February 15, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (4 ਫਰਵਰੀ, 2016): ਬਾਦਲ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਵਾਰਾਂ ਗਾ ਰਹੇ ਢਾਡੀ ਕੋਲੋ ਮਾਇਕ ਖੋਹਣ ਦੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ‘ਤੇ ਸ਼ਿਕਾਇਤ ਕੀਤੀ ਗਈ ਹੈ।
ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਲਿਖੇ ਕੇ ਮੰਗ ਕੀਤੀ ਹੈ ਕਿ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਪੰਥਕ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੀ ਫਸੀਲ ਸਾਹਮਣੇ ਸੰਗਤ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਢਾਡੀ ਕੋਲੋਂ ਜਿਸ ਢੰਗ ਨਾਲ ਮਾਈਕ ਖੋਹਿਆ ਗਿਆ,ਉਸ ਨਾਲ ਸਿੱਖ ਮਰਿਆਦਾ ਅਤੇ ਪ੍ਰਚਾਰਕਾਂ ਦੇ ਮਾਨ ਸਨਮਾਣ ਨੂੰ ਢਾਹ ਲੱਗੀ ਹੈ।
ਸੁਖਜਿੰਦਰ ਸਿੰਘ ਨੇ ਅਕਾਲ ਤਖ਼ਤ ਨੂੰ ਭੇਜੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਹ ਖ਼ੁਦ ਇੱਕ ਅੰਮ੍ਰਿਤਧਾਰੀ ਸਿੱਖ ਹਨ ਤੇ ਲੰਗਾਹ ਦੀ ਹਰਕਤ ਨਾਲ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੀ ਹੈ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਲੰਗਾਹ ਖ਼ਿਲਾਫ਼ ਹੋਰ ਵੀ ਕਈ ਦੋਸ਼ ਲਾਏ ਹਨ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰ੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਸਮੇਤ ਹੋਰ ਸਿੱਖ ਆਗੂਆਂ ਵੱਲੋਂ ਸਾਬਕਾ ਮੰਤਰੀ ਲੰਗਾਹ ਦੀ ਇਸ ਹਰਕਤ ਦੀ ਨਿਖੇਧੀ ਕੀਤੀ ਗਈ ਹੈ ਅਤੇ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਵੀ ਲੰਗਾਹ ਦੁਆਰਾ ਢਾਡੀ ਸਿੰਘਾਂ ਕੋਲੋਂ ਮਾਈਕ ਖੋਹਣ ਨੂੰ ਗ਼ਲਤ ਕਰਾਰ ਦਿੱਤਾ ਹੈ।
Related Topics: Akal Takhat Sahib, Dhadi, Giani Gurbachan Singh, Sucha Singh Langah