ਵਿਦੇਸ਼ » ਸਿੱਖ ਖਬਰਾਂ

ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ (ਇੰਟਰਨੈਸ਼ਨਲ) ਅਮਰੀਕਾ ਨੇ ਨੇਪਾਲ ਦੇ ਭੁਚਾਲ ਪੀੜਤਾਂ ਲਈ ਲੰਗਰ ਕੀਤੇ ਸ਼ੁਰੂ

April 27, 2015 | By

ਅੰਮ੍ਰਿਤਸਰ (26 ਅਪ੍ਰੈਲ 2015) ਨੇਪਾਲ ਵਿੱਚ ਭੁਚਾਲ ਤੋਂ ਪੀੜਤ ਲੋਕਾਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ (ਇੰਟਰਨੈਸ਼ਨਲ) ਅਮਰੀਕਾ ਨੇ ਲੰਗਰ ਸ਼ੁਰੂ ਕਰ ਦਿੱਤੇ ਹਨ।

ਸੁਸਾਇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਖਾਲਸਾ ਤੇ ਜਨਰਲ ਸਕੱਤਰ ਸ੍ਰ ਦਰਸ਼ਨ ਸਿੰਘ ਮਾਨ ਨੇ ਨੇਪਾਲ ਤੇ ਭਾਰਤ ਵਿੱਚ ਭੁਚਾਲ ਨਾਲ ਹੋਏ ਨੁਕਸਾਨ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਨੇਪਾਲ ਵਿੱਚ ਗੁਰੂ ਸਾਹਿਬ ਨਾਲ ਸਬੰਧਿਤ ਸਾਰੇ ਅਸਥਾਨ ਪੂਰੀ ਤਰਾਂ ਸੁਰੱਖਿਅਤ ਹਨ ਅਤੇ ਪੀੜਤਾਂ ਦੀ ਮਦਦ ਲਈ ਉਹਨਾਂ ਦੀ ਸੁਸਾਇਟੀ ਨੇ ਗੁਰੂਦੁਆਰਾ ਗੁਰੂ ਨਾਨਕ ਮੱਠ ਵਿਖੇ ਲੰਗਰ ਸ਼ੁਰੂ ਕਰ ਦਿੱਤੇ ਹਨ।

ਉਹਨਾਂ ਦੱਸਿਆ ਕਿ ਉਹਨਾਂ ਤੱਕ ਕਾਠਮਾਂਡੂ ਪ੍ਰਸ਼ਾਸ਼ਨ ਨੇ ਪਹੁੰਚ ਕਰਕੇ ਅਪੀਲ ਕੀਤੀ ਸੀ ਕਿ ਭੁਚਾਲ ਪੀੜਤਾਂ ਦੀ ਮੁੱਢਲੀ ਲੋੜ ਖਾਣ ਪੀਣ ਲਈ ਲੰਗਰ ਲਗਾਏ ਜਾਣ ਤੇ ਪ੍ਰਸ਼ਾਸ਼ਨ ਦੀ ਅਪੀਲ ਨੂੰ ਸਵੀਕਾਰ ਕਰਦਿਆ ਸੁਸਾਇਟੀ ਨੇ ਗੁਰੂਦੁਆਰਾ ਨਾਨਕ ਮੱਠ ਬਾਲਾਜੂ ਵਿਖੇ ਲੰਗਰ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਲਈ ਉਹਨਾਂ ਨੇ ਲੋੜੀਦੀਆ ਵਸਤਾਂ ਪੁੱਜਦੀਆ ਕਰ ਦਿੱਤੀਆ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਕੁਝ ਸੇਵਾਦਾਰ ਹਿੰਦੋਸਤਾਨ ਵਿੱਚੋ ਵੀ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਲਈ ਰਵਾਨਾ ਹੋ ਚੁੱਕੇ ਹਨ।

ਉਹਨਾਂ ਦੱਸਿਆ ਕਿ ਭਾਰਤ ਨੇਪਾਲ ਸਰਹੱਦ ਦੇ ਨਜਦੀਕ ਸਿੱਖਾਵਾਲਾ ਪਿੰਡ ਵਿੱਚੋ ਵੀ ਉਹਨਾਂ ਦੇ ਤਿੰਨ ਦਰਜਨ ਸੇਵਾਦਾਰ ਖਾਣ ਪੀਣ ਦਾ ਸਮਾਨ ਤੇ ਹੋਰ ਜ਼ਰੂਰੀ ਵਸਤਾਂ ਲੈ ਕੇ ਕਾਠਮਾਡੂ ਵੱਲ ਰਵਾਨਾ ਹੋ ਗਏ ਹਨ ਪਰ ਸੜਕਾਂ ਟੁੱਟੀਆ ਹੋਣ ਕਾਰਨ ਉਹਨਾਂ ਪਹੁੰਚਣ ਵਿੱਚ ਦਿੱਕਤ ਪੇਸ਼ ਆ ਰਹੀ ਹੈ।

ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਤੀਸਰੀ ਉਦਾਸੀ ਸਮੇਂ ਦੇ ਇਹਨਾਂ ਅਸਥਾਨਾਂ ਦੀ ਦੇਖ ਭਾਲ ਸੁਸਾਇਟੀ ਵੱਲੋ ਕੀਤੀ ਜਾ ਰਹੀ ਹੈ ਤੇ ਵਿਸਾਖੀ ਦਾ ਤਿਉਹਾਰ ਕੁਝ ਦਿਨ ਪਹਿਲਾਂ ਹੀ ਬੜੀ ਧੂਮ ਧਾਮ ਨਾਲ ਇਥੇ ਮਨਾਇਆ ਗਿਆ ਜਦ ਕਿ ਉਸ ਸਮੇਂ ਅਜਿਹੀ ਮੰਦਭਾਗੀ ਘਟਨਾ ਵਾਪਰਨ ਬਾਰੇ ਕਿਸੇ ਨੂੰ ਵੀ ਕੋਈ ਯਾਦ ਵੀ ਨਹੀ ਸੀ। ਉਹਨਾਂ ਦੱਸਿਆ ਕਿ ਇਸ ਕੁਦਰਤੀ ਕਰੋਪੀ ਨਾਲ ਬੇਘਰ ਹੋਏ ਲੋਕਾਂ ਲਈ ਵੀ ਉਹਨਾਂ ਦੀ ਸੁਸਾਇਟੀ ਹਰ ਪ੍ਰਕਾਰ ਦੀ ਮਦਦ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: