ਸਿੱਖ ਖਬਰਾਂ

ਸੁਖਬੀਰ ਬਾਦਲ ਦੇ ਭੇਜੇ ਲਿਫਾਫੇ ਨੇ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਕੀਤੀ ਚੋਣ

February 28, 2015 | By

ਨਵੀਂ ਦਿੱਲੀ (27 ਫਰਵਰੀ, 2015):ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਬੋਰਡ ਦੀ ਚੋਣ ਦੌਰਾਨ ਮਨਜੀਤ ਸਿੰਘ ਜੀ.ਕੇ. ਨੂੰ ਮੁੜ ਤੋਂ ਪ੍ਰਧਾਨ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ ਜਦ ਕਿ ਬਾਕੀ ਤਿੰਨ ਅਹੁਦੇਦਾਰਾਂ ਅਤੇ 10 ਮੈਂਬਰੀ ਕਾਰਜਕਾਰਨੀ ਵਿਚ ਸਾਰੇ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ |

ਅੱਜ ਦਿੱਲੀ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਭੇਜੇ ਗਏ ਅਧਿਕਾਰੀਆਂ ਦੀ ਨਿਗਰਾਨੀ ‘ਚ ਗੁਰਦੁਆਰਾ ਰਕਾਬ ਗੰਜ ਸਥਿਤ ਕਮੇਟੀ ਦਫ਼ਤਰ ਵਿਖੇ ਸੱਦੀ ਗਈ ਇਕੱਤਰਤਾ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਨੇ ਕਮੇਟੀ ਦੇ ਮੁੱਖ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਦੀ ਚੋਣ ਕੀਤੀ | ਚੋਣ ਪ੍ਰਕਿਰਿਆ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰਗਿਆਨੀ ਗੁਰਬਚਨ ਸਿੰਘ, ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਤੇ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਮੱਲ ਸਿੰਘ ਦੀ ਮੌਜੂਦਗੀ ‘ਚ ਅਰੰਭ ਹੋਈ |

ਇਸ ਤੋਂ ਪਹਿਲਾਂ ਚੋਣ ਪ੍ਰਕਿਰਿਆ ਦੀ ਮੁਕੰਮਲਤਾ ਵਾਸਤੇ ਅਰਦਾਸ ਕੀਤੀ ਉਪਰੰਤ ਸੁਖਬੀਰ ਸਿੰਘ ਬਾਦਲ ਵੱਲੋਂ ਬਲਵੰਤ  ਸਿੰਘ ਰਾਮੂਵਾਲੀਆ ਹੱਥ ਭੇਜੇ ਗਏ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ ਵਾਲਾ ਸੀਲਬੰਦ ਲਿਫ਼ਾਫੇ ਨੂੰ ਖੋਲ ਕੇ ਸਾਰੇ ਨਾਵਾਂ ਦਾ ਐਲਾਨ ਕੀਤਾ ਗਿਆ |

ਮਨਜੀਤ ਸਿੰਘ ਜੀ.ਕੇ. ਨੂੰ ਦੂਜੀ ਵਾਰ ਪ੍ਰਧਾਨ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਜਨਰਲ ਸਕੱਤਰ ਚੁਣੇ ਜਾਣ ਤੋਂ ਇਲਾਵਾ ਮਹਿੰਦਰਪਾਲ ਸਿੰਘ ਚੱਢਾ (ਸੀਨੀਅਰ ਮੀਤ ਪ੍ਰਧਾਨ), ਸਤਪਾਲ ਸਿੰਘ (ਜੂਨੀਅਰ ਮੀਤ ਪ੍ਰਧਾਨ) ਤੇ ਅਮਰਜੀਤ ਸਿੰਘ ਪੱਪੂ (ਸਕੱਤਰ) ਚੁਣੇ ਗਏ | ਇਸ ਤੋਂ ਇਲਾਵਾ 10 ਮੈਂਬਰੀ ਕਾਰਜਕਾਰਨੀ ‘ਚ ਗੁਰਬਚਨ ਸਿੰਘ ਚੀਮਾ, ਗੁਰਵਿੰਦਰਪਾਲ ਸਿੰਘ, ਹਰਦੇਵ ਸਿੰਘ ਧਨੋਆ, ਜੀਤ ਸਿੰਘ ਖੋਖਰ, ਕੁਲਮੋਹਨ ਸਿੰਘ, ਮਨਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ,ਰਵੇਲ ਸਿੰਘ, ਕੁਲਦੀਪ ਸਿੰਘ ਸਾਹਨੀ ਤੋਂ ਇਲਾਵਾ ਵਿਰੋਧੀ ਧਿਰ ਦੇ ਨੁਮਾਇੰਦੇ ਦੇ ਤੌਰ ‘ਤੇ ਇੱਕ ਮੈਂਬਰ ਜਤਿੰਦਰ ਸਿੰਘ ਸਾਹਨੀ ਚੁਣੇ ਗਏ |

ਸਭ ਤੋਂ ਪਹਿਲਾਂ ਪ੍ਰਧਾਨ ਦੇ ਅਹੁਦੇ ਲਈ ਮਨਜੀਤ ਸਿੰਘ ਜੀ.ਕੇ. ਦੇ ਨਾਂਅ ਦੀ ਤਜਵੀਜ਼ ਜਥੇ. ਅਵਤਾਰ ਸਿੰਘ ਹਿੱਤ ਨੇ ਪੇਸ਼ ਕੀਤੀ, ਜਿਸ ਦਾ ਮਨਜਿੰਦਰ ਸਿੰਘ ਸਿਰਸਾ ਨੇ ਸਮਰਥਨ ਕੀਤਾ | ਮਨਜੀਤ ਸਿੰਘ ਦੇ ਮੁਕਾਬਲੇ ਸੰਕੇਤਕ ਤੌਰ ‘ਤੇ ਚੋਣ ਲੜਨ ਵਾਲੀ ਬੀਬੀ ਦਲਜੀਤ ਕੌਰ ਖਾਲਸਾ ਦੇ ਨਾਂਅ ਦੀ ਤਜਵੀਜ਼ ਤਜਿੰਦਰ ਸਿੰਘ ਗੋਪਾ ਨੇ ਕੀਤੀ ਜਿਸ ਦਾ ਸਮਰਥਨ ਪ੍ਰਭਜੀਤ ਸਿੰਘ ਜੀਤੀ ਨੇ ਕੀਤਾ |

ਵੋਟਿੰਗ ਦੌਰਾਨ ਕੁਲ 49 ਵੋਟਾਂ ਵਿਚੋਂ 45 ਜੀ.ਕੇ. ਨੂੰ ਅਤੇ ਬੀਬੀ ਦਲਜੀਤ ਕੌਰ ਖਾਲਸਾ ਨੂੰ 4 ਵੋਟਾਂ ਪ੍ਰਾਪਤ ਹੋਈਆਂ | ਇਸ ਤੋਂ ਬਾਅਦ ਸਾਰੇ ਅਹੁਦੇਦਾਰ ਨਿਰ ਵਿਰੋਧ ਚੁਣੇ ਗਏ | ਸੀਨੀਅਰ ਮੀਤ ਪ੍ਰਧਾਨ ਦੇ ਲਈ ਮਹਿੰਦਰ ਪਾਲ ਸਿੰਘ ਚੱਢਾ ਦੇ ਨਾਂਅ ਦੀ ਤਜਵੀਜ਼ ਉਂਕਾਰ ਸਿੰਘ ਥਾਪਰ ਨੇ ਪੇਸ਼ ਕੀਤੀ ਜਿਸ ਦਾ ਸਮਰਥਨ ਰਵੇਲ ਸਿੰਘ ਨੇ ਕੀਤਾ |

ਜੂਨੀਅਰ ਮੀਤ ਪ੍ਰਧਾਨ ਲਈ ਸਤਪਾਲ ਸਿੰਘ ਦੇ ਨਾਂਅ ਦੀ ਤਜਵੀਜ਼ ਗੁਰਬਖਸ਼ ਸਿੰਘ ਮੋਂਟੂਸ਼ਾਹ ਨੇ ਪੇਸ਼ ਕੀਤੀ ਜਿਸ ਦਾ ਸਮਰਥਨ ਇੰਦਰਜੀਤ ਸਿੰਘ ਮੌਾਟੀ ਨੇ ਕੀਤਾ | ਜਨਰਲ ਸਕੱਤਰ ਲਈ ਮਨਜਿੰਦਰ ਸਿੰਘ ਸਿਰਸਾ ਦੇ ਨਾਂਅ ਦੀ ਤਜਵੀਜ਼ ਇੰਦਰਪ੍ਰੀਤ ਸਿੰਘ ਨੇ ਕੀਤੀ ਜਿਸ ਦਾ ਸਮਰਥਨ ਹੈਰਾਨੀਕੁਨ ਤਰੀਕੇ ਨਾਲ ਬੀਬੀ ਦਲਜੀਤ ਕੌਰ ਖਾਲਸਾ ਨੇ ਕੀਤਾ | ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਅਮਰਜੀਤ ਸਿੰਘ ਪੱਪੂ ਦੇ ਨਾਂਅ ਦੀ ਤਜਵੀਜ਼ ਪਰਮਜੀਤ ਸਿੰਘ ਰਾਣਾ ਨੇ ਕੀਤੀ ਜਿਸ ਦਾ ਸਮਰਥਨ ਤਨਵੰਤ ਸਿੰਘ ਨੇ ਕੀਤਾ ਅਤੇ ਇਨ੍ਹਾਂ ਦੇ ਮੁਕਾਬਲੇ ‘ਚ ਕੋਈ ਉਮੀਦਵਾਰ ਨਾ ਹੋਣ ਕਾਰਨ ਇਹ ਸਾਰੇ ਅਹੁਦੇਦਾਰ ਨਿਰ ਵਿਰੋਧ ਚੁਣ ਲਏ ਗਏ |

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: