July 21, 2019 | By ਸਿੱਖ ਸਿਆਸਤ ਬਿਊਰੋ
ਬੱਬਰ ਅਕਾਲੀ ਸ਼ਹੀਦ ਭਾਈ ਰਤਨ ਸਿੰਘ ਰੱਕੜ ਜਿਸ ਵੇਲੇ ਜੰਮੇ ਤੇ ਜਿਹੜੇ ਕਾਰਜ ਉਨ੍ਹਾਂ ਗੁਰੂ ਓਟ ਲੈਕੇ ਨੇਪਰੇ ਚਾੜੇ ਉਹ ਇਸ ਦੀ ਦੱਸ ਪਾਉਂਦੇ ਹਨ ਕਿ ਮਾਹੌਲ ਤੇ ਕਾਰਜ ਕੋਈ ਵੀ ਹੋਵੇ ਜਦ ਗੁਰੂ ਦੀ ਨਦਰਿ ਵਰਤਦੀ ਹੈ ਤਾਂ ਸਿੱਖ ਇਤਿਹਾਸ ਵਿਚ ਭਾਰੀ ਕਰਿਸ਼ਮੇ ਦਰਜ ਹੁੰਦੇ ਰਹੇ ਹਨ। ੧੯੧੪-੧੫ ਵਿਚ ਜਦੋਂ ਗਦਰੀ ਬਾਬਿਆਂ ਨੇ ਗ਼ਦਰ ਕੀਤਾ ਉਸ ਵੇਲੇ ਭਾਈ ਰਤਨ ਸਿੰਘ ਰੱਕੜ ਫੌਜ ਵਿਚ ਭਰਤੀ ਸਨ। ਗਦਰ ਲਹਿਰ ਦੇ ਗਦਰ, ਜਲ੍ਹਿਆਂ ਵਾਲੇ ਬਾਗ ਦੇ ਸਾਕੇ ਫਿਰ ਨਨਕਾਣਾ ਸਾਹਿਬ, ਪੰਜਾਂ ਸਾਹਿਬ, ਤਰਨਤਾਰਨ ਸਾਹਿਬ, ਜੈਤੋ ਦੇ ਮੋਰਚੇ, ਗੁਰੂ ਕੇ ਬਾਗ ਦੇ ਮੋਰਚੇ ਵਿਚ ਗੁਰੂ ਦੀ ਸੰਗਤ ਉੱਤੇ ਹੋਏ ਜ਼ੁਲਮਾਂ ਨੇ ਭਾਈ ਰਤਨ ਸਿੰਘ ਰੱਕੜ ਦੇ ਮਨ ਵਿਚ ਧਰਮ ਦੀ ਰੱਖਿਆ ਕਰਨ ਦਾ ਅਜਿਹਾ ਗਹਿਰਾ ਅਹਿਸਾਸ ਤੇ ਸਰੋਕਾਰ ਪੈਂਦਾ ਕੀਤਾ ਕਿ ਉਹ ਗੁਰੂ ਪੰਥ ਦੇ ਗੱਲੋਂ ਗ਼ੁਲਾਮੀ ਦੀਆਂ ਬੇੜੀਆਂ ਲਾਉਣ ਲਈ ਮਰਜੀਵੜਿਆਂ ਵਿਚ ਸ਼ਾਮਲ ਹੋ ਗਏ।
੧੫ ਜੁਲਾਈ, ੧੯ ਨੂੰ “ਸ਼ਹੀਦ ਭਾਈ ਰਤਨ ਸਿੰਘ ਰੱਕੜ” ਯਾਦਗਾਰੀ ਟਰੱਸਟ (ਰੱਕੜ ਬੇਟ) ਵੱਲੋਂ ਸ਼ਹੀਦ ਭਾਈ ਰਤਨ ਸਿੰਘ ਰੱਕੜ ਦੀ ਯਾਦ ਵਿਚ ੮੭ਵਾਂ ਸ਼ਹੀਦੀ ਸਮਾਗਮ ਮੌਕੇ ਸ਼ਹੀਦ ਭਾਈ ਰਤਨ ਸਿੰਘ ਰੱਕੜ ਦੀ ਘਾਲਣਾ ਤੇ ਜੀਵਨ ਨੂੰ ਖੋਲ੍ਹਕੇ ਬਿਆਨ ਕਰਦੇ ਹੋਏ, ਸਿੱਖ ਚਿੰਤਕ ਭਾਈ ਕੰਵਲਜੀਤ ਸਿੰਘ ਨੇ ਕਿਹਾ ਕਿ, “ਜਦੋਂ ਅਸੀਂ ਭਾਈ ਰਤਨ ਸਿੰਘ ਰੱਕੜ ਦੇ ਜੀਵਨ ਨੂੰ ਪੜ੍ਹਾਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਭਾਈ ਸਾਹਿਬ ਕਿਵੇਂ ਨਾਮ ਅਭਿਆਸ ਵਿਚ ਰੰਗੇ ਹੋਏ ਸਨ, ਉਨ੍ਹਾਂ ਕਿਵੇਂ ਆਪਣੇ ਆਪ ਨੂੰ ਨਿਰਭਉ ਨਿਰਵੈਰੁ ਕਰ ਲਿਆ ਸੀ। ਉਨ੍ਹਾਂ ਵੈਰ ਕਰਕੇ ਇਕ ਵੀ ਬੰਦਾ ਨਹੀਂ ਸੀ ਮਾਰਿਆ। ਜਿਨ੍ਹੇ ਵੀ ਉਨ੍ਹਾਂ ਜੁਝਾਰੂ ਐਕਸ਼ਨ ਕੀਤੇ ਸਭ ਨਿਆਂ ਲਈ ਕੀਤੇ। ਸਿੱਖ ਸ਼ਹਾਦਤ ਦਾ ਅਗਲਾ ਪੜਾਅ ਨਿਆਂ ਨਾਲ ਜੁੜਿਆ ਹੋਇਆ ਹੈ, ਸਿੱਖ ਸ਼ਹੀਦ ਹਮੇਸ਼ਾ ਨਿਆਂ ਵਿਚ ਹੀ ਖੜ੍ਹਾ ਰਹਿੰਦਾ ਹੈ। ਉਹਦੇ ਦੁਆਰਾ ਜਿਨ੍ਹੇ ਵੀ ਐਕਸ਼ਨ ਕੀਤੇ ਜਾਂਦੇ ਹਨ ਉਹ ਸਾਰੇ ਉਸੇ ਸਿੱਖ ਆਦਰਸ਼ ਦੇ ਸਾਹਮਣੇ ਖੜ੍ਹੇ ਹੋਕੇ ਹੁੰਦੇ ਹਨ। ਜਿਨ੍ਹਾਂ ਲਈ ਗੁਰੂ ਨੇ ਉਸਨੂੰ ਸਾਜਿਆ ਹੁੰਦਾ ਹੈ। ਗੁਰੂ ਦਾ ਹਰ ਨਿਯਮ ਉਸਦੀ ਸੁਰਤਿ ਉੱਤੇ ਕੰਟ੍ਰੋਲ ਬਣਕੇ ਵਰਤਦਾ ਹੈ ਤੇ ਉਸਦੇ ਹੱਥੋ ਕੋਈ ਨਜਾਇਜ਼ ਕੰਮ ਨਹੀਂ ਹੁੰਦਾ।”
ਇਸ ਮੌਕੇ ਭਾਈ ਮਨਧੀਰ ਸਿੰਘ ਨੇ ਕਿਹਾ ਕਿ, “ਖਾਲਸਾ ਜੀ ਦੀ ਜੰਗ ਸੰਸਾਰੀ ਅਹੁਦਿਆਂ ਲਈ ਨਹੀਂ ਹੁੰਦੀ, ਸਰਬੱਤ ਦੇ ਭਲੇ ਲਈ ਹੁੰਦੀ ਹੈ। ਖਾਲਸੇ ਦੀ ਜੰਗ ਰੂਹਾਨੀ ਸੰਤੁਲਨ ਤੋਂ ਬਿਨ੍ਹਾ ਨਹੀਂ ਹੁੰਦੀ। ਖਾਲਸੇ ਨੇ ਸਰਬੱਤ ਦੇ ਭਲੇ ਲਈ ਲੋਕਾਈ ਦੇ ਨਿਆਂ ਲਈ ਜੰਗਾਂ ਲੜੀਆਂ ਹਨ। ਖਾਲਸਾ ਹਮੇਸ਼ਾ ਹਕੂਮਤ ਦੀ ਬੇ-ਨਿਆਈ ਦੇ ਵਿਰੁੱਧ ਉੱਠਦਾ ਹੈ। ਸ਼ਹੀਦ ਜਿਸ ਸੱਚ ਲਈ ਸ਼ਹਾਦਤ ਦਿੰਦਾ ਹੈ, ਉਹ ਛੋਟਾ ਸੱਚ ਨਹੀਂ ਹੁੰਦਾ। ਉਹ ਰੂਹਾਨੀ ਸੱਚ ਹੁੰਦਾ ਹੈ। ਇਹੋ ਰੂਹਾਨੀ ਸੱਚ ਮੌਤ ਨੂੰ ਸ਼ਹੀਦ ਮੂਹਰੇ ਬਹੁਤ ਛੋਟਾ ਕਰ ਦਿੰਦਾ ਹੈ”
ਇਸ ਮੌਕੇ ਗੁਰੂ ਕੇ ਕੀਰਤਨੀਆਂ ਗੁਰੂ ਜੱਸ ਸੰਗਤਾਂ ਨੂੰ ਸੁਣਾਇਆ। ਨਾਲ ਹੀ ਢਾਡੀ ਸਿੰਘਾਂ ਸ਼ਹੀਦ ਭਾਈ ਰਤਨ ਸਿੰਘ ਰੱਕੜ ਦੀ ਬਹਾਦਰੀ ਦੇ ਸੋਹਲੇ ਸੰਗਤਾਂ ਨੂੰ ਸਰਵਣ ਕਰਾਏ। ਆਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰ ਇਸ ਸਮਾਗਮ ਦੀ ਸਮਾਪਤੀ ਕੀਤੀ ਗਈ।
Related Topics: Babbar Akali Movement, Dr. Kanwaljit Singh, Lectures of Dr. Kanwaljit Singh on Scientific Worldview