ਸਿੱਖ ਖਬਰਾਂ

ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਦਾਸਤਾਨ-ਏ-ਸਰਹੰਦ ਫਿਲਮ ਬੰਦ ਹੋਵੇ

November 16, 2022 | By

ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਬਿੰਬ ਨੂੰ ਉਵੇਂ ਹੀ ਕਿਸੇ ਬਿਪਰਵਾਦੀ ਤਰੀਕੇ ਪੇਸ਼ ਨਹੀਂ ਕੀਤਾ ਜਾ ਸਕਦਾ ਜਿਵੇਂ ਗੁਰੂ ਬਿੰਬ ਨਹੀਂ ਪੇਸ਼ ਹੋ ਸਕਦਾ। ਇਸ ਲਈ ਗੁਰਮਤਿ ਰਵਾਇਤ ਅੰਦਰ ਇਨ੍ਹਾਂ ਦੀਆਂ ਨਕਲਾਂ ਲਾਹੁਣ ’ਤੇ ਸਵਾਂਗ ਰਚਣ ਦੀ ਵੀ ਸਖਤ ਮਨਾਹੀ ਹੈ। ਗੁਰੂ ਸਾਹਿਬ ਦੀਆਂ ਮਨ ਘੜਤ ਤਸਵੀਰਾਂ ਨੂੰ ਦਿੱਤੀ ਗੈਰ ਸਿਧਾਂਤਕ ਪ੍ਰਵਾਨਗੀ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਤੇ ਸ਼ਹੀਦਾਂ ਦੀਆਂ ਨਕਲਾਂ ਲਾਉਣ ਤੇ ਸਵਾਂਗ ਰਚਣ ਦੇ ਕੁਰਾਹੇ ਦਾ ਆਧਾਰ ਬਣ ਰਹੀ ਹੈ।

ਸਾਲ 2005 ਵਿਚ ‘ਵਿਸਮਾਦ’ ਵੱਲੋਂ ਜਾਰੀ ਕੀਤੀ ਗਈ ਕਾਰਟੂਨ ਫਿਲਮ “ਸਾਹਿਬਜ਼ਾਦੇ” ਤਕਨੀਕ ਦੇ ਬਹਾਨੇ ਇਸ ਕੁਰਾਹੇ ਵੱਲ ਪੁੱਟਿਆ ਗਿਆ ਮੁਢਲਾ ਕਦਮ ਗੈਰ ਸਿਧਾਂਤਕ ਸੀ। ਉਸ ਸਮੇਂ ਕਈ ਸੁਹਿਰਦ ਸਿੱਖ ਹਿੱਸਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਸਾਹਿਬ ਨੂੰ ਇਹ ਲਿਖਤੀ ਬੇਨਤੀ ਕੀਤੀ ਗਈ ਸੀ ਕਿ ਇਸ ਕੁਰਾਹੇ ਨੂੰ ਇੱਥੇ ਹੀ ਠੱਲ੍ਹ ਪਾਉਣ ਲਈ ਇਸ ਫਿਲਮ ਉਪਰ ਰੋਕ ਲਗਾਈ ਜਾਵੇ ਨਹੀਂ ਤਾਂ ਭਵਿੱਖ ਵਿੱਚ ਇਸ ਦੇ ਮਾਰੂ ਨਤੀਜੇ ਭੁਗਤਣੇ ਪੈ ਸਕਦੇ ਹਨ।

ਜਥੇਦਾਰ ਸਾਹਿਬ ਵੱਲੋਂ ਇਸ ਬੇਨਤੀ ਨੂੰ ਨਜ਼ਰਅੰਦਾਜ਼ ਕਰਨ ਦਾ ਨਤੀਜਾ ਇਹ ਨਿਕਲਿਆ ਕਿ ਕਾਰਟੂਨ ਫ਼ਿਲਮ ਸਾਹਿਬਜ਼ਾਦੇ ਤੋਂ ਬਾਅਦ ਮੂਲਾ ਖੱਤਰੀ, ਚਾਰ ਸਾਹਿਬਜ਼ਾਦੇ, ਨਾਨਕ ਸ਼ਾਹ ਫਕੀਰ, ਦਾਸਤਾਨ-ਏ-ਮੀਰੀ ਪੀਰੀ, ਮਦਰਹੁੱਡ ਸਮੇਤ ਅਨੇਕਾਂ ਅਜਿਹੀਆਂ ਕਾਰਟੂਨ ਅਤੇ ਫੀਚਰ ਫਿਲਮਾਂ ਬਣੀਆਂ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੀਆਂ ਗਈਆਂ ਹਨ।

ਦੁਨੀਆ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਜਾਗਰੂਕ ਹਿੱਸਿਆਂ ਵੱਲੋਂ ਇਨ੍ਹਾਂ ਫਿਲਮਾਂ ਦਾ ਡਟਵਾਂ ਅਤੇ ਭਰਵਾਂ ਵਿਰੋਧ ਕੀਤਾ ਜਾਂਦਾ ਰਿਹਾ ਹੈ ਜਿਸ ਕਾਰਨ ਇਹ ਫਿਲਮਾਂ ਡੱਬਾ ਬੰਦ ਹੋ ਜਾਂਦੀਆਂ ਰਹੀਆਂ ਹਨ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਅਤੇ ਮੌਜੂਦਾ ਜਥੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀਆਂ ਸੰਸਥਾਵਾਂ ਵੱਲੋਂ ਇਸ ਸਬੰਧੀ ਠੋਸ ਫੈਸਲਾ ਨਹੀਂ ਲਿਆ ਜਾ ਰਿਹਾ ਅਤੇ ਅਜਿਹੀਆਂ ਫਿਲਮਾਂ ਦੀ ਮਨਾਹੀ ਨਹੀਂ ਕੀਤੀ ਜਾ ਰਹੀ।

ਹੁਣ “ਦਾਸਤਾਨ-ਏ-ਸਰਹਿੰਦ” ਨਾਮੀ ਫਿਲਮ ਇਸ ਸਿਧਾਂਤਕ ਕੁਰਾਹੇ ਦਾ ਅਗਲਾ ਪੜਾਅ ਲੈ ਕੇ ਆਈ ਹੈ। ਫਿਲਮ ਦੇ ਪ੍ਰਸ਼ੰਸਕਾਂ ਵੱਲੋਂ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਫਿਲਮ ਵਿੱਚ ਮਾਸੂਮ ਬਾਲ ਅਦਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲਾਹੁਣ ਦਾ ਬੱਜਰ ਗੁਨਾਹ ਕੀਤਾ ਗਿਆ ਹੈ। ਬਿਜਲ ਸੱਥ ਦੀ ਚਰਚਾ ਵਿਚ ਉਸ ਬਾਲ ਅਦਾਕਾਰ ਦਾ ਨਾਮ ਵੀ ਸਾਹਮਣੇ ਆ ਚੁੱਕਾ ਹੈ ਜਿਸ ਵੱਲੋਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੀ ਨਕਲ ਲਾਹੀ ਗਈ ਦੱਸੀ ਜਾ ਰਹੀ ਹੈ।
ਅਸੀਂ ਗੁਰ-ਸ਼ਬਦ ਅਤੇ ਸਿੱਖ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਦੇ ਹਾਮੀ ਹਾਂ ਪਰ ਅਸੀਂ ਇਹ ਗੱਲ ਬਿਲਕੁਲ ਸਪੱਸ਼ਟਤਾ ਨਾਲ ਕਹਿਣੀ ਚਾਹੁੰਦੇ ਹਾਂ ਕਿ ਪ੍ਰਚਾਰ-ਪ੍ਰਸਾਰ ਦੇ ਬਹਾਨੇ ਖਾਲਸਾਈ ਰਵਾਇਤਾਂ ਦੀ ਉਲੰਘਣਾ ਕਰਨੀ ਅਤੇ ਸਿੱਖਾਂ ਨੂੰ ਬੁੱਤ-ਪ੍ਰਸਤੀ ਦੇ ਕੁਰਾਹੇ ਉੱਪਰ ਤੋਰਨਾ ਸਰਾਸਰ ਗਲਤ ਹੈ ਅਤੇ ਅਜਿਹਾ ਹਰਗਿਜ਼ ਨਹੀਂ ਹੋਣ ਦੇਣਾ।

ਅਸੀਂ ਦੁਨੀਆ ਭਰ ਵਿੱਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਦਾਸਤਾਨ-ਏ-ਸਰਹਿੰਦ ਨਾਮੀ ਫਿਲਮ ਦਾ ਵਿਰੋਧ ਕੀਤਾ ਜਾਵੇ ਅਤੇ ਇਸ ਉੱਪਰ ਮੁਕੰਮਲ ਰੂਪ ਵਿੱਚ ਰੋਕ ਲਗਵਾਈ ਜਾਵੇ।
ਸਮੂਹ ਖਾਲਸਾ ਪੰਥ ਦੇ ਚਰਨਾਂ ਵਿਚ ਅਸੀਂ ਸਨਿਮਰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਸ ਸਿਧਾਂਤਕ ਕੁਰਾਹੇ ਨੂੰ ਪੱਕੀ ਠੱਲ੍ਹ ਪਾਉਣ ਲਈ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦਿਆਂ, ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਦੀ ਮੁਕੰਮਲ ਰੂਪ ਵਿੱਚ ਮਨਾਹੀ ਕੀਤੀ ਜਾਵੇ।

ਖਾਲਸਾ ਜੀ ਨੂੰ ਗੁਰੂ ਸਾਹਿਬਾਨ ਦੀਆਂ ਮਨ ਘੜਤ ਤਸਵੀਰਾਂ ਨੂੰ ਦਿੱਤੀ ਗਈ ਗੈਰ-ਸਿਧਾਂਤਕ ਪ੍ਰਵਾਨਗੀ ਨੂੰ ਵੀ ਰੱਦ ਕਰਨਾ ਚਾਹੀਦਾ ਹੈ ਅਤੇ ਗੁਰੂ ਸਾਹਿਬ ਦਾ ਚਿਤਰਣ ਕਰਨ ਦੀ ਮੁਕੰਮਲ ਮਨਾਹੀ ਕੀਤੀ ਜਾਵੇ ਅਤੇ ਗੁਰਬਾਣੀ ਦੇ ਆਸ਼ੇ ਮੁਤਾਬਿਕ ਸ਼ਬਦ ਰੂਪ ਵਿਚ ਹੀ ਪ੍ਰਚਾਰ ਕੀਤਾ ਜਾਵੇ।

ਅਜੈਪਾਲ ਸਿੰਘ ਬਰਾੜ
ਅਮਰਦੀਪ ਸਿੰਘ
ਇੰਦਰਪਰੀਤ ਸਿੰਘ
ਸਤਨਾਮ ਸਿੰਘ ਸਮਸਾ
ਸਤਪਾਲ ਸਿੰਘ ਸੰਗਰੂਰ
ਸੁੱਖਜੀਤ ਸਿੰਘ ਪਰਥ
ਸੁਖਦੀਪ ਸਿੰਘ ਅੰਮ੍ਰਿਤਸਰ
ਸੁਖਦੀਪ ਸਿੰਘ ਬਰਨਾਲਾ
ਸੁਖਦੀਪ ਸਿੰਘ ਮੀਕੇ
ਸੁਖਮਿੰਦਰ ਸਿੰਘ ਸੱਥ
ਸੁਖਵਿੰਦਰ ਸਿੰਘ ਚੀਮਾ ਕਲਾਂ (ਘੁਮਾਣ)
ਸੁਖਵਿੰਦਰ ਸਿੰਘ ਚੋਣੇ
ਸੇਵਕ ਸਿੰਘ
ਹਰਪ੍ਰੀਤ ਸਿੰਘ ਲੌਂਗੋਵਾਲ
ਹਰਬਖਸ਼ ਸਿੰਘ
ਹਰਬਿੰਦਰ ਸਿੰਘ ਭੋਲਾ
ਹਰਬੀਰ ਕੌਰ
ਗੁਰਜੀਤ ਸਿੰਘ ਦੁੱਗਾਂ
ਗੁਰਤੇਜ ਸਿੰਘ ਮੈਲਬਰਨ
ਗੁਰਪ੍ਰੀਤ ਸਿੰਘ ਸਹੋਤਾ
ਗੁਰਮੁੱਖ ਸਿੰਘ (ਵਿਦਿਆਰਥੀ ਦਮਦਮੀ ਟਕਸਾਲ)
ਜਸਪਾਲ ਸਿੰਘ ਮੰਝਪੁਰ
ਜਸਪ੍ਰੀਤ ਸਿੰਘ ਆਸਟ੍ਰੇਲੀਆ
ਜਤਿੰਦਰ ਸਿੰਘ ਜੇਠੂਵਾਲ
ਤੇਜਪ੍ਰਤਾਪ ਸਿੰਘ ਸ਼ਿਕਾਰ ਮਾਛੀਆਂ
ਦਵਿੰਦਰ ਸਿੰਘ ਸੇਖੋਂ
ਦਵਿੰਦਰ ਸਿੰਘ ਭਰੋਆਣਾ (ਪ੍ਰਚਾਰਕ)
ਨਿਰੰਜਨ ਸਿੰਘ ਤਾਰੂਵਾਲੀ (ਡੇਰਾ ਬਾਬਾ ਨਾਨਕ)
ਪਰਮ ਸਿੰਘ
ਪਰਮਜੀਤ ਸਿੰਘ ਗਾਜ਼ੀ
ਬਲਜੀਤ ਸਿੰਘ
ਭਗਵੰਤ ਸਿੰਘ ਮਾੜੀ ਬੁਚਿਆਂ (ਸ੍ਰੀ ਹਰਿਗੋਬਿੰਦਪੁਰ)
ਮਹਿਕਦੀਪ ਸਿੰਘ ਉਦੋਨੰਗਲ
ਮਨਜਿੰਦਰ ਸਿੰਘ
ਮਨਧੀਰ ਸਿੰਘ
ਮਲਕੀਤ ਸਿੰਘ ਬਸੰਤਕੋਟ
ਮਲਕੀਤ ਸਿੰਘ ਭਵਾਨੀਗੜ੍ਹ
ਰਣਜੀਤ ਸਿੰਘ
ਰਵਿੰਦਰਪਾਲ ਸਿੰਘ
ਰਾਜਪਾਲ ਸਿੰਘ ‘ਹਰਦਿਆਲੇਆਣਾ’
ਵਿਕਰਮਜੀਤ ਸਿੰਘ ਤਿਹਾੜਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,