July 6, 2024 | By ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ
ਪਿਛਲੇ ਕੁਝ ਸਮੇਂ ਤੋਂ ਇਸ ਗੱਲ ਬਹੁਤ ਚਰਚਿਤ ਹੈ ਕਿ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਪੰਜਾਬ ਵਿੱਚ ਜੀਰੀ ਦੀ ਰਹਿੰਦ ਖੂੰਹਦ ਲੱਗਦੀ ਅੱਗ ਹੈ। ਅਕਸਰ ਇਸ ਗੱਲ ਉੱਤੇ ਵਾਦ ਵਿਵਾਦ ਚੱਲਦਾ ਰਹਿੰਦਾ ਹੈ ਇੱਕ ਪਾਸੇ ਦਿੱਲੀ ਦੀਆਂ ਜਾਂ ਦੂਜੀਆਂ ਰਾਜਨੀਤਿਕ ਧਿਰਾਂ, ਪੱਤਰਕਾਰੀ ਵੱਲੋਂ ਪੰਜਾਬ ਦੇ ਕਿਸਾਨਾਂ ਉੱਤੇ ਕਹਿ ਕੇ ਹਮਲਾ ਕੀਤਾ ਜਾਂਦਾ ਹੈ ਕਿ ਕਿਸਾਨਾਂ ਵੱਲੋਂ ਲਗਾਈ ਜਾਂਦੀ ਖੇਤਾਂ ਵਿੱਚ ਅੱਗ ਕਰਕੇ ਦਿੱਲੀ ਦੇ ਵਿੱਚ ਹਵਾ ਸਾਹ ਲੈਣ ਯੋਗ ਨਹੀਂ ਰਹੀ ਹਾਲਾਂਕਿ ਇਸ ਦੇ ਜਵਾਬ ਵਿੱਚ ਕਿਸਾਨਾਂ ਵੱਲੋਂ ਵੀ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਉਥੋਂ ਦੀ ਆਵਾਜਾਈ ਹੈ ਨਾ ਕਿ ਪੰਜਾਬ ਵੱਲੋਂ ਲਗਾਈ ਜਾਂਦੀ ਖੇਤਾਂ ਵਿੱਚ ਅੱਗ।
ਇਸ ਉੱਤੇ ਬਹੁਤ ਵਾਰੀ ਕਈ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਪਰ ਹਾਲ ਹੀ ਵਿੱਚ ਇਹ ਗੱਲ ਫਿਰ ਤੋਂ ਚਰਚਾ ਵਿੱਚ ਆ ਗਈ ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਜੱਜ ਮੈਂਬਰ ਵੱਲੋਂ ਇਹ ਗੱਲ ਕਹੀ ਗਈ ਕਿ ਅਜੇ ਤੱਕ ਕੋਈ ਵੀ ਵਿਗਿਆਨਿਕ ਖੋਜ ਪੰਜਾਬ ਦੇ ਖੇਤਾਂ ਵਿੱਚ ਲੱਗ ਰਹੀ ਅੱਗ ਨੂੰ ਦਿੱਲੀ ਦੇ ਪ੍ਰਦੂਸ਼ਣ ਦੇ ਨਾਲ ਨਹੀਂ ਜੋੜ ਸਕੀ। ਇਹ ਗੱਲ ਇੱਥੇ ਹੀ ਨਹੀਂ ਮੁੱਕਦੀ ਸਗੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਜੱਜ ਮੈਂਬਰ ਸੁਧੀਰ ਅਗਰਵਾਲ ਨੇ ਇਹ ਗੱਲ ਆਖੀ ਕਿ ਪਰਾਲੀ ਦੀ ਰਹਿੰਦ ਖੂਹੰਦ ਕਾਰਨ ਅੱਗ ਲਾਉਣ ਦੇ ਬਦਲੇ ਵਿੱਚ ਕਿਸਾਨਾਂ ਨੂੰ ਜੁਰਮਾਨੇ ਲਾਉਣਾ ਅਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਇਹ ਇੱਕ ਗੰਭੀਰ ਬੇਇਨਸਾਫੀ ਹੈ।ਪੰਜਾਬ ਦੇ ਖਿਲਾਫ ਇਨਾਂ ਨਿੰਦਿਆ ਪ੍ਰਚਾਰ ਬਿਨਾਂ ਕਿਸੇ ਖੋਜ ਤੱਤ ਤੋਂ ਹੋਣਾ ਰਾਜਨੀਤਿਕ ਧਿਰਾਂ ਅਤੇ ਭਾਰਤ ਦੀ ਪੱਤਰਕਾਰੀ ਉੱਤੇ ਸਵਾਲੀਆ ਚਿੰਨ ਹੈ।
ਪਰਾਲੀ ਸਾੜਨਾ ਸਥਾਨਕ ਪੱਧਰ ਉੱਤੇ ਵਾਤਾਵਰਨ ਅਤੇ ਖੇਤੀ ਲਈ ਮੁਸ਼ਕਿਲ ਖੜੀ ਕਰਦਾ ਹੈ। ਦਿੱਲੀ ਤੱਕ ਪੰਜਾਬ ਤੋਂ ਧੂਆਂ ਜਾਣ ਦੀ ਗੱਲ ਜਿਨਾਂ ਨੇ ਤੋਰੀ, ਫੈਲਾਈ ਅਤੇ ਮੰਨੀ ਉਨਾਂ ਦੀ ਸਮਝ ਅਤੇ ਨੀਅਤ ਸਵਾਲ ਦੇ ਘੇਰੇ ਵਿੱਚ ਹੈ। ਭਾਰਤ ਦਾ ਬਹੁਤਾ ਹਿੱਸਾ ਅਖੌਤੀ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਪੰਜਾਬ ਖਿਲਾਫ ਗੱਲ ਸੁਣਨ ਮੰਨਣ ਨੂੰ ਸਹਿਜੇ ਹੀ ਤਿਆਰ ਹੋ ਜਾਂਦਾ ਹੈ। ਇਸ ਬਿਆਨ ਨੇ ਫਿਰ ਇਹ ਤੋਂ ਇਹ ਗੱਲ ਸਾਫ ਕਰ ਦਿੱਤੀ ਕਿ ਦਿੱਲੀ ਦੀ ਪ੍ਰਦੂਸ਼ਣ ਦੀ ਸਮੱਸਿਆ ਦਿੱਲੀ ਦੀ ਹੀ ਹੈ। ਭਾਵੇਂ ਗੱਲਾਂ ਦਲੀਲਾਂ ਤਾਂ ਉਹੀ ਹਨ ਜੋ ਪੰਜਾਬ ਦੇ ਲੋਕ ਜਵਾਬ ਸਵਾਲ ਦੇ ਤੌਰ ਤੇ ਧਿਆਨ ਵਿੱਚ ਲਿਆਉਂਦੇ ਰਹਿੰਦੇ ਹਨ, ਪਰ ਇਸ ਵਾਰੀ ਇਹ ਅਹਿਮ ਇਸ ਕਰਕੇ ਬਣ ਗਈਆਂ ਕਿ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰ ਵੱਲੋਂ ਸਾਹਮਣੇ ਲਿਆਂਦੀਆਂ ਗਈਆਂ ਹਨ।
Related Topics: Agriculture And Environment Awareness Center, National green tribunal