ਆਮ ਖਬਰਾਂ

ਸੁਲਤਾਨ ਮਸੀਹ ਕਤਲ ਕੇਸ: ਲੁਧਿਆਣਾ ਪੁਲਿਸ ਵਲੋਂ 10 ਪਿੰਡਾਂ ਵਿੱਚ ਚਲਾਈ ਗਈ ਤਲਾਸ਼ੀ ਮੁਹਿੰਮ

July 23, 2017 | By

ਲੁਧਿਆਣਾ: ਲੁਧਿਆਣਾ ਦੇ ਪੀਰੂ ਬੰਦਾ ਮੁਹੱਲੇ ਦੀ ਚਰਚ ‘ਟੈਂਪਲ ਆਫ਼ ਗੌਡ’ ਦੇ ਪਾਦਰੀ ਸੁਲਤਾਨ ਮਸੀਹ ਦੇ ਕਤਲ ਕਾਂਡ ਦੇ ਮੁਲਜ਼ਮਾਂ ਦੇ ਰਾਹੋਂ ਰੋਡ ਸਥਿਤ ਪਿੰਡਾਂ ਵਿੱਚ ਲੁਕੇ ਹੋਣ ਦੀ ਜਾਣਕਾਰੀ ਮਿਲਣ ’ਤੇ ਸ਼ਨੀਵਾਰ ਲੁਧਿਆਣਾ ਪੁਲਿਸ ਨੇ 300 ਤੋਂ ਵੱਧ ਮੁਲਾਜ਼ਮਾਂ ਨੂੰ ਨਾਲ ਲੈ ਕੇ 10 ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਦੋ ਏਡੀਸੀਪੀ, ਚਾਰ ਏਸੀਪੀ ਤੇ ਦਰਜਨ ਤੋਂ ਵੱਧ ਥਾਣਿਆਂ ਦੀ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਇਹ ਮੁਹਿੰਮ ਚਲਾਏ ਜਾਣ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਪੁਲਿਸ ਨੂੰ ਪਾਦਰੀ ਕਤਲ ਕਾਂਡ ਵਿੱਚ ਸਿੱਧੇ ਤੌਰ ’ਤੇ ਕੋਈ ਸਫਲਤਾ ਨਾ ਮਿਲੀ।

ਲੁਧਿਆਣਾ ਦੇ 10 ਪਿੰਡਾਂ ਵਿੱਚ ਚਲਾਈ ਤਲਾਸ਼ੀ ਮੁਹਿੰਮ ਦਾ ਦ੍ਰਿਸ਼

ਲੁਧਿਆਣਾ ਦੇ 10 ਪਿੰਡਾਂ ਵਿੱਚ ਚਲਾਈ ਤਲਾਸ਼ੀ ਮੁਹਿੰਮ ਦਾ ਦ੍ਰਿਸ਼

ਜਾਣਕਾਰੀ ਮੁਤਾਬਕ ਲੁਧਿਆਣਾ ਪੁਲਿਸ ਦੇ ਸਾਈਬਰ ਵਿੰਗ ਨੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਸੀ ਕਿ ਮੁਲਜ਼ਮਾਂ ਦੇ ਸ਼ੱਕੀ ਮੋਬਾਈਲ ਫੋਨ ਰਾਹੋਂ ਰੋਡ ਸਥਿਤ ਪਿੰਡ ਜਗੀਰਪੁਰ ਲਾਗੇ ਚੱਲ ਰਹੇ ਹਨ। ਇਸ ’ਤੇ ਪੁਲਿਸ ਨੇ ਇੱਕੋ ਵਕਤ ਛਾਪਾਮਾਰੀ ਕਰਨ ਦੀ ਯੋਜਨਾ ਬਣਾਈ, ਜਿਸ ਤਹਿਤ ਵਿਸ਼ੇਸ਼ ਜਾਂਚ ਟੀਮ ਨੇ ਥਾਣਾ ਮੇਹਰਬਾਨ ਅਧੀਨ ਆਉਂਦੇ ਰਾਹੋਂ ਰੋਡ, ਪਿੰਡ ਜਗੀਰਪੁਰ, ਮਾਡਲ ਕਲੋਨੀ ਤੇ ਆਸ-ਪਾਸ ਦੇ ਇਲਾਕਿਆਂ ’ਚ ਬਣੀਆਂ ਕਲੋਨੀਆਂ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਕਿਸੇ ਬਾਹਰੀ ਵਿਅਕਤੀ ਨੂੰ ਨਾ ਅੰਦਰ ਆਉਣ ਤੇ ਨਾ ਬਾਹਰ ਜਾਣ ਦਿੱਤਾ ਗਿਆ। ਮੁਹਿੰਮ ਮੌਕੇ ਬਾਜ਼ਾਰ ਵੀ ਬੰਦ ਦਿਖੇ ਤੇ ਪੁਲਿਸ ਦੀ ਵੱਡੀ ਗਿਣਤੀ ’ਚ ਮੌਜੂਦਗੀ ਕਾਰਨ ਲੋਕ ਸਹਿਮੇ ਰਹੇ।

ਸਬੰਧਤ ਖ਼ਬਰ:

ਪਾਦਰੀ ਕਤਲ: ਸੁਰਖੀਆਂ ‘ਚ ਬਣੇ ਰਹਿਣ ਲਈ ਸੁਖਪਾਲ ਖਹਿਰਾ ਨੇ ਆਰਐਸਐਸ ਦਾ ਨਾਂ ਲਿਆ: ਸੁਖਬੀਰ ਬਾਦਲ …

ਮੀਡੀਆ ਰਿਪੋਰਟਾਂ ਮੁਤਾਬਕ ਇਸ ਮੌਕੇ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਕੋਲੋਂ ‘ਮੁਲਜ਼ਮਾਂ’ ਦੀ ਮੋਬਾਈਲ ਲੋਕੇਸ਼ਨ ਬਾਰੇ ਪੁੱਛ-ਗਿੱਛ ਕੀਤੀ। ਪੁਲਿਸ ਨੂੰ ਮੁਲਜ਼ਮਾਂ ਦੀ ਫੁਟੇਜ ਇੱਕ ਸੀਸੀਟੀਵੀ ਕੈਮਰੇ ਰਾਹੀਂ ਬਹਾਦੁਰ ਕੇ ਰੋਡ ਵਾਲੀ ਸਾਈਡ ਤੋਂ ਮਿਲੀ। ਇਸੇ ਤੋਂ ਲਿੰਕ ਜੋੜਦਿਆਂ ਪੁਲਿਸ ਸ਼ਨੀਵਾਰ ਰਾਹੋਂ ਰੋਡ ਦੇ ਇਨ੍ਹਾਂ ਪਿੰਡਾਂ ਵਿੱਚ ਪਹੁੰਚੀ। ਪੁਲਿਸ ਨੇ ਕੁਝ ਗੈਂਗਸਟਰਾਂ ਦੀਆਂ ਤਸਵੀਰਾਂ ਨੂੰ ਦਿਖਾ ਕੇ ਵੀ ਲੋਕਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਜ਼ਿਕਰਯੋਗ ਹੈ ਕਿ ਬੀਤੀ 15 ਜੁਲਾਈ ਨੂੰ ਮੋਟਰਸਾਈਕਲ ਸਵਾਰਾਂ ਨੇ ਗਿਰਜਾ ਘਰ ਦੇ ਬਾਹਰ ਫੋਨ ਸੁਣ ਰਹੇ ਪਾਦਰੀ ਸੁਲਤਾਨ ਮਸੀਹ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਇਸ ਸਬੰਧੀ ਪੁਲਿਸ ਕਮਿਸ਼ਨਰ ਆਰ.ਐਨ. ਢੋਕੇ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਪਿੰਡਾਂ ਵਿੱਚ ਮੁਲਜ਼ਮ ਲੁਕੇ ਹੋਏ ਹਨ। ਪੁਲਿਸ ਨੇ ਕਈ “ਸ਼ੱਕੀ ਵਿਅਕਤੀਆਂ” ਨੂੰ ਹਿਰਾਸਤ ਵਿੱਚ ਲਿਆ ਹੈ। ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ “ਤਲਾਸ਼ੀ ਮੁਹਿੰਮ” ਦੌਰਾਨ ਲੋਕਾਂ ਨੇ ਇਸ ਗੱਲ ਦਾ ਰੋਸ ਪ੍ਰਗਟ ਕੀਤਾ ਕਿ “ਤਲਾਸ਼ੀ” ਦੌਰਾਨ ਮੱਧ ਵਰਗੀ ਅਤੇ ਗਰੀਬ ਲੋਕਾਂ ਤੋਂ ਹੀ ਪੁੱਛਗਿੱਛ ਹੋਈ ਅਮੀਰਾਂ ਦੇ ਬੰਗਲਿਆਂ ਅਤੇ ਕੋਠੀਆਂ ਦੀ ਨਾ ਤਲਾਸ਼ੀ ਲਈ ਗਈ ਨਾ ਉਨ੍ਹਾਂ ਤੋਂ ਕੁਝ ਪੁੱਛਿਆ ਗਿਆ।

ਇਕ ਸੀਨੀਅਰ ਪੁਲਿਸ ਅਫਸਰ ਨੇ ਦੱਸਿਆ ਕਿ 87 ਪਿੰਡਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਕਿ ਸ਼ੱਕੀ ਛੁੱਪੇ ਹੋ ਸਕਦੇ ਹਨ। ਅੰਗ੍ਰੇਜ਼ੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ “ਤਲਾਸ਼ੀ” ਦੌਰਾਨ ਪੁਲਿਸ ਨੇ ਕਾਲੇ ਰੰਗ ਦੇ ਪਲਸਰ ਅਤੇ ਸਪਲੈਂਡਰ ਮੋਟਰਸਾਈਕਲਾਂ ਬਾਰੇ ਵਿਸ਼ੇਸ਼ ਜਾਣਕਾਰੀ ਲਈ, ਜੋ ਕਿ ਪੁਲਿਸ ਮੁਤਾਬਕ ਕਤਲ ਸਮੇਂ ਵਰਤਿਆ ਗਿਆ ਸੀ। ਅਤੇ ਇਸ ਦੌਰਾਨ 25-35 ਤਕ ਦੀ ਉਮਰ ਦੇ ਨੌਜਵਾਨਾਂ ਬਾਰੇ ਵਿਸ਼ੇਸ਼ ਜਾਣਕਾਰੀ ਲਈ ਗਈ।

ਸਬੰਧਤ ਖ਼ਬਰ:

ਆਰਐਸਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕਾਰਾ ਹੈ ਲੁਧਿਆਣਾ ਵਿਖੇ ਪਾਦਰੀ ਦਾ ਕਤਲ: ਸੁਖਪਾਲ ਸਿੰਘ ਖਹਿਰਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,