ਚੋਣਵੀਆਂ ਲਿਖਤਾਂ » ਲੇਖ

ਇਤਿਹਾਸ ਦੀ ਕਿਤਾਬ’ਚ ਗਲਤ ਬਿਆਨੀਆਂ ਦਾ ਵਿਰੋਧ ਜਾਂ ਖੁਦ ਤੇ ਲੱਗੀ ਇਤਿਹਾਸਕ ਕਾਲਖ ਦੱਬਣ ਦੀ ਕੋਸ਼ਿਸ਼?

October 29, 2018 | By

ਸ.ਪਰਮਜੀਤ ਸਿੰਘ*

ਇਹਨੀਂ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ (ਪੰ.ਸ.ਸਿ.ਬ) ਦੀਆਂ ਸਕੂਲੀ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਦੀ ਡਾਹਢੀ ਚਿੰਤਾ ਹੋ ਰਹੀ ਹੈ। ਲੰਘੀ 25 ਤੀਰਕ ਨੂੰ ਸ਼੍ਰੋ.ਅ.ਦ. (ਬਾਦਲ) ਦੇ ਮੁਖੀ ਨੇ ਟਵਿੱਟਰ ਉੱਤੇ ਲਿਿਖਆ ਕਿ: ਸਕੂਲੀ ਸਿੱਖਿਆ ਕੌਮ ਦਾ ਆਧਾਰ ਹੁੰਦੀ ਹੈ ਅਤੇ ਗੰਧਲਾ ਇਤਿਹਾਸ ਲਿਖ ਕੇ ਕਾਂਗਰਸ ਨੇ ਸਿੱਖ ਕੌਮ ਦੀਆਂ ਜੜ੍ਹਾਂ ‘ਤੇ ਹਮਲਾ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਇੱਕ ਸਿੱਖ ਪਰਿਵਾਰ ‘ਚ ਜਨਮ ਲੈਣ ਵਾਲੇ ਮੁੱਖ ਮੰਤਰੀ ਦੇ ਹੁੰਦੇ ਹੋਏ ਇਹ ਕੁਝ ਵਾਪਰਿਆ’। ਇਸ ਟਵੀਟ ਨਾਲ ਸੁਖਬੀਰ ਸਿੰਘ ਬਾਦਲ ਨੇ ‘#ਸਿੱਖਵਿਰੋਧੀਕਾਂਗਰਸ’ ਪਉੜੀਤੰਦ (ਹੈਸ਼ਟੈਗ) ਲਾਈ।

ਇਸੇ ਤਰ੍ਹਾ 27 ਅਕਤੂਬਰ ਨੂੰ ਉਹਨੇ ਕਿਹਾ ਕਿ: ‘ਮੈਂ ਪੰ.ਸ.ਸਿ.ਬ. ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਜਿਸ ਵਿੱਚ ਸਿੱਖ ਗੁਰੂਆਂ ਅਤੇ ਧਾਰਮਿਕ ਗ੍ਰੰਥਾਂ ਬਾਰੇ ਭੱਦੀਆਂ ਟਿੱਪਣੀਆਂ ਹਨ, ਨੂੰ ਲਿਖਣ ਅਤੇ ਇਸ ਨੂੰ ਪ੍ਰਵਾਨ ਕਰਨ ਵਾਲੀ ਕਮੇਟੀ ਦੇ ਮੈਂਬਰਾਂ ਦੀ ਗ੍ਰਿਫਤਾਰੀ ਦੀ ਮੰਗ ਕਰਦਾ ਹਾਂ। ਅਸੀਂ ਓਨੀ ਦੇਰ ਤੱਕ ਟਿਕ ਕੇ ਨਹੀਂ ਬੈਠਾਂਗੇ ਜਿੰਨੀ ਦੇਰ ਤੱਕ ਉਹਨਾਂ ਖਿਲਾਫ ਫੌਜਦਾਰੀ ਮੁਕਦਮਾ ਨਹੀਂ ਦਰਜ਼ ਹੋ ਜਾਂਦਾ’ (ਮੂਲ ਅੰਗਰੇਜ਼ੀ ਤੋਂ ਪੰਜਾਬੀ ਉਲੱਥਾ)।

 

24 ਅਕਤੂਬਰ ਦੀ ਇਕ ਹੋਰ ਟਵੀਟ ਇਸ ਤਰ੍ਹਾਂ ਹੈ: ‘ਕਾਂਗਰਸ ਸਰਕਾਰ ਸਿੱਖ ਇਤਿਹਾਸ ਦੇ ਖਾਤਮੇਂ ਦੀ ਸਾਜਿਸ਼ ਚ ਲੱਗੀ ਹੈ। ਇਹ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦੇ ਨਵੇਂ ਕਾਂਡਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਸਵਾਲ ਚੁੱਕ ਰਹੀ ਹੈ ਅਤੇ ਕਹਿ ਰਹੀ ਹੈ ਕਿ 10ਵੇਂ ਗੁਰੂ ਨੇ ਪਿੰਡ ਲੁੱਟੇ ਸਨ। ਇਹਨੂੰ ਇਹ ਕਿਤਾਬ ਵਾਪਸ ਲੈਣੀ ਚਾਹੀਦੀ ਹੈ ਜਾਂ ਸਿੱਖ ਪੰਥ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਾਆਰ ਹੋ ਜਾਣਾ ਚਾਹੀਦਾ ਹੈ #ਸਿੱਖਵਿਰੋਧੀਕਾਂਗਰਸ’ (ਮੂਲ ਅੰਗਰੇਜ਼ੀ ਤੋਂ ਪੰਜਾਬੀ ਉਲੱਥਾ)।

ਪਤਾ ਲੱਗਾ ਹੈ ਕਿ ਇਸੇ ਮਾਮਲੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੋ.ਅ.ਦ. (ਬਾਦਲ) ਦੀ ‘ਕੋਰ ਕਮੇਟੀ’ ਦੀ ਇੱਕ ਇਕੱਤਰਤਾ ਚੰਡੀਗੜ੍ਹ ਵਿਖੇ ਸੱਦੀ ਹੈ ਤੇ ਅਸਾਰ ਹਨ ਕਿ ਇਸ ਮਾਮਲੇ ਉੱਤੇ ਬਾਦਲ ਦਲ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਸਕੂਲੀ ਕਿਤਾਬਾਂ ਵਿੱਚ ਇਤਿਹਾਸ ਨਾਲ ਛੇੜ-ਛਾੜ ਇਕ ਅਹਿਮ ਮਾਮਲਾ ਹੈ। ਇਸ ਤੋਂ ਪਹਿਲਾਂ ਵੀ ਸਕੂਲੀ ਕਿਤਾਬਾਂ ਵਿੱਚ ਸਿੱਖਾਂ ਦੇ ਇਤਿਹਾਸ ਨਾਲ ਛੇੜ-ਛਾੜ ਕਰਨ ਤੇ ਗੁਰੂ ਸਾਹਿਬਾਨ ਬਾਰੇ ਗਲਤ ਟਿੱਪਣੀਆਂ ਦਾ ਮਾਮਲਾ ਉੱਭਰਦਾ ਰਿਹਾ ਹੈ। ਇਹ ਕੰਮ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐਸ.ਐਸ.) ਅਤੇ ਇਸ ਨਾਲ ਜੁੜੀਆਂ ਹੋਰਨਾਂ ਜਥੇਬੰਦੀਆਂ ਵੱਲੋਂ ਵੀ ਕੀਤਾ ਜਾਂਦਾ ਹੈ। ਇਹ ਜਥੇਬੰਦੀਆਂ ਬਾਲ ਸਾਹਿਤ ਦੇ ਤੌਰ ਤੇ ਜੋ ਕਿਤਾਬਾਂ ਛਾਪਦੇ ਹਨ ਉਹਨਾਂ ਵਿੱਚ ਗੁਰੂ ਸਾਹਿਬਾਨ ਬਾਰੇ ਅਤਿ-ਦਰਜੇ ਦੀਆਂ ਗਲਤ ਬਿਆਨੀਆਂ ਕਰਦੇ ਹਨ। ਸਕੂਲੀ ਸਿਿਖਆ ਦੇ ਕੇਂਦਰੀ ਅਦਾਰਿਆਂ ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਵੀ ਇਹਨਾਂ ਹੀ ਕਾਰਨਾਂ ਕਰਕੇ ਵਿਵਾਦਾਂ ਵਿੱਚ ਰਹਿੰਦੀਆਂ ਹਨ।

ਅੱਜ ਕੱਲ ਜਦੋਂ ਕਿ ਸਕੂਲੀ ਸਿੱਖਿਆ ਮਨੁੱਖ ਦੀ ਹਸਤੀ ਘੜਨ ਦਾ ਇਕ ਵੱਡਾ ਜਾਂ ਲਗਭਗ ਇਕੋ-ਇਕ ਵਸੀਲਾ ਬਣਦੀ ਜਾ ਰਹੀ ਹੈ ਤਾਂ ਅਜਿਹੇ ਵਿੱਚ ਸਕੂਲੀ ਕਿਤਾਬਾਂ ਵਿੱਚ ਗਲਤ ਬਿਆਨੀਆਂ ਦਾ ਮਾਮਲਾ ਹੋਰ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਇਸ ਰਾਹੀਂ ਸਕੂਲੀ ਬੱਚਿਆਂ ਦੀ ਸਖਸ਼ੀਅਤ ਵਿੱਚ ਕੱਜ ਪੈਣ ਦੀ ਸੰਭਾਵਨਾ ਚੋਖੀ ਹੋ ਜਾਂਦੀ ਹੈ।

ਮੌਜੂਦਾ ਕਾਂਗਰਸ ਸਰਕਾਰ ਵੇਲੇ ਪੰ.ਸ.ਸਿ.ਬ. ਦੀ 12ਵੀਂ ਜਮਾਤ ਦੀ ਕਿਤਾਬ ਵਿਵਾਦਾਂ ਦੇ ਘੇਰੇ ਵਿੱਚ ਹੈ ਜਿਸ ਦਾ ਮਾਹਿਰਾਂ, ਵਿਦਵਾਨਾਂ ਤੇ ਸਿੱਖ ਅਕਾਦਮਿਕ ਹਲਕਿਆਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਸਕੂਲੀ ਸਿੱਖਿਆ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਵਿਗਾੜਨ ਦਾ ਮਸਲਾ ਮਾਮਲਾ ਗੰਭੀਰ ਹੈ।

ਹੁਣ ਜਦੋਂ ਮਾਮਲਾ ਗੰਭੀਰ ਹੈ ਤਾਂ ਸਮਾਜ ਦੇ ਹਰ ਹਿੱਸੇ ਵੱਲੋਂ ਇਸ ਬਾਰੇ ਚੇਤੰਨ ਹੋਣਾ ਚੰਗੀ ਹੱਲ ਹੋਣੀ ਚਾਹੀਦੀ ਹੈ। ਇਸ ਪੱਖ ਤੋਂ ਵੇਖਿਆਂ ਸ਼੍ਰੋ.ਅ.ਦ. (ਬਾਦਲ) ਵੱਲੋਂ ਕੀਤੀ ਜਾ ਰਹੀ ਸਰਗਰਮੀ ਚੰਗੀ ਮੰਨੀ ਜਾਣੀ ਚਾਹੀਦੀ ਹੈ। ਪਰ ਸਿਰਫ ਦਿਸਦਾ ਹੀ ਸਭ ਕੁਝ ਨਹੀਂ ਹੁੰਦਾ। ‘ਕਿਸ ਵੱਲੋਂ’ ‘ਕਿਹੜੀ ਗੱਲ’ ‘ਕਿਸ ਵੇਲੇ’ ਕਹੀ ਜਾਂ ਕੀਤੀ ਜਾਂਦੀ ਹੈ ਉਹਨੂੰ ਵਿਚਾਰ ਕੇ ਹੀ ਇਸ ਗੱਲ ਦੀ ਥਾਹ ਪਾਈ ਜਾ ਸਕਦੀ ਹੈ ਕਿ ਉਹ ਇਹ ਗੱਲ ‘ਕਾਹਦੇ ਵਾਸਤੇ’ ਕਹਿ ਜਾਂ ਕਰ ਰਿਹਾ ਹੈ।

‘ਕਿਹੜੀ ਗੱਲ’ ਦਾ ਮਸਲਾ ਉੱਪਰ ਵਿਚਾਰਿਆ ਜਾ ਚੁੱਕਾ ਹੈ ਤੇ ਸੰਖੇਪ ਦਹੁਰਾਓ ਇਹ ਹੈ ਕਿ ਸਕੂਲੀ ਕਿਤਾਬਾਂ ਵਿੱਚ ਇਤਿਹਾਸ ਨਾਲ ਛੇੜਛਾੜ ਦਾ ਮਾਮਲਾ ਇਕ ਗੰਭੀਰ ਮਸਲਾ ਹੈ। ਪਰ ਇਹ ਜਰੂਰ ਦੱਸਣਾ ਬਣਦਾ ਹੈ ਕਿ ਹੁਣ ਵੀ ਨਾਗਪੁਰ ਦੀ ਇਕ ਸੰਸਥਾ ਵੱਲੋਂ ਛਾਪੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਖਿਲਵਾੜ ਦਾ ਮਾਮਲਾ ਚਰਚਾ ਵਿੱਚ ਹੈ ਪਰ ਬਾਦਲ ਉਸ ਮਾਮਲੇ ਉੱਤੇ ਕੁਝ ਨਹੀਂ ਬੋਲ ਰਹੇ। ਸੋ ਸੁਖਬੀਰ ਬਾਦਲ ਨੇ ਇਸ ਮਾਮਲੇ ਦੇ ਸਿਰਫ ਓਨੇ ਹਿੱਸੇ ਦੀ ਚੋਣ ਕੀਤੀ ਹੈ ਜਿਸ ਦਾ ਸੰਬੰਧ ਕਾਂਗਰਸ ਸਰਕਾਰ ਅਤੇ ਪੰਜਾਬ ਦੇ ਖਿੱਤੇ ਜਾਂ ਸਿੱਧਾ ਕਿਹਾ ਜਾਵੇ ਤਾਂ ਪੰਜਾਬ ਦੀ ਸਿਆਸਤ ਨਾਲ ਹੈ। ਆਰ.ਐਸ.ਐਸ. ਵੱਲੋਂ ਕੀਤੀ ਜਾਂਦੀ ਸਿੱਖ ਇਤਿਹਾਸ ਨਾਲ ਛੇੜਛਾੜ ਬਾਰੇ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਚੁੱਪ ਹੈ।

ਵਿਚਾਰ ਹੇਠਲੇ ਮਾਮਲੇ ਵਿਚ ਜੇਕਰ ‘ਕਿਸ ਵੱਲੋਂ’ ਨੂੰ ਵਿਚਾਰਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਹੀ ਸਿੱਖ ਸਰੋਕਾਰਾਂ ਦੀ ਰਾਖੀ ਤੇ ਪ੍ਰਫੁੱਲਤਾ ਲਈ ਆਇਆ ਸੀ। ਇਹ ਦਲ ਸਿੱਖ ਹਿੱਤਾਂ ਦਾ ਝੰਡਾਬਰਦਾਰ ਬਣ ਕੇ ਇਤਿਹਾਸ ਵਿੱਚ ਵਿਚਰਿਆ ਹੈ ਤੇ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਹੈ। ਪਰ ਮੁੱਕਰਿਆ ਇਸ ਗੱਲ ਤੋਂ ਵੀ ਨਹੀਂ ਜਾ ਸਕਦਾ ਕਿ ਇਸ ਵੇਲੇ ਇਹ ਦਲ ਸੱਤਾ ਦੀ ਹਵਸ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਕੇ ਸਿੱਖ ਸਰੋਕਾਰਾਂ ਨੂੰ ਤਿਲਾਂਜਲੀ ਦੇ ਚੁੱਕਾ ਹੈ। 1980ਵਿਆਂ ਤੋਂ ਬਾਅਦ ਤੇ ਖਾਸ ਕਰ 1995 ਵਿਚ ‘ਪੰਜਾਬੀ ਪਾਰਟੀ’ ਬਣ ਜਾਣ ਤੋਂ ਲੈ ਕੇ ਇਸ ਦਲ ਦਾ ਹੁਣ ਤੱਕ ਦਾ ਇਤਿਹਾਸ ਅਸਲ ਵਿੱਚ ਕਾਲਖ ਦਾ ਹੀ ਇਤਿਹਾਸ ਹੈ। ਇਸ ਕਾਲਖ ਦੇ ਵੇਰਵੇ ਤਾਂ ਇੰਨੇ ਲੰਮੇ ਹਨ ਕਿ ਅਜਿਹੀ ਕਿਸੇ ਇਕ ਲਿਖਤ ਵਿੱਚ ਸਮਾ ਨਹੀਂ ਸਕਦੇ ਇਸ ਲਈ ਸਿਰਫ ਹਾਲੀਆ ਅਹਿਮ ਘਟਨਾਵਾਂ ਦਾ ਹੀ ਜ਼ਿਕਰ ਕਰਾਂਗੇ। ਸਾਲ 2015 ਜਿਵੇਂ ਬਾਦਲ ਦਲ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੁਆਈ ਗਈ, ਫਿਰ ਬਰਗਾੜੀ ਤੇ ਬਰਗਾੜੀ ਨੇੜੇ ਦੀਆਂ ਹੋਰਨਾਂ ਥਾਵਾਂ ਤੇ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਗਈ ਅਤੇ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਸਿੱਖਾਂ ਨੂੰ ਗੋਲੀਆਂ ਚਲਾ ਕੇ ਮਾਰਿਆ ਗਿਆ ਉਹ ਇਤਿਹਾਸ ਦੇ ਅਜਿਹੇ ਦਾਗ ਹਨ ਜੋ ਬਾਦਲ ਦਲ ਦੇ ਮੱਥੇ ਤੋਂ ਮਿਟਣ ਵਾਲੇ ਨਹੀਂ। ਦੂਜੀ ਮਿਸਾਲ ਹੈ ਕਿ ਜਿਵੇਂ ਬਾਦਲਾਂ ਨੇ ਸਿੱਖ ਸੰਸਥਾਵਾਂ ਤੇ ਵਕਾਰੀ ਸਿੱਖ ਹਸਤੀਆਂ ਜਿਵੇਂ ਕਿ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਆਪਣੇ ਮੁਫਾਦਾਂ ਲਈ ਵਰਤ ਕੇ ਉਹਨਾਂ ਦੀ ਮਾਨਤਾਂ ਹੀ ਖਤਮ ਕਰ ਦਿੱਤੀ ਹੈ ਕਿਸੇ ਕੌਮ ਨਾਲ ਅਜਿਹੇ ਕੰਮ ਤੋਂ ਵੱਡਾ ਧਰੋਹ ਸ਼ਾਇਦ ਹੋਰ ਕੋਈ ਨਹੀਂ ਹੋ ਸਕਦਾ।

ਹੁਣ ਗੱਲ ਕਰਦੇ ਹਾਂ ‘ਕਿਸ ਵੇਲੇ’ ਦੀ। ਉਕਤ ਚਰਚਾ ਵਿੱਚ ਦਿੱਤੇ ਹਾਲੀਆ ਹਵਾਲਿਆਂ ਦੇ ਮਾਮਲੇ ਵਿਚ ਹੁਣ ਬਾਦਲਾਂ ਦੇ ਸਭ ਪਰਦੇ ਫਾਸ ਹੋ ਚੁੱਕੇ ਹਨ ਤੇ ਇਹ ਗੱਲਾਂ ਠੋਸ ਤੱਥਾਂ ਤੇ ਗਵਾਹੀਆਂ ਨਾਲ ਜੱਗ ਜ਼ਾਹਰ ਹੋ ਚੁੱਕੀਆਂ ਹਨ। ਅਜਿਹੇ ਵਿੱਚ ਬਾਦਲ ਇਹ ਗੱਲ ਉਦੋਂ ਕਰ ਰਹੇ ਹਨ ਜਦੋਂ ਕਿ ਸਿੱਖੀ ਸਰੋਕਾਰਾਂ ਨਾਲ ਜੁੜੇ ਹਿੱਸੇ ਵਿਚ ਉਹਨਾਂ ਦੀ ਮਾਨਤਾ ਖਤਮ ਹੋ ਚੁੱਕੀ ਹੈ। ਇਹ ਹੀ ਨਹੀਂ ਬਾਦਲ ਇਸ ਵੇਲੇ ਅਜਿਹੀ ਸਿਆਸੀ ਹਾਲਤ ਵਿੱਚ ਹਨ ਕਿ ਸਿੱਖ ਸਰੋਕਾਰਾਂ ਨੂੰ ਦੋਮ ਥਾਂ ਤੇ ਰੱਖਣ ਵਾਲੇ ਹਿੱਸੇ ਵਿੱਚ ਵੀ ਉਹਨਾਂ ਦੀ ਮਾਨਤਾ ਹਾਸ਼ੀਏ ਉੱਤੇ ਹੈ। ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਸਿੱਖਾਂ ਦੇ ਇਤਿਹਾਸ ਨਾਲ ਛੇੜ-ਛਾੜ ਪਹਿਲਾਂ ਵੀ ਹੁੰਦੀ ਰਹੀ ਹੈ ਪਰ ਬਾਦਲਾਂ ਨੇ ਅਜਿਹੇ ਮਾਮਲਿਆਂ ਤੇ ਪਹਿਲਾਂ ਕਦੇ ਵੀ ਏਨੀ ਸਰਗਰਮੀ ਨਹੀਂ ਵਿਖਾਈ। ਸਾਫ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜਾਗੇ ਸਿੱਖੀ ਦੇ ਹੇਜ਼ ਦਾ ਇਸ ਸਮੇਂ ਦੀ ਹਾਲਾਤ ਨਾਲ ਗੂੜ੍ਹਾ ਸੰਬੰਧ ਹੈ।

ਸੋ, ਉਕਤ ਚਰਚਾ ਤੋਂ ਬਾਅਦ ਇਸ ਸਵਾਲ ਦਾ ਜਵਾਬ ਲੱਭਣ ਵਿੱਚ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਸੁਖਬੀਰ ਸਿੰਘ ਬਾਦਲ ਅਜਿਹਾ ‘ਕਾਹਦੇ ਵਾਸਤੇ’ ਕਰ ਰਿਹਾ ਹੈ? ਸਪਸ਼ਟ ਹੈ ਕਿ ਉਸ ਵੱਲੋਂ ਅਜਿਹਾ ਇਸ ਲਈ ਨਹੀਂ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਅਹਿਮ ਤੇ ਗੰਭੀਰ ਹੈ। ਉਹ ਅਜਿਹਾ ਇਸ ਲਈ ਵੀ ਨਹੀਂ ਕਰ ਰਿਹਾ ਹੈ ਸ਼੍ਰੋ.ਅ.ਦ. ਸਿੱਖ ਸਰੋਕਾਰਾਂ ਦੀ ਪਹਿਰੇਦਾਰ ਜਮਾਤ ਹੈ ਤੇ ਨਾ ਹੀ ਇਹ ਗੱਲ ਹੈ ਕਿ ਇਸ ਮਾਮਲਾ ਹੁਣੇ ਹੀ ਉੱਠਿਆ ਹੈ, ਅਸਲ ਵਿੱਚ ਸੁਖਬੀਰ ਸਿੰਘ ਬਾਦਲ ਸ਼੍ਰੋ.ਅ.ਦ. (ਬਾਦਲ) ਤੇ ਲੱਗੀ ਇਤਿਹਾਸ ਦੀ ਕਾਲਖ ਨੂੰ ਇਸ ਮਾਮਲੇ ਦੀ ਤਹਿ ਹੇਠ ਦੱਬ ਦੇਣਾ ਚਾਹੁੰਦਾ ਹੈ। ਪਰ ਇਹ ਕਾਲਖ ਇੰਝ ਪਰਦੇ ਪਾਇਆਂ ਦੱਬੀ ਜਾਣ ਵਾਲੀ ਨਹੀਂ ਹੈ। ਬਾਦਲਾਂ ਨੇ ਆਪਣੇ ਉੱਤੇ ਉਹ ਕਾਲਖ ਲਵਾਈ ਹੈ ਕਿ ਇਸ ਦੇ ਦਾਗ਼ ਪੈਣ ਵਾਲੇ ਹਰੇਕ ਪਰਦੇ ਵਿੱਚੋਂ ਉੱਭਰ ਆਉਣਗੇ।

*ਸਰਦਾਰ ਪਰਮਜੀਤ ਸਿੰਘ ਸਿੱਖ-ਸਿਆਸਤ ਦੇ ਸੰਪਾਦਕ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,