December 23, 2014 | By ਸਿੱਖ ਸਿਆਸਤ ਬਿਊਰੋ
ਕੈਲੀਫੋਰਨੀਆ (22 ਦਸੰਬਰ, 2014): ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਨੂੰ ਤੁੜਵਾਉਣ ਲਈ ਸਿੱਖਜ਼ ਫਾਰ ਜਸਟਿਸ ਵੱਲੋਂ ਸ਼ੁਰੂ ਕੀਤੀ ਗਈ ‘ਸਿੱਖ ਪਟੀਸ਼ਨ’ ਮੁਹਿੰਮ ਨੂੰ ਇਟਲੀ ਅਤੇ ਅਮਰੀਕਾ ਵਿਚ ਭਾਰੀ ਹੁੰਗਾਰਾ ਮਿਲ ਰਿਹਾ ਹੈ। ਅਮਰੀਕਾ ਸਥਿਤ ਮਨੁੱਖ ਅਧਿਕਾਰ ਸਿੱਖ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ‘ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ’ ਜੋ ਪਟੀਸ਼ਨ ਬਰਾਕ ਉਬਾਮਾ ਨੂੰ ਪਾਈ ਜਾ ਰਹੀ ਹੈ ਦੀ ਦਸਤਖ਼ਤੀ ਮੁਹਿੰਮ ਨੂੰ ਸਮੁੱਚੇ ਅਮਰੀਕਾ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਮੁਹਿੰਮ ਤਹਿਤ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਲੋੜੀਂਦੇ ਇਕ ਲੱਖ ਦਸਤਖਤਾਂ ਵਾਲੀ ਪਟੀਸ਼ਨ ਵਾੲ੍ਹੀਟ ਹਾਊਸ ਨੂੰ ਭੇਜਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਤਹਿਤ ਹਰੇਕ ਵਿਅਕਤੀ ਆਪਣੀ ਨਿੱਜੀ ਈਮੇਲ ਤੋਂ ਆਪਣੇ ਨਾਂਅ ਅਤੇ ਪਤੇ ਸਮੇਤ ਦਸਤਖਤ ਕਰਕੇ ਸਿੱਧੇ ਤੌਰ ‘ਤੇ ਵਾਈਟ ਹਾਊਸ ਦੇ ਲਿੰਕ ‘ਤੇ ਮੇਲ ਕਰੇਗਾ।
ਗੁਰਦੁਆਰਾ ਕਮੇਟੀਆਂ ਦੇ ਨੁਮਾਇੰ ਦਿਆਂ ਦੇ ਸਹਿਯੋਗ ਨਾਲ ਦਸਤਖ਼ਤੀ ਮੁਹਿੰਮ ਕੈਲੀਫੋਰਨੀਆ, ਨਿਊਯਾਰਕ, ਨਿਊਜਰਸੀ, ਵਰਜੀਨੀਆ, ਇਲੀਨੋਇਸ, ਵਿਸਕਾਨਸਿਨ, ਮਿਸ਼ੀਗਨ, ਉਹਾਈਓ, ਜਾਰਜੀਆ, ਕੈਰੋਲੀਨਾ, ਕੋਲੋਰਾਡੋ, ਐਰੀਜ਼ੋਨਾ, ਵਾਸ਼ਿੰਗਟਨ, ਨਵੇਦਾ, ਟੈਕਸਾਸ ਮੈਰੀਲੈਂਡ, ਪੈਨਸਿਲਵੇਨੀਆ, ਕਨੈਕਟੀਕਟ, ਮੈਸੇਚੁਸੈਟਸ, ਇੰਡੀਆਨਾ, ਸ਼ਿਕਾਗੋ ਸਮੇਤ ਅਮਰੀਕਾ ਦੇ ਸਾਰੇ ਸੂਬਿਆਂ ਦੇ ਗੁਰਦੁਆਰਾ ਸਾਹਿਬਾਨ ਵਿਚ ਚਲਾਈ ਗਈ । ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤ ਨੇ ਆਨ ਲਾਈਨ ਦਸਤਖ਼ਤ ਕੀਤੇ।
ਪਟੀਸ਼ਨ ਦਾ ਮਕਸਦ ਹੈ ਕਿ ਉਬਾਮਾ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕਰਨ ਕਿ ‘ਭਾਰਤੀ ਸੰਵਿਧਾਨ ਸਿੱਖਾਂ ਨੂੰ ਹਿੰਦੂ ਕਿਉਂ ਦਰਸਾਉਂਦਾ ਹੈ?’ ਅਤੇ ਉਨ੍ਹਾਂ ਨਾਲ ‘ਸਿੱਖ ਨਸਲਕੁਸ਼ੀ’ ਤੇ ‘ਸਿੱਖਾਂ ਦੇ ਖ਼ੁਦਮੁਖਤਿਆਰ ਦੇ ਅਧਿਕਾਰ’ ਬਾਰੇ ਮੁੱਦੇ ਉਠਾਏ ਜਾਣ।
ਪਿਛਲੇ ਦਿਨ ਇਟਲੀ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਇਸ ਪਟੀਸ਼ਨ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਭਾਈ ਨਰਿੰਦਰਜੀਤ ਸਿੰਘ, ਭਾਈ ਗੁਰਮੇਲ ਸਿੰਘ ਜੋਧੇ, ਨੌਜਵਾਨ ਆਗੂ ਸ: ਜਗਜੀਤ ਸਿੰਘ ਈਸ਼ਰਹੇਲ, ਸ: ਗੁਰਪ੍ਰੀਤ ਸਿੰਘ ਵਿਰਕ, ਹਰਪ੍ਰੀਤ ਸਿੰਘ ਸਾਹਨੇਵਾਲ, ਜਸਵੰਤ ਸਿੰਘ ਭੰਗੂ ਆਦਿ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਨੂੰ ਤੁੜਵਾਉਣ ਦੇ ਲਈ ਸਿੱਖਜ਼ ਫਾਰ ਜਸਟਿਸ ਦਾ ਇਹ ਇਕ ਅਤਿ-ਸ਼ਾਲਾਘਾਯੋਗ ਉਪਰਾਲਾ ਹੈ। ਸਿੱਖ ਕੌਮ ਦੇ ਹਰੇਕ ਪ੍ਰਾਣੀ ਨੂੰ ਵਾਈਟ ਹਾਊਸ ਦੇ ਪ੍ਰੋਫਾਰਮੇ ‘ਤੇ ਦਸਤਖਤ ਕਰਕੇ ਆਪਣੇ ਅਧਿਕਾਰਾਂ ਪ੍ਰਤੀ ਇਸ ਪਟੀਸ਼ਨ ਨੂੰ ਸਫਲ ਬਣਾਉਣਾ ਚਾਹੀਦਾ ਹੈ।
ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ, ਡਾ: ਬਖਸ਼ੀਸ਼ ਸਿੰਘ ਸੰਧੂ, ਬਰਜਿੰਦਰ ਸਿੰਘ ਬਰਾੜ, ਅਮਰਦੀਪ ਸਿੰਘ ਪੁਰੇਵਾਲ, ਸੁਖਵਿੰਦਰ ਸਿੰਘ ਠਾਣਾ ਅਤੇ ਜਸਬੀਰ ਸਿੰਘ ਦਿੱਲੀ ਨੇ ਕਿਹਾ ਕਿ ਭਾਵੇਂ ਕਿ ਇਸ ਪਟੀਸ਼ਨ ‘ਤੇ 100,000 ਦਸਤਖ਼ਤ ਚਾਹੀਦੇ ਹਨ ਪਰ ਦਸਤਖ਼ਤੀ ਮੁਹਿੰਮ ਆਉਣ ਵਾਲੇ ਐਤਵਾਰ ਨੂੰ 28 ਦਸੰਬਰ ਤੇ 31 ਦਸੰਬਰ ਨਵੇਂ ਸਾਲ ਦੇ ਦੀਵਾਨ ਮੌਕੇ ਪੂਰੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਵਿਚ ਚਲਾਈ ਜਾਵੇਗੀ। ਉਨ੍ਹਾਂ ਨੇ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਦਸਤਖ਼ਤ ਕਰਨ। ਦਸਤਖ਼ਤੀ ਮੁਹਿੰਮ 31 ਦਸੰਬਰ ਤੱਕ ਜਾਰੀ ਰਹੇਗੀ।
Related Topics: Sikhs For Justice (SFJ), White House