August 7, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਖਾਸ ਸੰਵਿਧਾਨਕ ਰੁਤਬੇ ਨੂੰ ਤੋੜ ਕੇ ਉਸਨੂੰ ਕੇਂਦਰੀ ਪ੍ਰਬੰਧ ਵਾਲਾ ਰਾਜ ਬਣਾਉਣ ਦੀ ਕਾਰਵਾਈ ਦੀ ਸਿੱਖ ਚਿੰਤਕਾਂ ਨੇ ਸਖਤ ਨਿਖੇਧੀ ਕੀਤੀ ਹੈ। ਇਕ ਲਿਖਤੀ ਬਿਆਨ, ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ, ਵਿਚ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋੱ, ਪ੍ਰੋ. ਮਨਜੀਤ ਸਿੰਘ, ਜਰਨਲਿਸਟ ਸੁਖਦੇਵ ਸਿੰਘ, ਜਸਪਾਲ ਸਿੰਘ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਸ. ਰਾਜਿੰਦਰ ਸਿੰਘ ਖਾਲਸਾ ਅਤੇ ਦੇਸ ਪੰਜਾਬ ਦੇ ਸੰਪਾਦਕ ਸ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਇਹ ਕਾਰਵਾਈ ਹਿੰਦੂਤਵ ਦੀ ਧੌਂਸ ਜਮਾਉਣ ਲਈ ਕੀਤੀ ਗਈ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿਚ ਇਕੱਠੇ ਹੋਏ ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਇਸ ਮਹਾਂਦੀਪ ਦੀ 1947 ਵਿਚ ਕੀਤੀ ਵੰਡ ਵੀ ਹਿੰਦੂਤਵ ਅਧਾਰਤ ‘ਭਾਰਤੀ ਨੇਸ਼ਨ-ਸਟੇਟ’ ਖੜ੍ਹੀ ਕਰਨ ਦੇ ਮਨਸੂਬਿਆਂ ਕਰਕੇ ਹੀ ਹੋਈ ਸੀ। ਉਸ ਤੋਂ ਤੁਰੰਤ ਬਾਅਦ ਹਿੰਦੂਤਵੀ ਭਾਰਤੀ ਕੌਮ ਖੜ੍ਹਾ ਕਰਨ ਲਈ ਦਿੱਲੀ ਹਾਕਮਾਂ ਨੇ ਵੱਖੋ-ਵੱਖ ਕੌਮੀਅਤਾਂ ਨੂੰ ਤੋੜਨਾ-ਭੰਨਣਾ ਸ਼ੁਰੂ ਕਰ ਦਿੱਤਾ। ਇਸ ਪ੍ਰਕਿਿਰਆ ਵਿਚ ਸਿੱਖ ਕੌਮ, ਜਿਹੜੀ ਕਾਂਗਰਸੀ ਲੀਡਰਾਂ ਦੇ ਅਖੌਤੀ ਪਵਿੱਤਰ ਵਾਅਦਿਆਂ ਕਰਕੇ ਭਾਰਤੀ ਯੂਨੀਅਨ ਵਿਚ ਸ਼ਾਮਲ ਹੋਈ ਸੀ, ਉਹ ਤਾਨਾਸ਼ਾਹੀ ਕਾਰਵਾਈਆਂ ਦਾ ਪਹਿਲਾ ਨਿਸ਼ਾਨਾ ਬਣੀ, ਜਿਸ ਕਰਕੇ ਪੰਜਾਬ ਨੂੰ ਵੀ ਜੰਮੂ-ਕਸ਼ਮੀਰ ਵਾਂਗ ਸਬ-ਸਟੇਟ ਬਣਾ ਕੇ ਚੰਡੀਗੜ੍ਹ ਰਾਜਧਾਨੀ, ਹੈਡ ਵਰਕਸ ਅਤੇ ਦਰਿਆਈ ਪਾਣੀਆਂ ਤੋਂ ਵਿਰਵੇ ਕਰ ਦਿੱਤਾ ਹੈ।
ਇਸੇ ਤਰ੍ਹਾਂ ਬਹੁਗਿਣਤੀ ਮੁਸਲਮਾਨ ਭਾਈਚਾਰੇ ਵਾਲੇ ਜੰਮੂ-ਕਸ਼ਮੀਰ ਨੂੰ ਵੀ ਭਾਰਤੀ ਹਾਕਮਾਂ ਵੱਲੋਂ ਲੋਕਤੰਤਰ ਖੜ੍ਹਾ ਕਰਨ ਦੇ ਸੁਪਨੇ ਦਿਖਾਉਣ ਕਾਰਨ ਹੀ ਪਾਕਿਸਤਾਨ ਨੂੰ ਛੱਡ ਕੇ ਭਾਰਤੀ ਯੂਨੀਅਨ ਨਾਲ ਧਾਰਾ 370 ਵਰਗੇ ਸੰਵਿਧਾਨਕ ਬੰਦੋਬਸਤਾਂ ਕਰਕੇ ਹੀ ਆਪਣੀ ਹੋਣੀ ਜੋੜੀ ਸੀ।
⊕ ਇਹ ਖਾਸ ਲਿਖਤ ਜਰੂਰ ਪੜ੍ਹੋ: ਕਸ਼ਮੀਰ ਤੇ ਧਾਰਾ 370: ਕੀ, ਕਦੋਂ, ਕਿਵੇਂ ਤੇ ਕਿਉਂ?
ਜੰਮੂ-ਕਸ਼ਮੀਰ ਦੇ ਝਗੜੇ ਕਰਕੇ ਹਿੰਦੁਸਤਾਨ ਅਤੇ ਪਾਕਿਸਤਾਨ ਵਿਚ ਤਿੰਨ ਜੰਗਾਂ ਵੀ ਹੋ ਚੁੱਕੀਆਂ ਹਨ। ਇਹ ਮਸਲਾ ਯੂ. ਐਨ. ਦੀ ਸਕਿਉਰਿਟੀ ਕੌਂਸਲ ਵਿਚ ਪਹੁੰਚ ਕੇ ਅੰਤਰ-ਰਾਸ਼ਟਰੀ ਵਿਵਾਦ ਬਣ ਚੁੱਕਿਆ ਹੈ। ਇਸ ਸਭ ਕੁੱਝ ਨੂੰ ਨਜ਼ਰ-ਅੰਦਾਜ਼ ਕਰਦਿਆਂ ਮੋਦੀ ਸਰਕਾਰ ਨੇ ਧੱਕੇ ਨਾਲ ਰਾਸ਼ਟਰਪਤੀ ਅਤੇ ਪਾਰਲੀਮੈਂਟ ਦੀ ਅਖੌਤੀ ਮੋਹਰ ਲਵਾ ਕੇ ਕਸ਼ਮੀਰੀਆਂ ਤੋਂ ਉਨ੍ਹਾਂ ਦਾ ਹੋਮਲੈਂਡ ਖੋਹ ਲੈਣ ਦੀ ਤੇਜ਼ੀ ਨਾਲ ਕਾਰਵਾਈ ਕਰ ਲਈ ਹੈ।
ਇਸ ਸਾਜ਼ਿਸ਼ੀ ਪ੍ਰਕਿਿਰਆ ਨੂੰ ਪੂਰੀ ਕਰਨ ਲਈ 1984 ਵਿਚ ਸ਼ੁਰੂ ਪੰਜਾਬ ਤੇ ਸਿੱਖ ਵਿਰੋਧੀ ਪ੍ਰਕਿਿਰਆ ਦੀ ਤਰਜ਼ ‘ਤੇ ਜੰਮੂ-ਕਸ਼ਮੀਰ ਵਿਚ ਵੀ ਫੌਜੀ ਨਫਰੀ ਵਧਾ ਕੇ ਅਤੇ ਕਰਫਿਊ ਲਗਾ ਕੇ ਲੋਕਾਂ ਨੂੰ ਘਰਾਂ ਅੰਦਰ ਬੰਦ ਕਰ ਦਿੱਤਾ ਗਿਆ ਹੈ।
ਸਿੱਖ ਚਿੰਤਕਾਂ ਨੇ ਕਿਹਾ ਕਿ ਜਿਵੇਂ ਦਰਬਾਰ ਸਾਹਿਬ ਉਤੇ ਹਮਲੇ ਤੋਂ ਬਾਅਦ ਹਿੰਦੂਤਵੀ ਲੋਕਾਂ ਨੇ ਮਠਿਆਈਆਂ ਵੰਡੀਆਂ ਸਨ, ਉਸ ਤੋਂ ਵੀ ਵੱਧ ਜ਼ਸਨ ਭਾਜਪਾ ਦੇ ਵਰਕਰਾਂ ਨੇ ਮਨਾਏ ਹਨ। ਪਰ ਇਹ ਅਨੈਤਿਕ ਤੇ ਘਿਰਣਾਮਈ ਕਾਰਵਾਈ ਸਮਾਜ ਵਿਚ ਹਿੰਸਾ ਫੈਲਾਵੇਗੀ, ਜਿਹੜੀ ਦੇਸ਼ ਦੇ ਟੁੱਟਣ ਦਾ ਸਬੱਬ ਵੀ ਬਣ ਸਕਦੀ ਹੈ।
ਭਾਰਤ ਵਰਗਾ ਵਿਸ਼ਾਲ ਅਤੇ ਵੱਖ ਵੱਖ ਕੌਮੀਅਤਾਂ ਦਾ ਸਮੂਹ ਸਿਰਫ ਫੈਡਰਲ ਢਾਂਚੇ ਰਾਹੀਂ ਭੂਗੋਲਿਕ ਏਕਤਾ ਦੀ ਥਾਂ “ਮਨਾਂ ਦੀ ਏਕਤਾ” ਖੜ੍ਹੀ ਕਰ ਕੇ ਦੇਸ਼ ਇਕ ਰਹਿ ਸਕਦਾ ਹੈ। ਭਾਜਪਾ ਦਾ ਹਿੰਦੂ ਰਾਸ਼ਟਰ ਖੜ੍ਹਾ ਕਰਨ ਦਾ ਏਜੰਡਾ “ਮਨਾਂ ਦੀ ਏਕਤਾ” ਬਣਾਉਣ ਦੀ ਥਾਂ ਲੋਕਾਂ ਨੂੰ ਘੱਟਗਿਣਤੀ-ਬਹੁ ਗਿਣਤੀ ਫਿਰਕੇ ਵਿਚ ਵੰਡ ਕੇ ਦੇਸ਼ ਨੂੰ ਹਿੰਸਾਮਈ ਤੇ ਤਾਨਾਸ਼ਾਹੀ ਰਾਜ ਪ੍ਰਬੰਧ ਵੱਲ ਧੱਕ ਰਿਹਾ ਹੈ। ਜੰਮੂ-ਕਸ਼ਮੀਰ ਦਾ ਵਰਤਾਰਾ ਇਸ ਦੀ ਉਘੜਦੀ ਮਿਸਾਲ ਹੈ।
ਸਿੱਖ ਬੁਧੀਜੀਵੀਆਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਆਮ ਆਦਮੀ ਪਾਰਟੀ, ਜਿਨ੍ਹਾਂ ਨੇ 370 ਧਾਰਾ ਤੋੜਨ ਵਿਚ ਭਾਜਪਾ ਦਾ ਸਾਥ ਦਿੱਤਾ, ਦੀ ਪੁਰਜ਼ੋਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਬਾਦਲ ਅਕਾਲੀ ਦਲ ਨੇ ਪੁਰਾਣੀ ਹਿਸਟਰੀ ਨੂੰ ਕਲੰਕਤ ਕਰ ਦਿੱਤਾ, ਜਦੋਂ ਅਕਾਲੀ ਦਲ 1950 ਤੋਂ ਹੀ ਸਿੱਖਾਂ ਅਤੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਲੜਾਈ ਲੜਦਾ ਰਿਹਾ, ਜਿਸ ਕਰਕੇ ਹਜ਼ਾਰਾਂ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ।
ਉਨ੍ਹਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਕਸ਼ਮੀਰ ਵਰਤਾਰੇ ਕਰਕੇ ਦੱਖਣੀ ਏਸ਼ੀਆ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਭਾਰਤ ਅਤੇ ਪਾਕਿਸਤਾਨ ਦੇ ਆਪਸੀ ਤਨਾਓ ਨੂੰ ਵਧਾ ਕੇ ਪੰਜਾਬ ਅਤੇ ਦੇਸ਼ ਦੇ ਉੱਤਰੀ ਖਿੱਤੇ ਜੰਗੀ ਮੈਦਾਨ ਦਾ ਖੇਤਰ ਬਣ ਸਕਦੇ ਹਨ।
Related Topics: All News Related to Kashmir, Gurtej Singh (Former IAS), Indian Politics, Indo-Pak Relations, Jaspal Singh Sidhu (Senior Journalist), Khushal Singh (Kendri Sri Guru Singh Sabha), Prof. Gurdarshan Singh Dhillon, Sukhdev Singh Journalist