ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਸਿੱਖਸ ਫਾਰ ਜਸਟਿਸ ਵੱਲੋਂ ਨਿਖੇਧੀ
November 9, 2010 | By ਸਿੱਖ ਸਿਆਸਤ ਬਿਊਰੋ
ਨਿਊਯਾਰਕ (8 ਨਵੰਬਰ, 2010 – ਪੰਜਾਬ ਨਿਊਜ਼ ਨੈਟ.): ਅਮਰੀਕਾ ਸਥਿਤ ਮਨੁੱਖੀ ਅਧਿਕਾਰ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਨੇ 1984 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ 3 ਨਵੰਬਰ ਨੂੰ ਬੰਦ ਦਾ ਸੱਦਾ ਦੇਣ ਵਾਲੀਆਂ ਧਿਰਾਂ ਦੇ ਆਗੂਆਂ ਖਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਦਲ ਖਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਤੇ ਕੰਵਰਪਾਲ ਸਿੰਘ ਬਿੱਟੂ, ਬਾਬ ਬਲਜੀਤ ਸਿੰਘ ਦਾਦੂਵਾਲ, ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾ ਪਿੰਡ, ਜਸਵੀਰ ਸਿੰਘ ਖੰਡੂਰ, ਸੰਤੋਖ ਸਿੰਘ ਸਲਾਣਾ, ਹਰਪ੍ਰੀਤ ਸਿੰਘ ਦਧੇਰੀ, ਦੇਵਿੰਦਰ ਸਿੰਘ ਸੋਢੀ (ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ) ਆਦਿ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਪੁਲਿਸ ਵੱਲੋਂ ਅੰਮ੍ਰਿਤਸਰ ਵਿਚ ਹਿਰਾਸਤ ਵਿਚ ਲੈ ਲਏ ਜਾਣ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ 26 ਵਰ੍ਹਿਆਂ ਤੋਂ ਇਨਸਾਫ਼ ਲਈ ਭਟਕ ਰਹੇ 1984 ਦੇ ਪੀੜਤਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਅਤੇ ਇਨਸਾਫ਼ ਦੀ ਮੰਗ ਕਰਨ ਵਾਲੇ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਜਾਣਾ ਉਸੇ ਦਮਨ ਅਤੇ ਬੇਇਨਸਾਫ਼ੀ ਵਾਲੀ ਕਾਰਵਾਈ ਹੈ ਜਿਸ ਵਿਰੁੱਧ ਬੰਦ ਦਾ ਸੱਦਾ ਦਿੱਤਾ ਗਿਆ ਸੀ।‘ਸਿੱਖਸ ਫ਼ਾਰ ਜਸਟਿਸ’ ਵੱਲੋਂ ਭੇਜੇ ਇੱਕ ਬਿਆਨ ਵਿੱਚ ਜਥੇਬੰਦੀ ਦੇ ਕਾਨੂੂੰਨੀ ਸਲਾਹਕਾਰ ਸ: ਗੁਰਪਤਵੰਤ ਸਿਘ ਪੰਨੂੰ ਨੇ ਕਿਹਾ ਹੈ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ਼ ਦੁਆਉਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਅਕਾਲੀ-ਭਾਜਪਾ ਸਰਕਾਰ ਨੇ ਹੁਣ ਇਨਸਾਫ਼ ਦੀ ਮੰਗ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਨਾਲ ਹੱਥ ਮਿਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਮੰਗ ਕਰਨ ਵਾਲਿਆਂ ਨੂੰ ਕੱਟੜਵਾਦੀਆਂ ਵਜੋਂ ਪੇਸ਼ ਕਰਨ ਦਾ ਪੈਂਤੜਾ ਖੇਡ ਕੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ ਜਿਸ ਤੋਂ ਸਮੂਹ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਸ: ਪੰਨੂ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ ਤੇ ਪ੍ਰਗਟਾਵਾ ਇਕ ਸੱਚੇ ਲੋਕਤੰਤਰ ਲਈ ਬੇਹੱਦ ਜ਼ਰੂਰੀ ਹੈ ਪਰ ਨਵੰਬਰ 1984 ਵਿਚ ਸਿਖਾਂ ਦਾ ਕਤਲ ਕਰਵਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ’ਤੇ ਮੁਕੱਦਮਾ ਚਲਾਉਣ ਦੀ ਬਜਾਏ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਲਈ ਇਨਸਾਫ ਦੀ ਮੰਗ ਨੂੰ ਦਬਾਉਣ ਲਈ ਯਤਨ ਕੀਤੇ ਜਾ ਰਹੇ ਹਨ ਜਿਵੇਂ ਕਿ ਅੱਜ ਸਵੇਰੇ ਵੇਖਣ ਨੂੰ ਮਿਲਿਆ ਜਦੋਂ ਪੁਲਿਸ ਸਿਖ ਕਾਰਕੁਨਾਂ ਨੂੰ ਜਬਰੀ ਚੁਕ ਕੇ ਗ੍ਰਿਫਤਾਰ ਕਰਕੇ ਲੈ ਗਈ।
ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਇਹ ਕੇਂਦਰ ਦੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵਲੋਂ ਦਹਿਸ਼ਤ ਨੂੰ ਦਿੱਤੀ ਗਈ ਖੁਲ ਤੇ ਦਮਨ ਦੀ ਕਾਰਵਾਈ ਹੈ ਤੇ ਰਾਜ ਸਰਕਾਰ ਇਨਸਾਫ ਦੀ ਲਹਿਰ ਨੂੰ ਦਬਾਉਣ ਲਈ ਉਨ੍ਹਾਂ ਦੇ ਹੱਥਾਂ ਵਿਚ ਖੇਡ ਰਹੀ ਹੈ। ਅਟਾਰਨੀ ਪੰਨੂ ਨੇ ਹੋਰ ਕਿਹਾ ਕਿ ਸਿਖ ਆਗੂਆਂ ਦੀ ਤਾਜ਼ਾ ਗ੍ਰਿਫਤਾਰੀ ਸਿਖ ਭਾਈਚਾਰੇ ਦੇ ਸੰਘਰਸ਼ ਵਿਚ ਨਾਲ ਖੜਣ ਵਾਲੇ ਨਾਗਰਿਕ ਸਮਾਜ ਨੂੰ ਤੋੜਣ ੍ਰਈ ਸਰਕਾਰ ਵਲੋਂ ਵਰਤੇ ਜਾ ਰਹੇ ਪੈਂਤੜਿਆਂ ਵਿਚੋਂ ਹੀ ਹੈ। ਸਿਖਸ ਫਾਰ ਜਸਟਿਸ ਹੋਰ ਜਮਹੂਰੀ ਹਮਖਿਆਲੀ ਧਾਰਮਿਕ ਘੱਟਗਿਣਤੀਆਂ, ਗਰੁਪ ਤੇ ਜਥੇਬੰਦੀਆਂ ਨੂੰ ਜ਼ੋਰਦਾਰ ਅਪੀਲ ਕਰਦੀ ਹੈ ਕਿ ਸਿਖਾਂ ਦੀ ਇਸ ਇਨਸਾਫ ਦੀ ਲਹਿਰ ਵਿਚ ਉਨ੍ਹਾਂ ਦਾ ਸਮਰਥਨ ਕੀਤਾ ਜਾਵੇ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Punjab Bandh, Sikhs For Justice (SFJ)