾਸ ਦੀ ਪੇਸ਼ਕਾਰੀ ਬਾਰੇ ਉਹਨਾਂ ਦੱਸਿਆ ਕਿ ਇਥੇ “ਮਲਟੀਮੀਡੀਆ” ਤੇ “ਚਿੱਤਰਕਲਾ” ਦੋਵੇਂ ਤਰ੍ਹਾਂ ਨਾਲ ਜਾਣਕਾਰੀ ਵਿਖਾਈ ਤੇ ਇਸ ਸਬੰਧੀ ਸ਼੍ਰੋ.ਗੁ.ਪ੍ਰ.ਕ. ਵੱਲੋਂ ਮਾਹਰਾਂ ਦੀ ਇੱਕ ਕਮੇਟੀ ਛੇਤੀ ਹੀ ਬਣਾਈ ਜਾ ਰਹੀ ਹੈ।
Related Topics: 550th Gurpurab of Guru Nanak Sahib, SGPC, Sultanpur Lodhi