ਖਾਸ ਖਬਰਾਂ » ਸਿੱਖ ਖਬਰਾਂ

ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਠੱਠੀ ਖਾਰਾ ਵਿਖੇ ਮੁਲਾਕਾਤ ਦੌਰਾਨ ਪੰਥਕ ਵਿਚਾਰਾਂ ਹੋਈਆਂ

March 2, 2023 | By

ਤਰਨ ਤਾਰਨ: ਇਥੋਂ ਨੇੜੇ ਪਿੰਡ ਠੱਠੀ ਖਾਰਾ ਸਥਿਤ ਗੁਰਦੁਆਰਾ ਝੂਲਣੇ ਮਹਿਲ ਦੇ ਮੁੱਖ ਪ੍ਰਬੰਧਕ ਬਾਬਾ ਹੀਰਾ ਸਿੰਘ ਵੱਲੋਂ ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ ਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਦਰਮਿਆਨ ਮੁਲਾਕਾਤ ਹੋਈ ਮੌਕੇ ਮੌਜੂਦਾ ਹਾਲਾਤ ਤੇ ਪੰਥਕ ਮਸਲਿਆਂ ਬਾਰੇ ਅਹਿਮ ਵਿਚਾਰ-ਵਟਾਂਦਰਾ ਹੋਇਆ।

ਇਸ ਮੌਕੇ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਇਸ ਵੇਲੇ ਸੰਸਾਰ, ਦੱਖਣੀ ਏਸ਼ੀਆ ਦੇ ਖਿੱਤੇ ਅਤੇ ਭਾਰਤੀ ਉਪਮਹਾਂਦੀਪ ਦੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ ਜਿਹਨਾ ਦਾ ਪੰਜਾਬ ਤੇ ਸਿੱਖਾਂ ਉੱਤੇ ਅਸਰ ਪੈ ਰਿਹਾ ਹੈ। ਉਹਨਾ ਕਿਹਾ ਕਿ ਅੱਜ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਆਪਸੀ ਇਤਫਾਕ ਸਿਰਜਣ ਅਤੇ ਆਪਣੇ ਸਾਂਝੇ ਫੈਸਲੇ ਲੈਣ ਦਾ ਪੰਥਕ ਤਰੀਕਾਕਾਰ ਮੁੜ-ਸਥਾਪਿਤ ਕਰਨ ਦੀ ਬਹੁਤ ਜਰੂਰਤ ਹੈ।

ਉਹਨਾ ਕਿਹਾ ਕਿ ਸਾਂਝੇ ਫੈਸਲੇ ਲੈਣ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰੀ ਕਰਨ ਦੇ ਯਤਨਾਂ ਨਾਲ ਹੋ ਸਕਦੀ ਹੈ। ਉਹਨਾ ਕਿਹਾ ਕਿ ਭਾਵੇਂ ਦਿੱਲੀ ਦਰਬਾਰ ਦੇ ਨਿਜ਼ਾਮ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਮੁਕੰਮਲ ਅਜ਼ਾਦ ਕਰਨਾ ਬਹੁਤ ਮੁਸ਼ਕਿਲ ਕਾਰਜ ਲੱਗਦਾ ਹੈ ਪਰ ਇਸ ਵੇਲੇ ਚੱਲ ਰਹੇ ਪ੍ਰਬੰਧਾਂ ਦੀ ਮਾਨਤਾ ਖੁਰ ਜਾਣ ਕਾਰਨ ਇਥੇ ਪੰਥਕ ਰਿਵਾਇਤ ਦੀ ਮੁੜ-ਬਹਾਲੀ ਦੀ ਥਾਂ ਪਹਿਲਾਂ ਨਾਲੋਂ ਵਧੇਰੇ ਖੁੱਲ੍ਹ ਚੁੱਕੀ ਹੈ। ਇਸ ਵਾਸਤੇ ਪੰਥ ਸੇਵਾ ਵਿਚ ਸਰਗਰਮ ਸੁਹਿਰਦ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਆਪਸ ਵਿਚ ਸੰਵਾਦ ਕਰਕੇ ਸਾਂਝਾ ਅਮਲ ਅਖਤਿਆਰ ਕਰਨ ਦੀ ਲੋੜ ਹੈ।
ਇਸ ਮੌਕੇ ਗੁਰਦੁਆਰਾ ਝੂਲਣੇ ਮਹਿਲ ਦੇ ਮੁੱਖ ਸੇਵਾਦਾਰ ਬਾਬਾ ਹੀਰਾ ਸਿੰਘ ਨੇ ਕਿਹਾ ਉਹ ਕਿ ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਵੱਲੋਂ ਖਾਲਸਾ ਪੰਥ ਅਤੇ ਗੁਰ-ਸੰਗਤਿ ਵਿਚ ਇਕਸੁਰਤਾ ਲਿਆਉਣ ਵਾਸਤੇ ਕੀਤੇ ਜਾ ਰਹੇ ਯਤਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ।

ਬਾਬਾ ਹੀਰਾ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਵਿਚ ਪੰਚ ਪ੍ਰਧਾਨੀ ਪ੍ਰਣਾਲੀ ਅਤੇ ਗੁਰਮਤੇ ਦੀ ਬਹਾਲੀ ਇਸ ਵੇਲੇ ਸਭ ਤੋਂ ਅਹਿਮ ਅਤੇ ਪਹਿਲ ਦੇ ਅਧਾਰ ਉੱਤੇ ਕਰਨ ਵਾਲਾ ਕਾਰਜ ਹੈ ਤੇ ਇਸ ਬਾਬਤ ਹੋ ਰਹੇ ਯਤਨਾਂ ਵਿਚ ਉਹ ਹਰ ਸੰਭਵ ਸ਼ਮੂਲੀਅਤ ਕਰਨਗੇ। ਉਹਨਾ ਕਿਹਾ ਕਿ ਉਹ ਪੰਥ ਸੇਵਕ ਸ਼ਖ਼ਸੀਅਤਾਂ ਦੇ ਇਸ ਯਤਨ ਵਿਚ ਧਾਰਮਿਕ ਸ਼ਖ਼ਸੀਅਤਾਂ ਨਾਲ ਰਾਬਤੇ ਲਈ ਸੇਵਾਵਾਂ ਦੇਣ ਵਾਸਤੇ ਹਾਜ਼ਰ ਹਨ।

ਇਸ ਮੌਕੇ ਬਾਬਾ ਹੀਰਾ ਸਿੰਘ ਵੱਲੋਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਤਰਲੋਕ ਸਿੰਘ, ਭਾਈ ਸਤਨਾਮ ਸਿੰਘ ਝੰਜੀਆਂ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,