ਕੌਮਾਂਤਰੀ ਖਬਰਾਂ

ਸਪੇਨ: ਬਾਰਸਿਲੋਨਾ ‘ਚ ਲੋਕਾਂ ‘ਤੇ ਵੈਨ ਚੜ੍ਹਾ ਕੇ ਕੀਤੇ ਹਮਲੇ ‘ਚ 13 ਦੀ ਮੌਤ, 100 ਤੋਂ ਵੱਧ ਜ਼ਖਮੀ

August 18, 2017 | By

ਬਾਰਸਿਲੋਨਾ: ਸਪੇਨ ਦੇ ਬਾਰਸਿਲੋਨਾ ਸ਼ਹਿਰ ‘ਚ ਹੋਏ ਹਮਲੇ ‘ਚ ਹੁਣ ਤਕ 13 ਲੋਕਾਂ ਦੀ ਮੌਤ ਹੋ ਚੁਕੀ ਹੈ। ਅਤੇ 100 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਇਸ ਹਮਲੇ ‘ਚ 18 ਦੇਸ਼ਾਂ ਤੋਂ ਨਾਗਰਿਕ ਪ੍ਰਭਾਵਿਤ ਹੋਏ ਹਨ, ਇਨ੍ਹਾਂ ਵਿਚ ਜਰਮਨੀ, ਰੋਮਾਨੀਆ, ਇਟਲੀ, ਅਲਜੀਰੀਆ ਅਤੇ ਚੀਨ ਵਰਗੇ ਦੇਸ਼ ਸ਼ਾਮਲ ਹਨ।

ਸਪੇਨ ਦੇ ਸਥਾਨਕ ਸਮੇਂ ਮੁਤਾਬਕ ਇਹ ਹਮਲਾ ਸ਼ਾਮ 4 ਵੱਜ ਕੇ 50 ਮਿੰਟ ‘ਤੇ ਹੋਇਆ। ਚਸ਼ਮਦੀਦਾਂ ਨੇ ਦੱਸਿਆ ਕਿ ਇਕ ਚਿੱਟੇ ਰੰਗ ਦੀ ਵੈਨ ਨੇ ਤੇਜ਼ ਰਫਤਾਰ ਨਾਲ ਆਉਂਦੇ ਹੋਏ ਸੜਕ ਦੇ ਕਿਨਾਰੇ ਖੜ੍ਹੇ ਲੋਕਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ। ਇਹ ਹਮਲਾ ਬਾਰਸਿਲੋਨਾ ਦੇ ਮਸ਼ਹੂਰ ਸੈਲਾਨੀ ਸਥਾਨ ਲਾਸ ਰਮਬਲਾਸ ‘ਚ ਹੋਇਆ ਜੋ ਬਾਰਸਿਲੋਨਾ ਸ਼ਹਿਰ ਦੇ ਕੇਂਦਰ ‘ਚ ਸਥਿਤ 1.2 ਕਿਲੋਮੀਟਰ ਲੰਬਾ ਰਾਹ ਹੈ।

ਹਮਲੇ ਤੋਂ ਬਾਅਦ ਦਾ ਦ੍ਰਿਸ਼: ਪੁਲਿਸ ਆਪਣੀ ਕਾਰਵਾਈ ਕਰਦੀ ਹੋਏ

ਹਮਲੇ ਤੋਂ ਬਾਅਦ ਦਾ ਦ੍ਰਿਸ਼: ਪੁਲਿਸ ਆਪਣੀ ਕਾਰਵਾਈ ਕਰਦੀ ਹੋਏ

ਇਹ ਸੈਰਗਾਹ ਸਥਾਨ ਬਾਰਸਿਲੋਨਾ ਸ਼ਹਿਰ ਦੇ ਕੈਟੇਲੋਨੀਆ ਚੌਂਕ ਤੋਂ ਸ਼ੁਰੂ ਹੋ ਕੇ ਕ੍ਰਿਸਟੋਫਰ ਕੋਲੰਬਸ ਯਾਦਗਾਰ ਤਕ ਜਾਂਦਾ ਹੈ।

ਪੁਲਿਸ ਨੇ ਇਸ ਮਾਮਲੇ ‘ਚ ਮੋਰੱਕੋ ‘ਚ ਪੈਦਾ ਹੋਏ ਇਕ ਵਿਅਕਤੀ ਅਤੇ ਉੱਤਰੀ ਅਫਰੀਕੀ ਮੂਲ ਦੇ ਇਕ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਨੇ ਵੈਨ ਕਿਰਾਏ ‘ਤੇ ਲੈਣ ਵਾਲੇ ਵਿਅਕਤੀ ਦੀ ਤਸਵੀਰ ਵੀ ਜਾਰੀ ਕੀਤੀ ਹੈ।

ਸਥਾਨਕ ਮੀਡੀਆ ਨੇ ਇਸ ਵਿਅਕਤੀ ਦੀ ਪਛਾਣ ਡ੍ਰਿਸ ਓਕੁਬੀਰ ਵਜੋਂ ਕੀਤੀ ਹੈ।

ਸਥਾਨਕ ਮੀਡੀਆ ਮੁਤਾਬਕ, ਇਸ ਬੰਦੇ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਕੇ ਆਪਣੇ ਦਸਤਾਵੇਜ਼ ਚੋਰੀ ਹੋਣ ਅਤੇ ਦਸਤਾਵੇਜ਼ਾਂ ਦੇ ਉਸਦੀ ਜਾਣਕਾਰੀ ਤੋਂ ਬਿਨਾਂ ਇਸਤੇਮਾਲ ਹੋਣ ਦੀ ਗੱਲ ਕਹੀ ਹੈ।

ਸਪੇਨ ਦੇ ਪੁਲਿਸ ਮੁਖੀ ਜੋਸੇਪ ਲਿਓਸ ਟ੍ਰਾਪੇਰੋ ਨੇ ਕਿਹਾ ਕਿ ਗ੍ਰਿਫਤਾਰ ਹੋਣ ਵਾਲਿਆਂ ‘ਚ ਕੋਈ ਵੀ ਵੈਨ ਦਾ ਡਰਾਈਵਰ ਨਹੀਂ ਸੀ।

ਸਥਾਨਕ ਅਧਿਕਾਰੀਆਂ ਮੁਤਾਬਕ, ਹਮਲੇ ਨਾਲ ਸਬੰਧਤ ਦੂਜੀ ਵੈਨ ਉੱਤਰੀ ਬਾਰਸੀਲੋਨਾ ‘ਚ ਮਿਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਮਲੇ ਦੀ ਜਾਣਕਾਰੀ ਇਸਲਾਮਿਕ ਸਟੇਟ ਨੇ ਲਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,