ਸਿੱਖ ਖਬਰਾਂ

ਪੁਲਿਸ ਮੁਖੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਭੁਲੇਖਾਪਾਊ ਜਾਣਕਾਰੀ ਦਿੰਦਿਆਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ

February 27, 2015 | By

ਚੰਡੀਗੜ੍ਹ (26 ਫਰਵਰੀ, 2015): ਪੰਜਾਬ  ਪੁਲਿਸ ਦੇ ਮੁੱਖੀ ਸੁਮੇਧ ਸੈਣੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਭੰਬਲਭੁਸਾ ਪਾਉਣ ਦੀ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਹੈ।

ਪੁਲਿਸ ਮੁੱਖੀ ਨੇ ਪਿੱਛਲੇ 42 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਦੀ ਮੰਗ ਬਾਰੇ ਪ੍ਰੈਸ ਨੂੰ ਭੁਲੇਖਾਪਾਊ ਜਾਣਕਾਰੀ ਦਿੰਦਿਆਂ ਦੱਸਿਆ ਕਿ “82 ਬੰਦੀ ਸਿੰਘਾਂ ਦੀ ਰਿਹਾਈ ਲਈ ਲੁਧਿਆਣਾ ਵਿੱਚ ਪਿਛਲੇ 42 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਸੂਰਤ ਸਿੰਘ ਖ਼ਾਲਸਾ ਦੀ ਮੰਗ ਬਾਰੇ ਕਿਹਾ ਕਿ ਕਾਨੂੰਨ ਮੁਤਾਬਕ ਇਨ੍ਹਾਂ ’ਚੋਂ ਕਿਸੇ ਨੂੰ ਵੀ ਰਿਹਾਅ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਗਲਤ ਮੰਗ ਅੱਗੇ ਝੁਕਣ ਦਾ ਸਵਾਲ ਪੈਦਾ ਨਹੀਂ ਹੁੰਦਾ।

ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ  ਪ੍ਰੈਸ ਕਾਨਫਰੰਸ ਦੌਰਾਨ

ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਪ੍ਰੈਸ ਕਾਨਫਰੰਸ ਦੌਰਾਨ

ਪੁਲੀਸ ਮੁਖੀ ਨੇ ਅੱਜ ਪੁਲੀਸ ਹੈਡਕੁਆਰਟਰ ਵਿੱਚ ਏਡੀਜੀਪੀ (ਖੁਫੀਆ) ਹਰਦੀਪ ਸਿੰਘ ਢਿੱਲੋਂ, ਏਡੀਜੀਪੀ (ਜੇਲ੍ਹਾਂ) ਰਾਜਪਾਲ ਮੀਨਾ, ਆਈ.ਜੀ. ਕਾਊਂਟਰ ਇੰਟੈਲੀਜੈਂਸ ਗੌਰਵ ਯਾਦਵ ਤੇ ਡੀਆਈਜੀ ਆਰ.ਕੇ. ਜੈਸਵਾਲ ਅਤੇ ਲੁਧਿਆਣਾ (ਦਿਹਾਤੀ) ਦੇ ਐਸਐਸਪੀ ਰਾਵਚਰਨ ਸਿੰਘ ਬਰਾੜ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਰਤ ਸਿੰਘ ਖ਼ਾਲਸਾ ਨੇ 82 ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ ਤੇ ਇਨ੍ਹਾਂ ’ਚੋਂ 25 ਵਿਅਕਤੀਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਮਿਲੀ।”

ਡੀਜੀਪੀ ਨੇ ਕਿਹਾ ਕਿ ਸੂਚੀ ਵਿੱਚ 16 ਅਜਿਹੇ ਕੈਦੀ ਹਨ, ਜਿਨ੍ਹਾਂ ਨੂੰ ਉਮਰ ਕੈਦ ਤੋਂ ਘੱਟ ਸਜ਼ਾ ਹੋਈ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਰਿਹਾਅ ਹੋ ਜਾਣਾ ਹੈ।

ਇਸ ਸੂਚੀ ਵਿੱਚੋਂ ਸ਼ਾਮਲ 6 ਕੈਦੀ ਪਹਿਲਾਂ ਹੀ ਰਿਹਾਅ ਹੋ ਚੁੱਕੇ ਹਨ। ਖ਼ਾਲਸਾ ਵੱਲੋਂ ਜਿਹੜੇ 8 ਸੀਨੀਅਰ ਨਾਗਰਿਕਾਂ ਦੀ ਰਿਹਾਈ ਮੰਗੀ ਗਈ ਹੈ ੳੁਹ 8 ਵਿਅਕਤੀ ਸਾਲ 1987 ਵਿੱਚ ਲੁਧਿਆਣੇ ਦੇ ਬੈਂਕ ਵਿੱਚ ਡਾਕਾ ਮਾਰਨ ਦੇ ਦੋਸ਼ ਹੇਠ ਸਜ਼ਾ ਭੁਗਤ ਰਹੇ ਹਨ। ਇਨ੍ਹਾਂ ਨੂੰ 7 ਤੋਂ 10 ਸਾਲ ਦੀ ਸਜ਼ਾ ਮਿਲੀ ਹੈ।

ਇਸ ਸੂਚੀ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਮਿਲੀ ਹੈ, ਜੋ ਚੰਡੀਗੜ੍ਹ ਨਾਲ ਸਬੰਧਤ ਹੈ। ਪੰਜਾਬ ਵਿਚਲੇ ਪੰਜ ਉਮਰ ਕੈਦੀਆਂ ਵਿੱਚੋਂ 3 ਦੀ ਸਜ਼ਾ ਮੁਆਫੀ ਲਈ ਨਿਰਧਾਰਤ ਘੱਟੋ ਘੱਟ ਸਜ਼ਾ ਵੀ ਹਾਲੇ ਪੂਰੀ ਨਹੀਂ ਹੋਈ। ਇਨ੍ਹਾਂ ਵਿੱਚੋਂ 2 ਕੈਦੀ ਨਿਰਧਾਰਤ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਜੁਲਾਈ 2014 ਦੇ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਉਨ੍ਹਾਂ ਨੂੰ ਰਾਜ ਸਰਕਾਰ ਰਿਹਾਅ ਨਹੀਂ ਕਰ ਸਕਦੀ। ਪੰਜਾਬ ਸਰਕਾਰ ਵੱਲੋਂ 8 ਜਨਵਰੀ ਨੂੰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਜਲਦ ਕਰਨ ਦੀ ਅਪੀਲ ਪਾਈ ਗਈ ਹੈ।

ਜਦਕਿ ਬਾਪੂ ਸੂਰਤ ਸਿੰਘ ਨੇ ਸਿਰਫ ਉਨਾਂ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਜੋ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ।

ਜਿਸ ਸੂਚੀ ਦਾ ਹਵਾਲਾ ਪੁਲਿਸ ਮੁਖੀ ਨੇ ਦਿੱਤਾ ਹੈ, ਉਸ ਵਿੱਚ ਸਿਰਫ ਰਿਹਾਈ ਦੀ ਮੰਗ ਕੀਤੇ ਜਾਣ ਵਾਲੇ ਬੰਦੀ ਸਿੰਘਾਂ ਦੇ ਨਾਮ ਹੀ ਸ਼ਾਮਲ ਨਹੀਂ ਬਲਕਿ ਇਸ ਸਮੇਂ ਜੇਲਾਂ ਵਿੱਚ ਬੰਦ ਸਮੁੱਚੇ ਰਾਜਸੀ ਕੈਦੀਆਂ ਦੀ ਸੂਚੀ ਹੈ ਜੋ ਲੁਧਿਆਣੇ ਦੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਜਿਸ ਵਿੱਚ ਸਮੇਂ ਸਮੇਂ ਬਦਲਾਅ ਆਉਦਾ ਰਹਿੰਦਾ ਹੈ।

ਸਿੱਖ ਰਾਜਸੀ ਬੰਦੀਆਂ ਦੀ ਸੂਚੀ ਤਿਆਰ ਕਰਨ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੋਸ਼ ਲਾਇਆ ਕਿ ਪੁਲਿਸ ਮੁਖੀ ਵਾਰ-ਵਾਰ ਸੂਚੀ ਵਿੱਚ ਦਿਤੇ ਸਾਰੇ ਵਿਅਕਤੀ ਦਾ ਹਵਾਲਾ ਦੇ ਕੇ ਸਿੱਖ ਰਾਜਸੀ ਕੈਦੀਆਂ ਦੇ ਮਸਲੇ ‘ਤੇ ਉਲਝਣ ਪੈਦਾ ਕਰਕੇ ਲੋਕਾਂ ਨੂੰ ਗਲਤ ਜਾਣਕਾਰੀ ਦੇ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਸੂਚੀ ਨੂੰ ਵੇਖਦਿਆਂ ਪਹਿਲੀ ਨਜ਼ਰੇ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਸੂਚੀ ਸਾਰੇ ਸਿੱਖ ਰਾਜਸੀ ਕੈਦੀਆਂ ਦੀ ਹੈ, ਜਿੰਨਾਂ ਵਿੱਚ ਸਜ਼ਾ ਯਾਫਤਾ ਵੀ ਹਨ ਅਤੇ ਹੋਰ ਸੁਣਵਾਈ ਅਧੀਨ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ।

 ਉਨ੍ਹਾਂ ਕਿਹਾ ਕਿ ਇਸ ਸੂਚੀ ਵਿੱਚ ਸ਼ਾਮਲ ਸਾਰੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦੀ ਮੰਗ ਕਿਸੇ ਵੱਲੋਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖ ਰਾਜਸੀ ਕੈਦੀਆਂ ਦੇ ਮਸਲੇ ਪੰਜਾਬ ਸਰਕਾਰ ਵੱਲੋਂ ਸਪੱਸ਼ਟ ਪਹੁੰਚ ਅਪਨਾਉਣੀ ਚਾਹਦਿੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,