July 27, 2017 | By ਸਿੱਖ ਸਿਆਸਤ ਬਿਊਰੋ
ਤਲਵੰਡੀ ਸਾਬੋ: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਤਿਹਾਸਕ ਗੁਰੂਸਰ ਸਰੋਵਰ ਦੀ ਕਾਰਸੇਵਾ ਕੱਲ ਸ਼ੁਰੂ ਕੀਤੀ ਗਈ।ਕਾਰਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਸਥਿਤ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ ਵਿਖੇ ਪਿਛਲੇ ਦੋ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਰਾਗੀ ਜਥੇ ਨੇ ਕੀਰਤਨ ਕੀਤਾ।
ਉਪਰੰਤ ਸ਼ੁਰੂ ਹੋਏ ਧਾਰਮਿਕ ਸਮਾਗਮਾਂ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਦਮਦਮਾ ਸਾਹਿਬ ਦੇ ਇਤਿਹਾਸ ਅਤੇ ਗੁਰੂ ਸਾਹਿਬਾਨਾਂ ਵੱਲੋਂ ਤਿਆਰ ਕਰਵਾਏ ਸਰੋਵਰਾਂ ਅਤੇ ਬਾਉਲੀਆਂ ਦੀ ਮਹੱਤਤਾ ਬਾਰੇ ਦੱਸਿਆ। ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਬਾਬਾ ਛੋਟਾ ਸਿੰਘ ਅਤੇ ਬਾਬਾ ਕਾਕਾ ਸਿੰਘ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪੇ ਅਤੇ ਕੰਬਲੀਆਂ ਭੇਟ ਕਰਕੇ ਸਨਮਾਨਤ ਕੀਤਾ।
ਇਸ ਧਾਰਮਿਕ ਸਮਾਗਮ ਤੋਂ ਬਾਅਦ ਸਰੋਵਰ ਵਿੱਚੋਂ ਗਾਰ ਕੱਢਣ ਦੀ ਕਾਰਸੇਵਾ ਸ਼ੁਰੂ ਕਰਨ ਦੀ ਅਰਦਾਸ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ। ਉਪਰੰਤ ਪੰਜ ਪਿਆਰਿਆਂ ਸੰਤ ਸੁਖਦੇਵ ਸਿੰਘ ਸਾਰੋਂ ਵਾਲੇ, ਸੰਤ ਕਪੂਰ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਹਰਭਜਨ ਸਿੰਘ ਢੁੱਡੀਕੇ ਅਤੇ ਸੰਤ ਗੁਰਮੀਤ ਸਿੰਘ ਤ੍ਰਿਲੋਕੇ ਵਾਲੇ ਦੀ ਅਗਵਾਈ ਵਿੱਚ ਸੰਗਤਾਂ ਸਰੋਵਰ ਵਿੱਚ ਪਹੁੰਚੀਆਂ। ਪਹਿਲਾਂ ਪੰਜ ਪਿਆਰਿਆਂ ਨੇ ਗਾਰ ਕੱਢ ਕੇ ਕਾਰ ਸੇਵਾ ਦੀ ਸ਼ੁਰੂਆਤ ਕੀਤੀ। ਉਪਰੰਤ ਸੰਗਤਾਂ ਨੇ ਸਤਿਨਾਮ-ਵਹਿਗੁਰੂ ਦਾ ਜਾਪ ਕਰਦਿਆਂ ਗਾਰ ਕੱਢਣ ਦਾ ਕਾਰਜ ਸ਼ੁਰੂ ਕਰ ਦਿੱਤਾ।
Related Topics: Damdama Sahib, Gurusar Sarovar, Takhat Sri Damadma Sahib