April 21, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਗੂਗਲ ਵੱਲੋਂ ਆਪਣੇ ਬਨਾਉਟੀ ਸੂਝ ਪ੍ਰਬੰਧ (AI) ਨੂੰ ਸਿੱਖਿਅਤ (Train) ਕਰਨ ਵਿਚ ਅਦਾਰਾ ਸਿੱਖ ਸਿਆਸਤ ਦੇ ਬਿਜਾਲ ਮੰਚਾਂ (ਵੈਬਸਾਈਟਾਂ) ਤੋਂ ਵੀ ਮਦਦ ਲਈ ਗਈ ਹੈ। ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਨੇ ਕੁਝ ਸੰਖੇਪ ਜਾਣਕਾਰੀ ਸਾਂਝੀ ਕੀਤੀ ਹੈ।
ਅਦਾਰਾ ਸਿੱਖ ਸਿਆਸਤ ਦੇ ਮੰਚ ਅਤੇ “AI”
੧. ਪਿਛਲੇ ਕਰੀਬ ਤਿੰਨ ਸਾਲ ਤੋਂ ਅਦਾਰਾਂ ਸਿੱਖ ਸਿਆਸਤ ਤੇ ਬਿਜਾਲ-ਮੰਚਾਂ (ਵੈਬਸਾਈਟਾਂ) ਨੂੰ ਇੰਡੀਆ ਵਿਚ ਖੁੱਲ੍ਹਣ ਤੋਂ ਰੋਕਿਆ ਜਾ ਰਿਹਾ ਹੈ। ਇਹ ਰੋਕ ਇੰਡੀਆ ਦੀ ਸਰਕਾਰ ਨੇ ਲਗਾਈ ਹੈ। ਇਹਨਾ ਮੰਚਾਂ ਨੂੰ ਚੱਲਦਾ ਰੱਖਣ ਉੱਤੇ ਖਰਚ ਤਕਰੀਬਨ ਰੋਕ ਤੋਂ ਪਹਿਲਾਂ ਦੀ ਤਰ੍ਹਾਂ ਹੀ ਆ ਰਿਹਾ ਹੈ।
੨. ਰੋਕ ਕਾਰਨ ਪਾਠਕਾਂ ਦੀ ਗਿਣਤੀ ਵਿਚ ਕਰੀਬ 85% ਕਮੀ ਆਈ ਹੈ ਅਤੇ ਹੁਣ ਕਾਰਜ ਵੀ ਪਹਿਲਾਂ ਵਾਂਗ ਨਹੀਂ ਕਰ ਹੋ ਰਿਹਾ।
੩. ਬੜੀ ਵਾਰ ਸੋਚਿਆ ਕਿ ਕੀ ਇਹਨਾਂ ਮੰਚਾਂ ਨੂੰ ਬੰਦ ਕਰ ਦਿੱਤਾ ਜਾਵੇ? ਫਿਰ ਸੋਚੀਦਾ ਹੈ ਕਿ ਕਰੀਬ ਡੇਢ ਦਹਾਕੇ ਦੀ ਮਿਹਨਤ ਹੈ। ਬੰਦ ਨਹੀਂ ਕਰ ਸਕਦੇ। ਸੋ ਚੱਲਦਾ ਰੱਖ ਰਹੇ ਹਾਂ।
੪. ਅੱਜ ਇਕ ਸੁਹਿਰਦ ਸੱਜਣ ਨੇ ਵਾਸ਼ਿੰਗਟਨ ਪੋਸਟ ਅਖਬਾਰ ਵੱਲੋਂ ਇਕ ਰਿਪੋਰਟ ਵਿਚ ਦਿੱਤੇ ਇਕ ਤਕਨੀਕੀ ਸੰਦ (ਟੂਲ) ਦੀ ਤੰਦ ਸਾਂਝੀ ਕੀਤੀ ਜਿਸ ਨੂੰ ਵਰਤ ਕੇ ਪਤਾ ਲੱਗਾ ਕਿ ਗੂਗਲ ਵੱਲੋਂ ਆਪਣੇ ਬਨਾਉਟੀ ਸੂਝ ਪ੍ਰਬੰਧ (AI) ਨੂੰ ਸਿਖਾਉਣ (train ਕਰਨ) ਵਾਸਤੇ ਸਿੱਖ ਸਿਆਸਤ ਦੀਆਂ ਵੈਬਸਾਈਟਾਂ ਤੋਂ ਵੀ ਮਦਦ ਲਈ ਗਈ ਹੈ।
੫. ਅਦਾਰਾ ਸਿੱਖ ਸਿਆਸਤ ਦੀਆਂ ਵੈਬਸਾਈਟਾਂ ਉੱਤੇ ਪੰਜਾਬ, ਸਿੱਖਾਂ ਅਤੇ ਮਨੁੱਖੀ ਹੱਕਾਂ ਬਾਰੇ ਜੋ ਸਮਗਰੀ ਛਪੀ ਹੈ ਉਹ ਦੁਨੀਆਂ ਭਰ ਦੇ ਖੋਜੀਆਂ, ਮਨੁੱਖੀ ਹੱਕਾਂ ਦੇ ਵਕੀਲਾਂ ਅਤੇ ਸਰਕਾਰਾਂ ਵੱਲੋਂ ਵਰਤੀ ਜਾਂਦੀ ਹੈ, ਇਸ ਗੱਲ ਦੀ ਸਾਨੂੰ ਪਹਿਲਾਂ ਹੀ ਜਾਣਕਾਰੀ ਸੀ, ਜਿਸ ਦਾ ਪ੍ਰਮਾਣ ਸਰਕਾਰੀ ਦਸਤਾਵੇਜਾਂ, ਖੋਜ ਪੱਤਰਾਂ ਅਤੇ ਨਾਮੀ ਅਦਾਰਿਆਂ ਵੱਲੋਂ ਛਪੀਆਂ ਕਿਤਾਬਾਂ ਵਿਚ ਸਿੱਖ ਸਿਆਸਤ ਤੇ ਛਪੀਆਂ ਲਿਖਤਾਂ ਦੇ ਹਵਾਲਿਆਂ ਤੋਂ ਮਿਲ ਜਾਂਦਾ ਹੈ। ਹੁਣ “AI” ਵਿਚ ਵੀ ਇਹ ਜਾਣਕਾਰੀ ਵਰਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
੬. ਇਸ ਸਭ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨੇ ਇਹ ਮੰਚ ਕਿਉਂ ਪਹਿਲੀਆਂ ਵਿਚ ਰੋਕੇ।
੭. ਬੇਸ਼ੱਕ ਰੋਕਾਂ ਨੇ ਸਾਡੇ ਕਾਰਜ ਉੱਤੇ ਅਸਰ ਪਾਇਆ ਹੈ ਪਰ ਅਸੀਂ ਆਪਣਾ ਕਾਰਜ ਗੁਰੂ ਓਟ ਸਦਕਾ ਜਾਰੀ ਰੱਖਾਂਗੇ।
Related Topics: AI, Parmjeet Singh Gazi, Sikh Siyasat