February 9, 2017 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਬੀਤੇ ਦਿਨੀਂ ਭਾਰਤ-ਪਾਕਿ ਸਰਹੱਦ ਉਤੇ ਬੀਐਸਐਫ ਵਲੋਂ ਇਕ ਨਿਹੱਥੇ ਪਾਕਿਸਤਾਨੀ ਨਾਗਰਿਕ ਨੂੰ ਕਤਲ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਅਜਿਹੇ ਕਤਲ ਨੂੰ ਭਾਰਤੀ ਸੰਵਿਧਾਨ ਦੀ ਧਾਰਾ 21 ਦੀ ਉਲੰਘਣਾ ਦੱਸਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸੇ ਤਰ੍ਹਾਂ ਕਈ ਸਿੱਖਾਂ ਅਤੇ ਪਾਕਿਸਤਾਨੀਆਂ ਨੂੰ ਬੀਐਸਐਫ ਵਲੋਂ ਮਾਰਿਆ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਕਿਸੇ ਵੀ ਅਪਰਾਧਿਕ ਜਾਂ ਗੈਰ-ਇਨਸਾਨੀ ਕਾਰਵਾਈ ਨੂੰ ਬਿਲਕੁਲ ਵੀ ਮਾਨਤਾ ਨਹੀਂ ਦਿੰਦੀ। ਅਜਿਹੇ ਹਾਲਾਤਾਂ ‘ਚ ਸੁਰੱਖਿਆ ਬਲ ‘ਦੋਸ਼ੀ’ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਤਾਂ ਰੱਖਦੇ ਹਨ ਪਰ ਉਨ੍ਹਾਂ ਨੂੰ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਇਨਸਾਨੀ ਕਦਰਾਂ-ਕੀਮਤਾਂ ਉਤੇ ਪਹਿਰਾ ਦੇਣ ਦੇ ਫਰਜ਼ ਨੂੰ ਪੂਰਨ ਕਰਦਾ ਹੋਇਆ ਜਦੋਂ ਵੀ ਹਿੰਦੂਸਤਾਨੀ ਬਲਾਂ ਵਲੋਂ ਅਜਿਹੇ ਅਪਰਾਧ ਸਾਹਮਣੇ ਆਉਣਗੇ ਤਾਂ ਆਵਾਜ਼ ਬੁਲੰਦ ਕਰਨ ਤੋਂ ਕਤਈ ਪਿੱਛੇ ਨਹੀਂ ਹਟੇਗਾ।
Related Topics: BSF, Human Rights, india pakistan border, Indian Satae, Shiromani Akali Dal Amritsar (Mann), Simranjeet Singh Mann