April 24, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਜਥਾ ਸਿਰਲੱਥ ਖਾਲਸਾ ਨੇ ਨਾਨਕ ਸ਼ਾਹ ਫਕੀਰ ਫਿਲਮ ਨੂੰ ਪ੍ਰਵਾਨਗੀਂ ਦੇਣ ਵਾਲੀ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਦੇ ਮੈਂਬਰਾਂ ਵਿਰੁੱਧ ਅੱਜ ਭੰਡਾਰੀ ਪੁੱਲ ਤੋਂ ਅਕਾਲ ਤਖਤ ਸਾਹਿਬ ਤੱਕ ਰੋਹ ਭਰਪੂਰ ਮਾਰਚ ਕੀਤਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਮ ਯਾਦ-ਪੱਤਰ ਦੇਕੇ ਮੰਗ ਕੀਤੀ ਕਿ ਇਹਨਾਂ ਮੈਂਬਰਾਂ ਨੂੰ ਪੰਥ ਨੂੰ ਧੋਖਾ ਦੇਣ ਦੇ ਇਲਜਾਮ ਹੇਠ ਧਾਰਮਿਕ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਤੋਂ ਫਾਰਗ ਕੀਤਾ ਜਾਵੇ।
ਨੌਜਵਾਨ ਜਥੇਬੰਦੀਆਂ ਦੇ ਆਗੂਆਂ ਪਰਮਜੀਤ ਸਿੰਘ ਮੰਡ, ਸੁਖਰਾਜ ਸਿੰਘ, ਪਰਮਜੀਤ ਸਿੰਘ ਅਕਾਲੀ, ਜਥੇ:ਦਿਲਬਾਗ ਸਿੰਘ, ਬਲਵੰਤ ਸਿੰਘ ਗੋਪਾਲਾ, ਰਣਜੀਤ ਸਿੰਘ ਦਮਦਮੀ ਟਕਸਾਲ, ਗੁਰਨਾਮ ਸਿੰਘ, ਪੰਜਾਬ ਸਿੰਘ ਅਤੇ ਜਗਜੋਤ ਸਿੰਘ ਨੇ ਵਿਵਾਦਿਤ ਫਿਲਮ ਦੇ ਬਨਣ ਤੋਂ ਲੈਕੇ ਇਸ ਦੀ ਰਿਲੀਜ਼ ਹੋਣ ਤੱਕ ਸਾਰੀ ਸਥਿਤੀ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਫਿਲ਼ਮ ਨੂੰ ਸਬ-ਕਮੇਟੀ ਤੋਂ ਹਰੀ-ਝੰਡੀ ਦਿਵਾਉਣ ਪਿਛੇ ਬਾਦਲਕਿਆਂ ਦਾ ਲੁਕਵਾਂ ਹੱਥ ਹੈ। ਉਹਨਾਂ ਇਸ ਸਬੰਧ ਵਿੱਚ ਤਖਤੀਆਂ ਫੜੀਆਂ ਹੋਈਆ ਸਨ ਜਿਨਾਂ ਉਤੇ ਲਿਖਿਆ ਸੀ ਕਿ ਬਾਦਲਕਿਆਂ ਨੇ ਹੀ ਫਿਲ਼ਮ ਨੂੰ ਸਬ-ਕਮੇਟੀ ਪਾਸੋਂ ਆਪਣਾ ਸਿਆਸੀ ਦਬਦਬਾ ਵਰਤਦਿਆਂ ਹਰੀ-ਝੰਡੀ ਦਿਵਾਈ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਨੌਜਵਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿਸ ਅਕਾਲੀ ਹਾਈਕਮਾਨ ਨੇ ਸਿਰਸੇ ਵਾਲੇ ਸਾਧ ਨੂੰ ਮੁਆਫੀ ਦਿਵਾਉਣ ਵਿੱਚ ਭੁਮਿਕਾ ਨਿਭਾਈ ਸੀ, ਉਹਨਾਂ ਹੀ ਸਬ-ਕਮੇਟੀ ਰਾਂਹੀ ਫਿਲ਼ਮ ਨੂੰ ਪ੍ਰਵਾਨਗੀ ਦਿਵਾਉਣ ਵਿੱਚ ਰੋਲ ਨਿਭਾਇਆ ਹੈ।
ਪ੍ਰਵਾਨਗੀ ਦੇਣ ਵਾਲੀ ਸਬ-ਕਮੇਟੀ ਦੇ ਮੈਂਬਰਾਂ ਨੂੰ ਕਰੜੇ-ਹੱਥੀ ਲੈਂਦਿਆਂ ਆਗੂਆਂ ਨੇ ਕਿਹਾ ਕਿ ਇਹਨਾਂ ਕਮਜ਼ੋਰ ਅਤੇ ਸਿਧਾਂਤਹੀਣ ਲੋਕਾਂ ਵਲੋਂ ਜ਼ਿੰਮੇਵਾਰ ਅਹੁਦਿਆਂ
‘ਤੇ ਬੈਠ ਕੇ ਲਏ ਜਾ ਰਹੇ ਇਹਨਾਂ ਗਲਤ ਫੈਂਸਲਿਆਂ ਨਾਲ ਸਮੁੱਚੇ ਪੰਥ ਨੂੰ ਦੁਨੀਆ ਸਾਹਮਣੇ ਬਾਰ-ਬਾਰ ਸ਼ਰਮਸਾਰ ਵੀ ਹੋਣਾ ਪਿਆ ਹੈ। ਇਸ ਲਈ ਇਹ ਲੋਕ ਇਹਨਾਂ
ਜਿੰਮੇਵਾਰ ਅਹੁਦਿਆਂ ‘ਤੇ ਹੁਣ ਪੰਥ ਨੂੰ ਪ੍ਰਵਾਨ ਨਹੀਂ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਂ ਦਿੱਤੇ ਯਾਦ-ਪੱਤਰ ਵਿੱਚ ਮੰਗ ਕੀਤੀ ਗਈ ਕਿ ਗੁਰੂ ਸਾਹਿਬਾਨ, ਗੁਰੂ ਪਰਿਵਾਰਾਂ ਅਤੇ ਗੁਰੂ-ਕਾਲ ਦੇ ਮਹਾਨ ਗੁਰਸਿੱਖਾਂ ਨੂੰ ਕਿਸੇ ਵੀ ਰੂਪ ਵਿਚ ਨਾ ਫਿਲਮਾਉਣ ਸਬੰਧੀ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ 2003 ਵਿਚ ਪਾਸ ਕੀਤੇ ਗਏ ਮਤੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਪ੍ਰੜੋਤਾ ਕੀਤੀ ਜਾਵੇ। ਜਥੇਬੰਦੀਆਂ ਨੇ ਸੁਝਾਅ ਦਿੱਤਾ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਮਾਹਿਰਾਂ ਅਤੇ ਵਿਦਵਾਨਾਂ ਦੀ ਇਕ ਕਮੇਟੀ ਬਣਾਏ ਜੋ 2003 ਦੇ ਮਤੇ ਦੀ ਰੌਸ਼ਨੀ ਵਿੱਚ ਬਹੁ-ਭਾਸ਼ਾਈ ਸਾਹਿਤ ਤਿਆਰ ਕਰਕੇ ਵੱਡੇ ਅਤੇ ਛੋਟੇ ਪਰਦੇ (ਫਿਲਮਾਂ ਅਤੇ ਨਾਟਕਾਂ) ਦੇ ਨਿਰਦੇਸ਼ਕਾਂ, ਅਦਾਕਾਰਾਂ ਅਤੇ ਨਿਰਮਾਤਾਵਾਂ ਨਾਲ ਸੰਪਰਕ ਸਾਧਕੇ ਉਨ੍ਹਾਂ ਤੱਕ ਇਹ ਸਾਹਿਤ ਪਹੁੰਚਦਾ ਕਰੇ ਅਤੇ ਇਸ ਸਾਹਿਤ ਦੀਆਂ ਕਾਪੀਆਂ ਸੂਚਨਾ ਮੰਤਰਾਲੇ ਅਤੇ ਫਿਲਮ ਸੈਂਸਰ ਬੋਰਡ ਦੇ ਸਮੂਹ ਮੈਂਬਰਾਂ ਤੱਕ ਵੀ ਪਹੁੰਚਦੀਆਂ ਕੀਤੀਆਂ ਜਾਣ ਤਾਂ ਜੋ ਇਸ ਮਸਲੇ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।
ਮੰਗ ਪੱਤਰ ਵਿੱਚ ਅੱਗੇ ਕਿਹਾ ਗਿਆ ਕਿ ਇਸੇ ਮਤੇ ਦੀ ਰੌਸ਼ਨੀ ਵਿੱਚ ਇਹ ਗੱਲ ਵੀ ਸ਼ਾਮਲ ਕੀਤੀ ਜਾਵੇ ਕਿ ਗੁਰੂ ਸਾਹਿਬਾਨ, ਗੁਰੂ ਪਰਿਵਾਰ ਅਤੇ ਗੁਰੂ-ਕਾਲ
ਦੀਆਂ ਮਹਾਨ ਸਖਸ਼ੀਅਤਾਂ ਨੂੰ ਕੰਪਿਊਟਰ ਗ੍ਰਾਫਿਕ (ਐਨੀਮੇਸ਼ਨ) ਜਾਂ ਹੋਰ ਕਿਸੇ ਵੀ ਆਧੁਨਿਕ ਤਕਨੀਕ ਨਾਲ ਫ਼ਿਲਮਾਇਆ ਨਾ ਜਾਵੇ। ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਛੁੱਟੀ ਹੋਣ ਕਾਰਨ ਮੈਮੋਰੰਡਮ ਦੀ ਕਾਪੀ ਡਿਊਟੀ ‘ਤੇ ਹਾਜ਼ਰ ਮੁਲਾਜਮ ਨੇ ਹਾਸਿਲ ਕੀਤੀ।
ਇੱਕ ਵੱਖਰੇ ਯਾਦ-ਪੱਤਰ ਰਾਂਹੀ ਨੌਜਵਾਨ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਦਰਬਾਰ ਸਾਹਿਬ ਗਲਿਆਰੇ ਵਿਚ ਸਥਿਤ ਇਤਿਹਾਸਕ ਸਿੱਖ ਰੈਫਰੈਂਸ ਲਾਇਬਰੇਰੀ ਦੀ ਇਮਾਰਤ ਨੂੰ ਉੱਥੋਂ ਬਾਹਰ ਤਬਦੀਲ ਕਰਕੇ ਨਵੀਂ ਇਮਾਰਤ ਬਣਾਉਣ ਦੇ ਫੈਸਲੇ ਤੇ ਇਤਰਾਜ ਜਿਤਾਉਦਿਆਂ ਮੰਗ ਕੀਤੀ ਕਿ ਇਤਿਹਾਸਕ ਲਾਇਬਰੇਰੀ ਦੀ ਇਹ ਇਮਾਰਤ ਭਾਰਤੀ ਫੌਜਾਂ ਵਲੋਂ ਜੂਨ 1984 ਵਿਚ ਦਰਬਾਰ ਸਾਹਿਬ ‘ਤੇ ਕੀਤੇ ਗਏ ਜ਼ਾਲਮਾਨਾ ਹਮਲੇ ਦਾ ਜਿਉਂਦਾ ਜਾਗਦਾ ਸਬੂਤ ਹੈ ਅਤੇ ਦੁਨੀਆ ਵਿਚ ਭਾਰਤ ਦੇ ਫਾਸ਼ੀਵਾਦੀ ਨਿਜ਼ਾਮ ਨੂੰ ਨੰਗਾ ਕਰਨ ਦੀ ਗਵਾਹੀ ਹੈ। ਇਸ ਲਈ ਭਾਰਤੀ ਫੌਜ ਦੇ ਹਮਲੇ ਦੀਆਂ ਨਿਸ਼ਾਨੀਆਂ, ਇਮਾਰਤਾਂ ਨੂੰ ਆਪਣੇ ਜ਼ਖਮੀ ਸਰੂਪ ਵਿਚ ਹੀ ਸਾਂਭ ਕੇ ਰੱਖਿਆ ਜਾਵੇ ਅਤੇ ਜੇ ਸ੍ਰੋਮਣੀ ਕਮੇਟੀ ਕੋਈ ਨਵੀਂ ਲਾਇਬਰੇਰੀ ਉਸਾਰਨੀ ਚਾਹੁੰਦੀ ਹੈ ਤਾਂ ਕਿਸੇ ਹੋਰ ਨਾਂ ‘ਤੇ ਉਸਨੂੰ ਜ਼ਰੂਰ ਉਸਾਰੇ, ਜਿਸਦਾ ਉਹ ਸਵਾਗਤ ਕਰਨਗੇ।
Related Topics: Akal Takhat Sahib, Badal Dal, Jatha Sirlath Khalsa, Nanak Shah Fakir Film Controversy, Shiromani Gurdwara Parbandhak Committee (SGPC), Sikh Youth Federation (Bhindranwale), Sikh Youth of Punjab