December 30, 2023 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ – ਦਲ ਖਾਲਸਾ ਨੇ ਭਾਵੁਕ ਸੁਰਾਂ ਨੂੰ ਛੇੜਦਿਆਂ ਕਿਹਾ ਕਿ 7 ਅਕਤੂਬਰ ਤੋਂ ਹੁਣ ਤੱਕ ਗਾਜ਼ਾ ਦੀ ਲਗਭਗ 5% ਆਬਾਦੀ ਕਤਲ, ਜ਼ਖਮੀ ਜਾਂ ਲਾਪਤਾ ਹੋ ਚੁੱਕੀ ਹੈ। ਸਾਡੀਆਂ ਸਭ ਦੀਆਂ ਅੱਖਾਂ ਸਾਹਮਣੇ ਫਿਲਸਤੀਨੀਆਂ ਵਿਰੁੱਧ ਨਸਲਕੁਸ਼ੀ ਕੀਤੀ ਜਾ ਰਹੀ ਹੈ ਅਤੇ ਦੁਨੀਆ ਚੁੱਪ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਮਿਸਟਰ ਐਂਟੋਨੀਓ ਨੇ ਕਿਹਾ ਹੈ ਕਿ ਦੁਨੀਆ ਵਿੱਚ ਸਭ ਤੋਂ ਵੱਧ ਪੰਜ ਵਿੱਚੋਂ ਚਾਰ ਲੋਕ ਭੁੱਖੇ ਗਾਜ਼ਾ ਵਿੱਚ ਹਨ।
ਦਲ ਖਾਲਸਾ ਨੇ ਸ਼ਨੀਵਾਰ ਨੂੰ ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਹੈਰਾਨਗੀ ਜਿਤਾਉਂਦਿਆਂ ਪੁੱਛਿਆ ਕਿ ਕੀ ਇਹ ਵਿਸ਼ਵ ਸ਼ਕਤੀਆਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਲਈ ਆਪਣੀ ਸਾਜ਼ਿਸ਼ੀ ਚੁੱਪ ਤੋੜਨ ਅਤੇ ਗਾਜ਼ਾ ਵਿੱਚ ਜੰਗ ਨੂੰ ਖਤਮ ਕਰਨ ਲਈ ਦਖਲ ਦੇਣ ਲਈ ਕਾਫ਼ੀ ਨਹੀਂ ਹੈ?
ਸਿੱਖ ਜਥੇਬੰਦੀ ਨੇ ਦੱਖਣੀ ਅਫ਼ਰੀਕਾ ਦੀ ਸ਼ਲਾਘਾ ਕੀਤੀ ਕਿ ਉਸਨੇ ਗਾਜ਼ਾ ਪੱਟੀ ‘ਤੇ ਇਜ਼ਰਾਈਲ ਦੀ ਬੰਬਾਰੀ ਖਿਲਾਫ ਨਸਲਕੁਸ਼ੀ ਕਨਵੈਨਸ਼ਨ ਦੇ ਤਹਿਤ ਅੰਤਰਰਾਸ਼ਟਰੀ ਕੋਰਟ ਆਫ ਜਸਟਿਸ ਵਿੱਚ ਪਹੁੰਚ ਕਰਨ ਦਾ ਹੌਂਸਲਾ ਦਿਖਾਇਆ ਹੈ।
ਸਿੱਖ ਜਥੇਬੰਦੀ ਨੇ ਅਰਦਾਸ ਕੀਤੀ ਅਤੇ ਆਸ ਜਿਤਾਈ ਕਿ ਫਲਸਤੀਨੀਆਂ ਦੇ ਦੁੱਖ-ਦਰਦ ਅਤੇ ਤਬਾਹੀ ਇਸ ਚਲਦੇ ਸਾਲ (31 ਦਸੰਬਰ) ਦੇ ਅੰਤ ਨਾਲ ਖਤਮ ਹੋ ਜਾਣੀ ਚਾਹੀਦੀ ਹੈ।
ਰਾਜਨੀਤਿਕ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ ਇਜ਼ਰਾਈਲ-ਫਲਸਤੀਨ ਟਕਰਾਅ ਦਹਾਕਿਆਂ ਤੋਂ ਲਟਕ ਰਿਹਾ ਹੈ ਅਤੇ ਫਲਸਤੀਨੀ ਹਰ ਰੋਜ਼ ਮਰਦੇ ਆ ਰਹੇ ਹਨ ਅਤੇ ਅਣਗਿਣਤ ਦੁੱਖਾਂ ਤੇ ਤਕਲੀਫ਼ਾਂ ਦਾ ਸਾਹਮਣਾ ਕਰ ਰਹੇ ਹਨ ਪਰ ਫਿਰ ਵੀ ਅਮਰੀਕਾ ਅਤੇ ਹੋਰ ਸ਼ਕਤੀਸ਼ਾਲੀ ਦੇਸ਼ਾਂ ਦੀਆਂ ਸਰਕਾਰਾਂ ਇਸ ਝਗੜੇ (ਵਿਵਾਦ) ਦਾ ਹੱਲ ਲੱਭਣ ਲਈ ਗੰਭੀਰ ਨਹੀਂ ਹਨ।
ਉਹਨਾਂ ਕਿਹਾ ਕਿ ਗਾਜ਼ਾ ਵਿੱਚ ਲਗਭਗ 22,000 ਨਾਗਰਿਕਾਂ, 9,000 ਬੱਚਿਆਂ, 130 ਸੰਯੁਕਤ ਰਾਸ਼ਟਰ ਸਹਾਇਤਾ ਕਰਮਚਾਰੀਆਂ ਅਤੇ 100 ਪੱਤਰਕਾਰਾਂ ਦੀਆਂ ਹੱਤਿਆਵਾਂ ਦੇ ਵਿਰੋਧ ਵਿੱਚ ਦੁਨੀਆ ਭਰ ਦੇ ਲੋਕ 7 ਅਕਤੂਬਰ ਤੋਂ ਸੜਕਾਂ ‘ਤੇ ਵਿਰੋਧ ਵਿੱਚ ਉਤਰੇ ਹੋਏ ਹਨ ਪਰ ਸਿਤਮ ਦੀ ਗੱਲ ਹੈ ਕਿ ਹੰਕਾਰ ਨਾਲ ਭਰਿਆ ਇਜ਼ਰਾਈਲ ਕਿਸੇ ਦੀ ਵੀ ਸੁਣ ਨਹੀਂ ਰਿਹਾ ।
ਉਨ੍ਹਾਂ ਕਿਹਾ ਕਿ ਫਲਸਤੀਨ ਅਤੇ ਇਜ਼ਰਾਈਲ ਦਰਮਿਆਨ ਸਥਾਈ ਸ਼ਾਂਤੀ ਲਿਆਉਣ ਲਈ ਪਹਿਲ ਕਰਨ ਦੀ ਬਜਾਏ ਅਮਰੀਕਾ ਬਦਕਿਸਮਤੀ ਨਾਲ ਹਮਲਾਵਰ ਇਜਰਾਇਲ ਵੱਲ ਪੂਰੀ ਤਰਾਂ ਨਾਲ ਝੁਕਿਆ ਹੈ। ਉਹਨਾਂ ਅਮਰੀਕਾ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਸ ਵਿਸ਼ਵ “ਪੁਲਿਸਮੈਨ” ਲਈ ਆਤਮ ਨਿਰੀਖਣ ਕਰਨ ਅਤੇ ਇੱਕ ਸੰਤੁਲਿਤ ਭੂਮਿਕਾ ਨਿਭਾਉਣ ਦਾ ਸਮਾਂ ਹੈ।
ਬੀਤੇ ਕੱਲ ਰੂਸੀ ਮਿਜਾਇਲ ਨਾਲ ਦਰਜਨਾਂ ਯੂਕਰੇਨੀ ਬੇਕਸੂਰ ਲੋਕਾਂ ਦੇ ਮਾਰੇ ਜਾਣ ਦੀ ਨਿੰਦਾ ਕਰਨ ਵਾਲੇ ਅਮਰੀਕੀ ਬਿਆਨ ਦਾ ਹਵਾਲਾ ਦਿੰਦਿਆਂ ਦਲ ਖਾਲਸਾ ਆਗੂ ਨੇ ਕਿਹਾ ਕਿ ਜੇਕਰ ਅਮਰੀਕਾ ਅੰਤਰਰਾਸ਼ਟਰੀ ਕਾਨੂੰਨਾਂ, ਜੰਗੀ ਕਾਨੂੰਨਾਂ ਅਤੇ ਮਾਨਵਤਾਵਾਦੀ ਕਾਨੂੰਨਾਂ ਨੂੰ ਮੰਨਦਾ ਹੈ ਤਾਂ ਉਸਨੂੰ, ਜਿੱਥੇ ਕਿਤੇ ਵੀ ਇਨ੍ਹਾਂ ਦੀ ਉਲੰਘਣਾ ਹੁੰਦੀ ਹੈ, ਇਸ ਦੀ ਨਿਰਪੱਖਤਾ ਨਾਲ ਸਖ਼ਤ ਵਿਰੋਧਤਾ ਕਰਨੀ ਚਾਹੀਦੀ ਹੈ।
Israel-Palestine war: Time for the world “policeman” to do introspection and play a balanced role
ਉਹਨਾਂ ਕਿਹਾ ਕਿ ਅਸੀਂ ਪੰਜ ਅੱਖਾਂ ਦੇ ਨਾਮ ਹੇਠ ਜਾਣੇ ਜਾਂਦੇ ਪੰਜ ਪ੍ਰਭਾਵਸ਼ਾਲੀ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਸਿਆਸੀ ਫੈਸਲਿਆਂ ਨੂੰ ਸਿਰਫ਼ ਸੁਰੱਖਿਆ ਮੁੱਦਿਆਂ ਜਾਂ ਭੂ-ਰਾਜਨੀਤਿਕ ਹਿੱਤਾਂ ‘ਤੇ ਹੀ ਨਹੀਂ, ਸਗੋਂ ਮਨੁੱਖੀ ਅਧਿਕਾਰਾਂ ਅਤੇ ਕਦਰਾਂ-ਕੀਮਤਾਂ ‘ਤੇ ਆਧਾਰਿਤ ਕਰਨ। ਉਹਨਾਂ ਨੇ ਕਿਹਾ ਕਿ ਜੰਗ ਨੂੰ ਫੌਰੀ ਮੁਅੱਤਲ ਕਰਨ ਅਤੇ ਇਜ਼ਰਾਈਲ-ਫਲਸਤੀਨ ਵਿਵਾਦ ਦਾ ਪੱਕਾ ਹੱਲ ਹੀ ਇਸ ਖੇਤਰ ਵਿੱਚ ਸਥਾਈ ਸ਼ਾਂਤੀ ਦਾ ਇੱਕੋ-ਇੱਕ ਰਾਹ ਹੈ।