November 2, 2016 | By ਸਿੱਖ ਸਿਆਸਤ ਬਿਊਰੋ
ਟੋਰਾਂਟੋ: ਸਰਬਜੀਤ ਸਿੰਘ (ਸੈਬੀ) ਮਰਵਾਹ ਨੂੰ ਹਾਲ ਹੀ ਵਿੱਚ ਕੈਨੇਡਾ ਦੀ ਸੈਨੇਟ ਵਿੱਚ ਚੁਣਿਆ ਗਿਆ ਹੈ। ਉਹ ਪਹਿਲੇ ਸਰਦਾਰ ਅਤੇ ਅੰਮ੍ਰਿਤਸਰ ਦੀ ਰਤਨਾ ਉਮੀਦਵਾਰ ਤੋਂ ਬਾਅਦ ਦੂਜੇ ਪੰਜਾਬੀ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਕ ਦੀ ਸੈਨੇਟ ਵਿੱਚ ਨਿਵਾਜਿਆ ਹੈ। ਮਰਵਾਹ ਸਕੋਸ਼ੀਆ ਬੈਂਕ ਵਿੱਚ 35 ਸਾਲ ਦੀ ਨੌਕਰੀ ਬਾਅਦ ਦੋ ਸਾਲ ਪਹਿਲਾਂ ਉਪ ਪ੍ਰਧਾਨ ਬਣ ਕੇ ਸੇਵਾਮੁਕਤ ਹੋਏ ਹਨ।
ਇਸ ਤੋਂ ਇਲਾਵਾ ਉਹ ਸੀਡੀ ਹੌਵੀ, ਰੌਇਲ ਓਂਟਾਰੀਓ ਮਿਊਜ਼ੀਅਮ, ਯੂਨਾਈਟਿਡ ਵੇਅ ਕੈਂਪੇਨ, ਟੋਰਾਂਟੋ ਫਿਲਮ ਫੈਸਟੀਵਲ ਤੇ ਸਿੱਕ ਕਿਡਜ਼ ਹਸਪਤਾਲ ਵਰਗੀਆਂ ਕਈ ਗੈਰ ਮੁਨਾਫ਼ਾ ਸੰਸਥਾਵਾਂ ਦੇ ਬੋਰਡ ਵਿੱਚ ਕੰਮ ਕਰਦੇ ਰਹੇ ਹਨ ਅਤੇ ਸਿੱਖ ਫਾਊਂਡੇਸ਼ਨ ਦੇ ਬਾਨੀ ਮੈਂਬਰ ਹਨ। ਅਰਥ ਸ਼ਾਸਤਰ ਦੀ ਐਮਏ ਤੇ ਐਮਬੀਏ (ਵਿੱਤ) ਸ. ਮਰਵਾਹ ਨੂੰ ਟੋਰਾਂਟੋ ਦੀ ਰਾਇਰਸਨ ’ਵਰਸਿਟੀ ਨੇ ਆਨਰੇਰੀ ਡਾਕਰਰੇਟ ਦੀ ਉਪਾਧੀ ਨਾਲ ਨਿਵਾਜਿਆ ਹੈ।
ਉਹ ਟਰੂਡੋ ਵੱਲੋਂ ਨਾਮਜ਼ਦ ਛੇ ਨਵੇਂ ਆਜ਼ਾਦ ਸੈਨੇਟਰਾਂ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਓਂਟਾਰੀਓ ਸੂਬੇ ਦੀ ਪ੍ਰਤੀਨਿਧਤਾ ਵਾਸਤੇ ਆਏ 30 ਨਾਵਾਂ ਵਿੱਚੋਂ ਅਤੇ ਪੂਰੇ ਮੁਲਕ ਦੇ 2700 ਉਮੀਦਵਾਰਾਂ ਵਿੱਚੋਂ ਮੈਰਿਟ ਦੇ ਆਧਾਰ ’ਤੇ ਚੁਣਿਆ ਗਿਆ ਹੈ। ਪਿਛਲੇ ਹਫ਼ਤੇ ਟਰੂਡੋ ਨੇ ਪੰਜ ਔਰਤਾਂ ਸਮੇਤ ਨੌਂ ਵਿਅਕਤੀਆਂ ਨੂੰ ਸੈਨੇਟਰ ਬਣਾਇਆ ਸੀ ਅਤੇ ਆਉਂਦੇ ਹਫ਼ਤਿਆਂ ਤੱਕ ਕੁੱਲ 21 ਖਾਲੀ ਸੀਟਾਂ ਭਰਨ ਲਈ ਛੇ ਹੋਰ ਸੈਨੇਟਰ ਨਿਯੁਕਤ ਕੀਤੇ ਜਾਣੇ ਹਨ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਮਰਵਾਹ ਨੂੰ ਸੈਨੇਟਰ ਬਣਨ ‘ਤੇ ਵਧਾਈ ਦਿੱਤੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Sikh News Canada: WSO Congratulates Sarabjit Singh (Sabi) Marwah on Senate Appointment …
Related Topics: Sikh News Canada, Sikhs in Canada, World Sikh Organization of Canada