September 22, 2017 | By ਸਿੱਖ ਸਿਆਸਤ ਬਿਊਰੋ
ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ (21 ਸਾਲ) ਅਤੇ ਮਨਿੰਦਰ ਸਿੰਘ (22 ਸਾਲ), ਜੋ ਕਿ ਦਿੱਲੀ ਵਿਖੇ ਫੋਟੋਗ੍ਰਾਫੀ ਦਾ ਕੋਰਸ ਕਰ ਰਿਹਾ ਸੀ, ਏਮਜ਼ ਹਸਪਤਾਲ ਦੇ ਨੇੜੇ ਫੁੱਟਪਾਥ ‘ਤੇ ਸੌਣ ਵਾਲੇ ਲੋਕਾਂ ਦੀ ਜ਼ਿੰਦਗੀ ‘ਤੇ ਅਧਾਰਿਤ ਫੋਟੋ ਸ਼ੂਟ ਕਰਨ ਗਏ। ਫੋਟੋਗ੍ਰਾਫੀ ਦੇ ਆਪਣੇ ਕੰਮ ਦੌਰਾਨ ਰਾਹ ‘ਚ ਉਹ ਇਕ ਢਾਬੇ ‘ਤੇ ਖਾਣਾ ਖਾਣ ਰੁਕੇ ਸਨ ਤਾਂ ਉਨ੍ਹਾਂ ‘ਤੇ ਹਿੰਦੂ ਬਦਮਾਸ਼ਾਂ ਦੇ ਇਕ ਗਰੁੱਪ ਨੇ ਮੂੰਹ ਉਤੇ ਸਿਗਰਟ ਦਾ ਧੂੰਆ ਮਾਰਿਆ ਅਤੇ ਸਿੱਖ ਕੌਮ ਪ੍ਰਤੀ ਅਪਮਾਨਜਨਕ ਸ਼ਬਦ ਬੋਲੇ।
ਜਦੋਂ ਸਿੱਖ ਨੌਜਵਾਨਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਟੋਕਿਆ ਤਾਂ ਖਾਣਾ ਖਾਣ ਤੋਂ ਬਾਅਦ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਚੱਲ ਪਏ ਤਾਂ ਉਹ ਬਦਮਾਸ਼ਾਂ ਵਿਚੋਂ ਇਕ ਨੇ ਕਤਲ ਕਰ ਦੇਣ ਦੇ ਇਰਾਦੇ ਨਾਲ ਫੋਰਡ ਫਿਸਟਾ ਕਾਰ ਜਾਣਬੁੱਝ ਕੇ ਤੇਜ਼ ਭਜਾਕੇ ਇਨ੍ਹਾਂ ਨੌਜਵਾਨਾਂ ਉਤੇ ਚੜ੍ਹਾ ਦਿੱਤੀ ਜਿਸ ਨਾਲ ਦੋਵੇਂ ਨੌਜਵਾਨ ਜ਼ਖਮੀ ਹੋ ਗਏ।
ਇਸ ਹਮਲੇ ਕਾਰਨ ਇਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ‘ਚ ਆਪਣਾ ਇਲਾਜ ਕਰਵਾ ਰਿਹਾ ਹੈ। ਜਦੋਂ ਉਨ੍ਹਾਂ ਨੇ ਇਸ ਹਮਲੇ ਦੀ ਪੁਲਿਸ ਰਿਪੋਰਟ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਲੋਂ ਉਨ੍ਹਾਂ ਦੀ ਐਫ.ਆਈ.ਆਰ ਦਰਜ ਨਾ ਕੀਤੀ ਗਈ। ਜੋ ਕਿ ਵਿਧਾਨ ਦੀ ਧਾਰਾ 14 ਅਤੇ 21 ਦੀ ਉਲੰਘਣਾ ਹੈ।
ਸ. ਮਾਨ ਨੇ ਜਾਰੀ ਪ੍ਰੈਸ ਬਿਆਨ ‘ਚ ਕੇਂਦਰ ਦੀ ਹਿੰਦੂਤਵੀ ਹਕੂਮਤ ਦੀ ਬੀ-ਟੀਮ ਕੇਜਰੀਵਾਲ ਨੂੰ ਖ਼ਬਰਦਾਰ ਕੀਤਾ ਕਿ ਰਾਜਧਾਨੀ ਦਿੱਲੀ ‘ਚ ਸਿੱਖ ਕੌਮ ਨਾਲ ਹੋ ਰਹੇ ਧੱਕੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜਾਰੀ ਬਿਆਨ ‘ਚ ਮੰਗ ਕੀਤੀ ਗਈ ਕਿ ਕੇਂਦਰ ਅਤੇ ਦਿੱਲੀ ਦੋਵੇਂ ਸਰਕਾਰਾਂ ਦੀ ਸੰਵਿਧਾਨਕ ਅਤੇ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖ ਨੌਜਵਾਨਾਂ ਉੱਤੇ ਗੱਡੀ ਚੜ੍ਹਾ ਕੇ ਕਤਲ ਕਰਨ ਵਾਲੇ ਅਤੇ ਸਿਗਰਟ ਦਾ ਧੂੰਆ ਮੂੰਹ ‘ਤੇ ਮਾਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਹਿੰਦੂ ਬਦਮਾਸ਼ਾਂ ਖਿਲਾਫ ਫੌਰੀ ਕਾਨੂੰਨੀ ਕਾਰਵਾਈ ਕਰਦੇ ਹੋਏ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ।
ਸਬੰਧਤ ਖ਼ਬਰ:
ਦਿੱਲੀ ਕਮੇਟੀ ਵਲੋਂ ‘ਨਸ਼ਾ ਮੁਕਤੀ ਮੁਹਿੰਮ’ ਦਾ ਨਾਂ ਗੁਰਪ੍ਰੀਤ ਸਿੰਘ ਦੇ ਨਾਮ ’ਤੇ ਰੱਖਣ ਦੀ ਮੰਗ …
Related Topics: Arvind Kejriwal, BJP, Hindu Groups, Human Rights Violation in India, Minorities in India, RSS, Shiromani Akali Dal Amritsar (Mann), Sikhs in Delhi, Simranjeet Singh Mann