July 25, 2024 | By ਪਰਮਜੀਤ ਸਿੰਘ ਗਾਜ਼ੀ
1. ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਖਾਲਸਾ ਪੰਥ ਦੀ ਰਾਜਨੀਤੀ ਪ੍ਰਤੀ ਪਹੁੰਚ ਲੋਕਾਈ ਦਾ ਭਲਾ ਕਰਨ ਵਾਲੀ ਹੈ ਤੇ ਖਾਲਸਾ ਜੀ ਨੇ ਇਸ ਗੱਲ ਦੀ ਪਹਿਰੇਦਾਰੀ ਕਰਨੀ ਹੈ ਕਿ ਚੱਲ ਰਹੇ ਸਿਆਸੀ ਨਿਜ਼ਾਮ ਲੋਕਾਈ ਦਾ ਭਲਾ ਕਰਨ ਤਾਂ ਕਈ ਵੀਰ ਭੈਣ ਇਹ ਸਵਾਲ ਕਰਦੇ ਹਨ ਕਿ ਕੀ ਫਿਰ ਇਸ ਦਾ ਮਤਲਬ ਹੈ ਕਿ ਸਿੱਖ ਸਿਰਫ ਚੌਂਕੀਦਾਰ ਹਨ? ਕੀ ਸਿੱਖਾਂ ਨੂੰ ਰਾਜ ਕਰਨ ਦੀ ਲੋੜ ਨਹੀਂ ਹੈ?
2. ਇਹ ਸਵਾਲ ਮੂਲ ਗੱਲ ਦੇ ਦਾਇਰੇ ਬਾਰੇ ਨਾਸਮਝੀ ਜਾਂ ਗਲਤ ਸਮਝ ਦੀ ਉਪਜ ਹਨ।
3. ਸਿੱਖਾਂ ਵਿਚ ਰਾਜਨੀਤੀ ਦੇ ਪ੍ਰਤੱਖ ਤਿੰਨ ਘੇਰੇ ਹਨ।
4. ਇਕ ਅਕਾਲੀ ਘੇਰਾ ਹੈ। ਬੀਤੇ ਵਿਚ ਅਕਾਲੀਆਂ ਵਿਚ ਚੋਣਵੀਆਂ ਉਹ ਸਖਸ਼ੀਅਤਾਂ ਸਨ ਜੋ ਕਿਸੇ ਦੁਨਿਆਵੀ ਸੱਤਾ ਦੀ ਈਨ ਨਹੀਂ ਸਨ ਕਬੂਲਦੇ ਭਾਵੇਂ ਕਿ ਉਹ ਸੱਤਾ ਸਿੱਖਾਂ ਕੋਲ ਹੀ ਕਿਉਂ ਨਾ ਹੋਵੇ। ਅਕਾਲੀ ਫੂਲਾ ਸਿੰਘ ਜੀ ਦਾ ਸਮਾਂ ਇਸ ਦੀ ਸਭ ਤੋਂ ਉੱਘੜਵੀਂ ਮਿਸਾਲ ਹੈ। ਇਹ ਖਾਲਸਾ ਜੀ ਦਾ ਪਹਿਰੇਦਾਰੀ ਦਾ ਬਿਰਦ ਪਾਲਦੇ ਸਨ ਤੇ ਤਖਤਾਂ ਦੀ ਸੇਵਾ ਸੰਭਾਲ ਕਰਦੇ ਸਨ। ਲੋੜ ਪੈਣ ਉੱਤੇ ਸਰਬੱਤ ਦੇ ਭਲੇ ਹਿਤ ਸਭ ਤੋਂ ਅੱਗੇ ਹੋ ਕੇ ਜੰਗ ਵੀ ਕਰਦੇ ਸਨ ਪਰ ਸੱਤਾ ਵੰਡ ਵੇਲੇ ਹਿੱਸੇਦਾਰੀ ਦਾ ਦਾਅਵਾ ਨਹੀਂ ਕਰਦੇ ਸਨ। ਇਹ ਖਾਲਸਾ ਜੀ ਦੇ ਪਾਤਿਸ਼ਾਹੀ ਦਾਅਵੇ ਦੇ ਜਾਮਨ ਸਨ।
5. ਦੂਜਾ ਘੇਰਾ ਉਹਨਾ ਰਾਠ ਸਰਦਾਰਾਂ ਦਾ ਸੀ, ਜੋ ਸਿਆਸੀ ਸੱਤਾ ਦੇ ਢਾਂਚੇ ਸਿਰਜਦੇ ਸਨ ਤੇ ਰਾਜ ਬਣਾਉਂਦੇ ਤੇ ਕਰਦੇ ਸਨ। ਇਹਨਾ ਦੀ ਫੌਜੀ ਤਾਕਤ ਭਾਵੇਂ ਅਕਾਲੀ ਜਥੇ ਤੋਂ ਜਿਆਦਾ ਹੁੰਦੀ ਸੀ ਪਰ ਜਦੋਂ ਸਰਦਾਰਾਂ ਵਿਚਕਾਰ ਝਗੜੇ ਦਾ ਨਿਪਟਾਰਾ ਕਰਨਾ ਹੁੰਦਾ ਸੀ ਜਾਂ ਫਿਰ ਕਿਸੇ ਦੀ ਕਿਸੇ ਸਰਦਾਰ ਖਿਲਾਫ ਸ਼ਿਕਾਇਤ ਹੁੰਦੀ ਸੀ ਤਾਂ ਇਸ ਦੀ ਸੁਣਵਾਈ ਅਕਾਲੀਆਂ ਕੋਲ ਹੁੰਦੀ ਸੀ। ਇਹ ਹਿੱਸੇ ਸਦਾ ਆਪਣੀ ਸੱਤਾ ਹਿਤ ਬਾਗੀ ਜਾਂ ਬਾਦਸ਼ਾਹ ਵਾਲੀ ਸਥਿਤੀ ਵਿਚ ਹੁੰਦੇ ਹਨ।
6. ਤੀਜਾ ਹਿੱਸਾ ਮਿਲਵਤਣੀਆਂ ਦਾ ਹੈ ਜੋ ਦੂਜੇ ਤਖਤਾਂ ਨਾਲ ਮਿਲਵਰਤਣ ਕਰਕੇ ਉਹਨਾ ਅਧੀਨ ਸੂਬੇਦਾਰੀਆਂ ਲੈ ਲੈਂਦੇ ਸਨ। ਇਹ ਆਪਣੇ ਪ੍ਰਭੂਸਤਾਸੰਪਨ ਰਾਜ ਦਾ ਪੂਰਨ ਦਾਅਵਾ ਨਹੀਂ ਰੱਖਦੇ।
7. ਜਿੱਥੋਂ ਤੱਕ ਸਿੱਖਾਂ ਦਾ ਆਪਣੇ ਆਪ ਨੂੰ ਸਮਰੱਥ ਕਰਨ ਦਾ ਸਵਾਲ ਹੈ ਉਸ ਦਾ ਨਿਜ਼ਾਮ ਗੁਰਦੁਆਰਾ ਸਾਹਿਬਾਨ ਰਾਹੀਂ ਚੱਲਦਾ ਸੀ।
8. ਗੁਰਦੁਆਰਾ ਸਾਹਿਬ ਦੇ ਭਾਈ ਕਾਹਨ ਸਿੰਘ ਨਾਭਾ ਨੇ ਛੇ ਤੱਤ ਦੱਸੇ ਹਨ ਜਿਹਨਾ ਵਿਚੋਂ ਪੰਜ ਉਹ ਹਨ ਜਿਹੜੇ ਕਿ ਅੱਜ ਦੇ ਰਾਜ ਪ੍ਰਬੰਧ ਸਮਾਜ ਦੀ ਬਿਹਤਰੀ ਲਈ ਕਰਨ ਦਾ ਵਾਅਦਾ ਕਰਦੇ ਹਨ— ਭੋਜਨ, ਰਹਿਣ-ਬਸੇਰਾ, ਵਿਦਿਆ, ਸਿਹਤ, ਸੁਰੱਖਿਆ।
9. ਅੱਜ ਦੇ ਸਮੇਂ ਦੀ ਦਿੱਕਤ ਇਹ ਹੈ ਕਿ ਸਿੱਖ ਆਪਣੇ ਮੌਲਿਕ ਪ੍ਰਬੰਧ ਤੋਂ ਸੁਚੇਤ ਪੱਧਰ ਉੱਤੇ ਬਹੁਤ ਵਿੱਥ ਉੱਤੇ ਵਿਚਰ ਰਹੇ ਹਨ। ੧੮੪੯ ਤੋਂ ਬਾਅਦ ਸਿੱਖਾਂ ਦੇ ਵਿਹਾਰ ਤੇ ਆਪਣੇ ਮੌਲਿਕ ਪ੍ਰਬੰਧ ਵਿਚ ਵਿੱਥ ਵਧਦੀ ਗਈ ਹੈ। ਭਾਵੇਂ ਅਚੇਤ ਪੱਧਰ ਉੱਤੇ ਕੁਝ ਕੁ ਝਲਕਾਂ ਅਜੇ ਵੀ ਬਰਕਰਾਰ ਲੱਗਦੀਆਂ ਹਨ।
10. ਮੂਲ ਗੱਲ ਇੰਨੀ ਹੈ ਕਿ ਸਿੱਖਾਂ ਨੂੰ ਆਪਣੇ ਮੌਲਿਕ ਪ੍ਰਬੰਧ ਨੂੰ ਖੋਜਣਾ ਤੇ ਅੱਜ ਦੇ ਸਮੇਂ ਵਿਚ ਉਸ ਅਨੁਸਾਰੀ ਜੁਗਤਾਂ ਤੇ ਢਾਂਚੇ ਖੜ੍ਹੇ ਕਰਨ ਦੀ ਲੋੜ ਹੈ।
11. ਪਰ ਅਜਿਹਾ ਕਰਨ ਵਿਚ ਇਕ ਵੱਡੀ ਅੜਚਣ ਬੀਤੇ ਪੌਣੇ ਦੋ ਸੌ ਸਾਲ ਦੌਰਾਨ ਗ੍ਰਹਿਣ ਕੀਤੀ ਉਹ ਸਮਝ ਤੇ ਜੀਵਨ ਜਾਂਚ ਹੈ ਜਿਸ ਨੂੰ ਆਪਣੇ ਮੌਲਿਕ ਨਿਜਾਮ ਦੀ ਗੱਲ ਕਰਨੀ ਇੰਨੀ ਓਪਰੀ ਲੱਗ ਰਹੀ ਹੈ ਕਿ ਉਸ ਇਸ ਨੂੰ ਗਹਿਰੀ ਸਾਜਿਸ਼ ਗਰਦਾਨਣ ਤੱਕ ਚਲੇ ਜਾਂਦੇ ਹਨ।
12. ਇਸ ਵੇਲੇ ਸਿੱਖਾਂ ਨੂੰ ਅਪਾਣੇ ਅਕੀਦੇ (ਵਿਜ਼ਨ) ਅਤੇ ਮਨੋਰਥ (ਮਿਸ਼ਨ) ਬਾਰੇ ਸੰਵਾਦ ਚਲਾਉਣ ਦੀ ਲੋੜ ਹੈ। ਰਣਨੀਤੀ (ਸਟਰੈਟਿਜੀ) ਤੇ ਪੈਂਤੜੇ (ਟੈਕਟਿਕਸ) ਵੱਖ-ਵੱਖ ਹਿੱਸਿਆਂ ਦੇ ਵੱਖ-ਵੱਖ ਹੋ ਸਕਦੇ ਹਨ।
13. ਇਸ ਸੰਵਾਦ ਲਈ ਗਹਿਰ-ਗੰਭਿਰਤਾ, ਸੁਣਨ-ਕਹਿਣ ਦੀ ਸਮਰੱਥਾ ਤੇ ਭਾਵਨਾ, ਅਤੇ ਇਕ ਦੂਜੇ ਨੂੰ ਸਮਝਣ ਦੀ ਨੀਤ ਨਾਲ ਹੀ ਹੋ ਸਕਦਾ ਹੈ।
ਅਫਸੋਸ ਕਿ ਕੁਝ ਲੋਕ ਇਹ ਰਾਹ ਅਪਨਾਉਣ ਦੀ ਬਜਾਏ ਸਦਾ ਤੁਹਮਤਬਾਜ਼ੀ ਤੇ ਦੂਸ਼ਣਬਾਜੀ ਦਾ ਰਾਹ ਅਖਤਿਆਰ ਕਰ ਲੈਂਦੇ ਹਨ ਜਿਸ ਨਾਲ ਸਭਨਾ ਦੀ ਖੁਆਰੀ ਤੋੰ ਬਿਨਾ ਕੁਝ ਪੱਲੇ ਨਹੀਂ ਪੈਣਾ ਹੁੰਦਾ।
ਸੱਚੇ ਪਾਤਿਸ਼ਾਹ ਸਭ ਨੂੰ ਸੁਮੱਤ ਬਖਸ਼ੇ।
ਭੁੱਲ ਚੁੱਕ ਦੀ ਖਿਮਾ!
ਪਰਮਜੀਤ ਸਿੰਘ ਗਾਜ਼ੀ
Related Topics: Parmjeet Singh Gazi (editor of Sikh Siyasat News), sikh