ਖਾਸ ਖਬਰਾਂ » ਸਿੱਖ ਖਬਰਾਂ

ਸਿੱਖ ਸੰਘਰਸ਼ ਦੇ ਉੱਘੇ ਅਤੇ ਜੁਝਾਰੂ ਆਗੂ – ਭਾਈ ਪਰਮਜੀਤ ਸਿੰਘ ਪੰਜਵੜ

May 13, 2023 | By

ਚੰਡੀਗੜ੍ਹ –  ਸਿੱਖ ਫੈਡਰੇਸ਼ਨ ਅਮਰੀਕਾ ਦੇ ਵੱਲੋਂ ਜਾਰੀ ਕੀਤਾ ਇਕ ਲਿਖਤੀ ਬਿਆਨ ਸਿੱਖ ਸਿਆਸਤ ਨੂੰ ਪ੍ਰਾਪਤ ਹੋਇਆ ਹੈ ਅਸੀ ਆਪਣੇ ਪਾਠਕਾਂ ਦੀ ਜਾਣਕਾਰੀ ਹਿੱਤ ਇਹ ਬਿਆਨ ਇੰਨ-ਬਿੰਨ ਪ੍ਰਕਾਸ਼ਿਤ ਕਰ ਰਹੇ ਹਾਂ – ਸੰਪਾਦਕ

ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦੇ ਚੋਥੇ ਮੁਖੀ ਸਨ। ਉਨ੍ਹਾਂ ਦਾ ਜਨਮ 1960 ਵਿੱਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਵਿੱਚ ਸਰਦਾਰ ਕਸ਼ਮੀਰ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ। ਭਾਈ ਸਾਹਿਬ ਪੰਜ ਭਰਾਵਾਂ ਵਿੱਚੋਂ ਇੱਕ ਸਨ, ਸਭ ਤੋਂ ਵੱਡੇ ਭਾਈ ਸਰਬਜੀਤ ਸਿੰਘ, ਉਸ ਤੋਂ ਬਾਅਦ ਭਾਈ ਅਮਰਜੀਤ ਸਿੰਘ, ਭਾਈ ਬਲਦੇਵ ਸਿੰਘ ਫੌਜੀ, ਸ਼ਹੀਦ ਜਥੇਦਾਰ ਪਰਮਜੀਤ ਸਿੰਘ ਪੰਜਵੜ, ਅਤੇ ਸਭ ਤੋਂ ਛੋਟੇ ਸ਼ਹੀਦ ਭਾਈ ਰਾਜਵਿੰਦਰ ਸਿੰਘ ਪੰਜਵੜ ਸਨ। ਭਾਈ ਸਾਹਿਬ ਦੇ ਮਾਤਾ ਮਹਿੰਦਰ ਕੌਰ ਅਤੇ ਛੋਟੇ ਭਰਾ ਭਾਈ ਰਾਜਵਿੰਦਰ ਸਿੰਘ ਨੂੰ ਵੀ ਪੰਜਾਬ ਪੁਲਿਸ ਨੇ ਘਰੋਂ ਚੁੱਕਕੇ ਲੰਮੇ ਤਸ਼ੱਦਦ ਤੋਂ ਬਾਅਦ ਸ਼ਹੀਦ ਕਰ ਦਿੱਤਾ ਸੀ।

ਪੰਜਾਬ ਦਾ ਇਤਿਹਾਸਕ ਪਿੰਡ ਪੰਜਵੜ ਅਠਾਰਵੀਂ ਸਦੀ ਦੌਰਾਨ ਅਣਗਿਣਤ ਵਾਰ ਦਿੱਲ੍ਹੀ ਜਿੱਤਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਜੀ ਅਤੇ ਮੌਜੂਦਾ ਸੰਘਰਸ਼ ਦੇ ਸ਼ਹੀਦ ਡਾ: ਬਰਜਿੰਦਰ ਸਿੰਘ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਉਰਫ਼ ਜਨਰਲ ਲਾਭ ਸਿੰਘ ਸਮੇਤ 16 ਸ਼ਹੀਦ ਜੁਝਾਰੂ ਸਿੰਘਾਂ ਦੀ ਵੀ ਜਨਮ ਭੂਮੀ ਵਜੋਂ ਮਸ਼ਹੂਰ ਹੈ, ਸ਼ਹੀਦ ਜਨਰਲ ਲਾਭ ਸਿੰਘ ਭਾਈ ਪਰਮਜੀਤ ਸਿੰਘ ਪੰਜਵੜ ਦੇ ਤਾਏ ਦੇ ਪੁੱਤਰ ਸਨ। ਇਨ੍ਹਾਂ ਦੋਵਾਂ ਜੁਝਾਰੂ ਸਿੰਘਾਂ ਨੇ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਵਿਚ ਵੱਡਾ ਯੋਗਦਾਨ ਪਾਇਆ। ਉਹ ਜੂਨ 1984 ਵਿਚ ਭਾਰਤੀ ਫੌਜਾਂ ਦੇ ਦਰਬਾਰ ਸਾਹਿਬ ਉੱਪਰ ਹਮਲੇ ਦੌਰਾਨ ਉਹਨਾਂ ਵਿਰੁੱਧ ਲੜੇ ਸਨ। ਜਨਰਲ ਲਾਭ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ, ਡਾ: ਬਰਜਿੰਦਰ ਸਿੰਘ ਉਨ੍ਹਾਂ ਸਿੰਘਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਜਨਰਲ ਲਾਭ ਸਿੰਘ ਨੂੰ ਜੇਲ੍ਹ ਤੋਂ ਛੁਡਾਉਣ ਦਾ ਸਫਲ ਮਿਸ਼ਨ ਚਲਾਇਆ ਸੀ। ਉਸ ਤੋਂ ਕੁਝ ਮਹੀਨਿਆਂ ਬਾਅਦ ਕੇਸੀਐਫ ਦੇ ਮੋਢੀ ਭਾਈ ਮਨਬੀਰ ਸਿੰਘ ਚਹੇੜੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਜਨਰਲ ਲਾਭ ਸਿੰਘ ਨੂੰ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਬਣਾਇਆ ਗਿਆ। ਜੁਲਾਈ 1988 ਵਿੱਚ, ਜਨਰਲ ਲਾਭ ਭਾਰਤੀ ਸੁਰੱਖਿਆ ਬਲਾਂ ਨਾਲ ਹਥਿਆਰਬੰਦ ਲੜਾਈ ਦੌਰਾਨ ਸ਼ਹੀਦ ਹੋ ਗਏ, ਅਤੇ ਖਾਲਿਸਤਾਨ ਕਮਾਂਡੋ ਫੋਰਸ ਦੀ ਕਮਾਂਡ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸੌਂਪੀ ਗਈ।

ਸਿੱਖ ਕੌਮ ਦੀ ਅਜ਼ਾਦੀ ਦੀ ਲੜਾਈ ਲੜਦਿਆਂ, ਭਾਈ ਪਰਮਜੀਤ ਸਿੰਘ ਨੇ 1988 ਤੋਂ 1991 ਦਰਮਿਆਨ ਵੱਡੀਆਂ ਗੁਰੀਲਾ ਕਾਰਵਾਈਆਂ ਕੀਤੀਆਂ। 1991 ਵਿੱਚ ਜ਼ਮੀਨੀ ਹਾਲਾਤ ਬਹੁਤ ਬਦਲ ਗਏ ਅਤੇ ਨਤੀਜੇ ਵਜੋਂ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸਰਹੱਦ ਪਾਰ ਕਰਕੇ ਪਾਕਿਸਤਾਨ ਜਾਣਾ ਪਿਆ। ਉੱਥੋ ਉਹਨਾਂ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਵਜੋਂ ਚਲ ਰਹੇ ਗੁਰੀਲਾ ਸੰਘਰਸ਼ ਨੂੰ ਜਾਰੀ ਰੱਖਣ ਦੇ ਸਿਰਤੋੜ ਯਤਨ ਕੀਤੇ। 6 ਮਈ 2023 ਨੂੰ, ਯੋਧੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ, ਪਾਕਿਸਤਾਨ ਵਿੱਚ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।

 ਭਾਈ ਪਰਮਜੀਤ ਸਿੰਘ ‘ਪੰਜਵੜ’ ਦੀ ਇਹ ਸਭ ਤੋਂ ਤਾਜ਼ੀ ਸ਼ਹਾਦਤ ਸਿੱਖ ਖਾੜਕੂ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਵਿੱਚ ਗੁਪਤ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਭਾਰਤੀ ਫੌਜਾਂ ਦੇ ਇੱਕ ਵੱਡੇ ਪੈਟਰਨ ਨੂੰ ਦਰਸਾਉਂਦਾ ਹੈ। 27 ਜਨਵਰੀ 2020 ਨੂੰ ਜੱਥੇਦਾਰ ਭਾਈ ਹਰਮੀਤ ਸਿੰਘ ‘ਪੀ.ਐਚ.ਡੀ.’ ਨੂੰ ਵੀ ਭਾਰਤੀ ਹਮਲਾਵਰਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦਾ ਭੋਗ ਸਿੱਖ ਸੰਘਰਸ਼ ਦੇ ਪ੍ਰਤੀਬਿੰਬ ਦਾ ਇੱਕ ਮਹੱਤਵਪੂਰਨ ਪਲ ਸੀ। ਇਸ ਤੋਂ ਪਹਿਲਾਂ ਵੀ ਅਤੇ ਇਸ ਤੋਂ ਬਾਅਦ ਵੀ ਪਾਕਿਸਤਾਨ ਵਿੱਚ ਹੋਰ ਸਿੱਖ ਖਾੜਕੂ ਆਗੂਆਂ ਨੂੰ ਖਤਮ ਕਰਨ ਦੀਆਂ ਕਈ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਖਾਲਸਾ ਪੰਥ ਖਾਲਿਸਤਾਨ ਦੇ ਸੰਘਰਸ਼ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਸਦਾ ਯਾਦ ਰੱਖੇਗਾ ਅਤੇ ਇਹ ਖਾਲਿਸਤਾਨੀ ਸਿੱਖ ਜਰਨੈਲ ਸਾਡੇ ਮਾਣਮੱਤੇ ਸ਼ਹੀਦ ਹਨ। ਸਿੱਖ ਕੌਮ ਨੂੰ ਹਮੇਸ਼ਾ ਇਹਨਾਂ ਸ਼ਹੀਦਾਂ ਅਤੇ ਜੁਝਾਰੂ ਯੋਧਿਆਂ ਉੱਪਰ ਫ਼ਖਰ ਰਹੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,